विशेषज्ञ सलाहकार विवरण

idea99wheat.jpeg
द्वारा प्रकाशित किया गया था PAU, Ludhiana
पंजाब
2020-11-19 14:39:34

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫ਼ਾਰਿਸ਼ ਕੀਤੇ ਢੰਗ ਨਾਲ ਝੋਨੇ ਦੇ ਪਰਾਲ ਦਾ ਵਧੀਆ ਪ੍ਰਬੰਧ ਕਰਕੇ ਬੀਜੇ ਕਣਕ ਦੇ ਖੇਤਾਂ ਵਿੱਚ ਚੂਹਿਆਂ ਨੂੰ ਲੁੱਕਣ ਦੀ ਥਾਂ ਅਤੇ ਭੋਜਨ ਮਿਲ ਜਾਂਦਾ ਹੈ, ਜਿਸ ਕਾਰਨ ਇਸ ਫਸਲ ਵਿੱੱਚ ਚੂਹਿਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਵੱੱਧ ਜਾਂਦੀ ਹੈ। ਇਹਨਾਂ ਖੇਤਾਂ ਵਿੱਚ ਚੂਹਿਆਂ ਦੀ ਸੁਚੱਜੇ ਤੌਰ ਤੇ ਰੋਕਥਾਮ ਕਰਨ ਲਈ ਹੇਠ ਲਿਖੇ ਢੰਗ ਵਰਤੋ।

ਰਿਵਾਇਤੀ ਤਰੀਕਿਆਂ ਰਾਹੀਂ

  • ਖੇਤਾਂ ਦੇ ਆਲੇ-ਦੁਆਲੇ ਪੱਕੀਆਂ, ਉੱਚੀਆਂ ਅਤੇ ਚੌੜੀਆਂ ਵੱਟਾਂ ਵਿੱਚ ਚੂਹੇ ਆਪਣੀਆਂ ਖੁੱਡਾਂ ਜਿਆਦਾ ਬਣਾਉਂਦੇ ਹਨ। ਇਸ ਲਈ ਇਨ੍ਹਾਂ ਦੀ ਉਚਾਈ ਤੇ ਚੌੜਾਈ ਘੱਟ ਰੱੱਖੋ।
  • ਖੇਤਾਂ ਵਿੱਚ ਅਤੇ ਆਲੇ-ਦੁਆਲੇ ਵੱਟਾਂ ਉੱਪਰ ਘਾਹ-ਫੂਸ ਤੇ ਨਦੀਨ ਚੂਹਿਆਂ ਨੂੰ ਲੁੱਕਣ ਅਤੇ ਭੋਜਨ ਵਿੱਚ ਮਦਦ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਸਮੇਂ-ਸਮੇਂ ਸਿਰ ਸਾਫ਼ ਕਰਦੇ ਰਹੋ।
  • ਖੇਤਾਂ ਦੇ ਨਾਲ ਲੱਗਦੀ ਖਾਲੀ ਅਤੇ ਅਨਵਾਹੀ ਜ਼ਮੀਨ, ਸੜਕਾਂ, ਨਹਿਰਾਂ, ਰੇਲਵੇ ਲਾਇਨਾਂ, ਜੰਗਲਾਤ ਆਦਿ ਵਿੱਚ ਚੂਹਿਆਂ ਦੀ ਭਰਮਾਰ ਹੁੰਦੀ ਹੈ, ਇਸ ਲਈ ਇਨ੍ਹਾਂ ਜਗ੍ਹਾਂ ਤੇ ਵੀ ਚੂਹਿਆਂ ਦੀ ਰੋਕਥਾਮ ਕਰੋ।

ਕੁਦਰਤੀ ਦੁਸ਼ਮਨਾਂ ਦੀ ਸੁਰੱਖਿਆ ਰਾਹੀਂ

  • ਉੱਲੂ, ਇੱਲਾਂ, ਸੱਪ, ਗੋਅ, ਬਿਲੀਆਂ, ਨਿਉਲੇ ਆਦਿ ਚੂਹਿਆਂ ਦੇ ਕੁਦਰਤੀ ਦੁਸ਼ਮਨ ਹਨ ਇਸ ਲਈ ਚੂਹਿਆਂ ਦੀ ਜਨਸੰਖਿਆ ਤੇ ਕਾਬੂ ਪਾਉਣ ਲਈ ਇਨ੍ਹਾਂ ਨੂੰ ਨਾ ਮਾਰੋ।

ਚੂਹੇਮਾਰ ਜਹਿਰਾਂ ਰਾਹੀਂ

  • ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ਵਿੱਚ ਵਰਤੇ ਗਏ ਦਾਣਿਆਂ ਦੇ ਸੁਆਦ ਅਤੇ ਮਹਿਕ ਉੱਪਰ ਨਿਰਭਰ ਕਰਦਾ ਹੈ। ਚੂਹਿਆਂ ਨੂੰ ਮਾਰਨ ਲਈ ਸਿਫ਼ਾਰਿਸ਼ ਕੀਤੀਆਂ ਚੂਹੇਮਾਰ ਜਹਿਰਾਂ ਦੇ ਵਧੇਰੇ ਅਸਰ ਲਈ ਹੇਠ ਦਿੱਤੇ ਢੰਗ ਨਾਲ ਹੀ ਚੋਗ ਬਣਾਉ।

2% ਜਿੰਕ ਫਾਸਫਾਈਡ ਵਾਲਾ ਚੋਗ: ਇੱਕ ਕਿਲੋ ਕਣਕ ਦਾ ਦਰੜ ਜਾਂ ਜਵਾਰ, ਬਾਜਰਾ ਆਦਿ ਦੇ ਦਾਣਿਆਂ, 20 ਗ੍ਰਾਮ ਖਾਣ ਵਾਲਾ ਰਿਫਾਇਂਡ ਤੇਲ ਤੇ 20 ਗ੍ਰਾਮ ਪੀਸੀ ਖੰਡ ਦੇ ਮਿਸ਼ਰਣ ਵਿੱਚ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਦਾ ਪਾਉਡਰ ਕਿਸੇ ਭਾਂਡੇ ਵਿੱਚ ਪਾਕੇ ਚੰਗੀ ਤਰ੍ਹਾਂ ਰਲਾਉ।

0.005% ਬਰੋਮਾਡਾਈਲੋਨ ਵਾਲਾ ਚੋਗ: ਇੱਕ ਕਿਲੋ ਕਣਕ ਦਾ ਦਰੜ ਜਾਂ ਜਵਾਰ, ਬਾਜਰਾ ਆਦਿ ਦੇ ਦਾਣਿਆਂ ਜਾਂ ਆਟੇ, 20 ਗ੍ਰਾਮ ਖਾਣ ਵਾਲਾ ਰਿਫਾਇੰਡ ਤੇਲ ਤੇ 20 ਗ੍ਰਾਮ ਪੀਸੀ ਖੰਡ ਦੇ ਮਿਸ਼ਰਣ ਵਿੱਚ 20 ਗ੍ਰਾਮ ਬਰੋਮਾਡਾਇਲੋਨ ਦਾ ਪਾਉਡਰ ਕਿਸੇ ਭਾਂਡੇ ਵਿੱਚ ਪਾਕੇ ਚੰਗੀ ਤਰ੍ਹਾਂ ਰਲਾਉ।

  • ਕਣਕ ਦੀ ਫ਼ਸਲ ਦੀ ਬਿਜਾਈ ਤੋਂ ਬਾਅਦ ਨਵੰਬਰ-ਦਸੰਬਰ ਵਿੱਚ 10-15 ਦਿਨਾਂ ਦੇ ਵਕਫ਼ੇ ਤੇ ਦੋ ਵਾਰੀ ਖੁੱਡਾਂ ਵਿੱਚ ਜ਼ਿੰਕ ਫ਼ਾਸਫ਼ਾਈਡ ਦਵਾਈ ਦਾ ਚੋਗ 10 ਗ੍ਰਾਮ ਪ੍ਰਤੀ ਖੁੱਡ ਦੇ ਹਿਸਾਬ ਨਾਲ ਕਾਗਜ਼ ਦੀ ਢਿੱਲੀ ਪੁੜੀ ਵਿੱਚ ਪਾ ਕੇ ਛੇ ਇੰਚ ਖੁੱਡ ਅੰਦਰ ਰੱਖੋ। 
  • ਵਧੇਰੇ ਅਸਰ ਲਈ ਇੱਕ ਦਿਨ ਪਹਿਲਾਂ ਸ਼ਾਮ ਨੂੰ ਸਾਰੀਆਂ ਖੁੱਡਾਂ ਦੇ ਮੂੰਹ ਬੰਦ ਕਰ ਦਿਉ ਅਤੇ ਅਗਲੇ ਦਿਨ ਤਾਜੀਆਂ ਖੁਲ੍ਹੀਆਂ ਖੁੱਡਾਂ ਵਿੱਚ ਜ਼ਹਿਰੀਲਾ ਚੋਗ ਰੱਖੋ।
  • ਇਸ ਤੋਂ ਬਾਅਦ ਅੱਧ ਫ਼ਰਵਰੀ ਤੋਂ ਸ਼ੁਰੂ ਮਾਰਚ ਦੌਰਾਨ ਖੜੀ ਫ਼ਸਲ ਵਿੱਚ ਦੁਧੀਆ ਦਾਣੇ ਪੈਣ ਵੇਲੇ ਜ਼ਿੰਕ ਫ਼ਾਸਫ਼ਾਈਡ ਜਾਂ ਬਰੋਮਾਡਾਈਲੋਨ ਦਾਚੋਗ 400 ਗ੍ਰਾਮ ਪ੍ਰਤੀ ਏਕੜ 40 ਥਾਵਾਂ ਤੇ 10-10 ਗ੍ਰਾਮ ਹਰ ਇਕ ਥਾਂ ਉੱਤੇ ਕਾਗਜ਼ ਦੇ ਟੁਕੜਿਆਂ ਉੱਪਰ ਵੱਟਾਂ ਅਤੇ ਚੂਹਿਆਂ ਦੇ ਆਉਣ ਜਾਣ ਵਾਲੇ ਰਸਤਿਆਂ ਉੱਪਰ ਰੱਖੋ।
  • ਖੇਤ ਵਿੱਚ ਜ਼ਹਿਰੀਲਾ ਚੋਗ ਰੱਖਣ ਤੋਂ 2-3 ਦਿਨਾਂ ਬਾਅਦ ਬਚਿਆ ਹੋਇਆ ਜ਼ਹਿਰੀਲਾ ਚੋਗ ਅਤੇ ਮਰੇ ਹੋਏ ਚੁਹੇ ਇੱਕਠੇ ਕਰਕੇ ਜ਼ਮੀਨ ਵਿੱਚ ਦਬਾ ਦਿਉ।
  • ਖੇਤਾਂ ਵਿੱਚ ਚੂਹੇਮਾਰ ਜਹਿਰਾਂ ਦੇ ਚੋਗੇ ਦੀ ਵਰਤੋਂ ਇੱਕ ਏਕੜ ਵਿੱਚ 10 ਤੋਂ ਵੱਧ ਖੁੱਡਾਂ ਹੋਣ ਤੇ ਕਰੋ।
  • ਕਣਕ ਦੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਲਈ, ਜ਼ਹਿਰੀਲੇ ਚੋਗ ਵਿੱਚ ਵਰਤੇ ਗਏ ਵੱਖ- ਵੱਖ ਪਦਾਰਥਾਂ ਦੀ ਕੀਮਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਵੰਬਰ-ਦਸੰਬਰ ਵਿੱਚ ਦੋ ਵਾਰੀ ਖੁੱਡਾਂ ਵਿੱਚ ਅਤੇ ਫ਼ਰਵਰੀ-ਮਾਰਚ ਦੌਰਾਨ ਇੱਕ ਵਾਰੀ ਖੜੀ ਫ਼ਸਲ ਵਿੱਚ ਜ਼ਹਿਰੀਲਾ ਚੋਗ ਰੱਖਣ ਦਾ ਕੁੱਲ ਖਰਚਾ ਪ੍ਰਤੀ ਏਕੜ 40-50 ਰੁਪਏ ਆਉਂਦਾ ਹੈ।