ਹੁਣ ਮੌਸਮ ਖੁੱਲ੍ਹਾ ਗਿਆ ਹੈ। ਹਰ ਪਾਸੇ ਖਿੜੇ ਫੁੱਲ ਤੇ ਰੁੱਖਾਂ ਦਾ ਨਵਾਂ ਫ਼ੁਟਾਰਾ ਅਦੁੱਤੀ ਨਜ਼ਾਰਾ ਪੇਸ਼ ਕਰਦਾ ਹੈ। ਜੇ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੋਰ ਦੇਰ ਕੀਤੇ ਬਿਨਾਂ ਹੁਣ ਕਰ ਲੈਣੀ ਚਾਹੀਦੀ ਹੈ। ਗੰਨੇ ਦੀ ਬਿਜਾਈ ਵੀ ਇਸੇ ਮਹੀਨੇ ਪੂਰੀ ਕਰ ਲਉ। ਗਰਮੀ ਰੁੱਤ ਦੀ ਮੂੰਗੀ ਤੇ ਮਾਂਹ ਦੀ ਬਿਜਾਈ ਇਸ ਮਹੀਨੇ ਦੇ ਅਖ਼ੀਰ ਵਿੱਚ ਕੀਤੀ ਜਾ ਸਕਦੀ ਹੈ।
ਲੋਭੀਆ ਦੀਆਂ ਫ਼ਲੀਆਂ ਵੀ ਸਬਜ਼ੀ ਲਈ ਵਰਤੀਆਂ ਜਾਂਦੀਆਂ ਹਨ। ਕਾਉਪੀਜ਼ 263 ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਕਿਸਮ ਤੋਂ ਇੱਕ ਏਕੜ ’ਚੋਂ ਕੋਈ 35 ਕੁਇੰਟਲ ਹਰੀਆਂ ਫ਼ਲੀਆਂ ਮਿਲ ਜਾਂਦੀਆਂ ਹਨ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਇੱਕ ਏਕੜ ਲਈ 10 ਕਿਲੋ ਬੀਜ ਦੀ ਵਰਤੋਂ ਕਰੋ।
ਭਿੰਡੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਇਸ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ। ਪੰਜਾਬ-8, ਪੰਜਾਬ-7, ਪੰਜਾਬ ਸੁਹਾਵਨੀ ਅਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਬਿਜਾਈ ਕਰਦੇ ਸਮੇ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਇੱਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ। ਬਿਜਾਈ ਸਮੇਂ 40 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਇਤਨਾ ਹੀ ਯੂਰੀਆ ਪਹਿਲੀ ਤੁੜਾਈ ਪਿੱਛੋਂ ਪਾਉਣ ਦੀ ਲੋੜ ਪੈਂਦੀ ਹੈ। ਲਗਪਗ ਦੋ ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਵਧੀਆ ਫਸਲ ਕੋਈ 50 ਕੁਇੰਟਲ ਭਿੰਡੀ ਪ੍ਰਤੀ ਏਕੜ ਦੇ ਦਿੰਦੀ ਹੈ।
ਸਾਰੀਆਂ ਸਬਜੀਆਂ ਲਈ ਰੂੜੀ ਦੀ ਖਾਦ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ ਘੱਟੋ ਘੱਟ 10 ਟਨ ਰੂੜੀ ਪ੍ਰਤੀ ਏਕੜ ਜ਼ਰੂਰ ਪਾਈ ਜਾਵੇ। ਮਸ਼ੀਨੀ ਖੇਤੀ ਹੋਣ ਨਾਲ ਡੰਗਰਾਂ ਦੀ ਗਿਣਤੀ ਘਟ ਗਈ ਹੈ। ਇਸ ਨਾਲ ਰੂੜੀ ਲੋੜ ਅਨੁਸਾਰ ਮਿਲਣੀ ਔਖੀ ਹੋ ਗਈ ਹੈ, ਜੇ ਹੋ ਸਕੇ ਤਾਂ ਕੁਝ ਦੁਧਾਰੂ ਪਸ਼ੂ ਜ਼ਰੂਰ ਰੱਖੋ। ਇਸ ਨਾਲ ਆਮਦਨ ਵਿੱਚ ਵਾਧਾ ਹੋਵੇਗਾ। ਗੋਹੇ ਦੀ ਵਰਤੋਂ ਗੋਬਰ ਗੈਸ ਬਣਾਉਣ ਲਈ ਕੀਤੀ ਜਾ ਸਕਦੀ ਹੈ ਤੇ ਪਿੱਛੋਂ ਇਹ ਵਧੀਆ ਖਾਦ ਬਣ ਜਾਂਦੀ ਹੈ।
ਜੇ ਅਜੇ ਤਕ ਗੰਨੇ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਪੂਰੀ ਕਰ ਲਓ। ਜਿਵੇਂ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਸੀ ਓ 118, ਸੀ ਓ ਜੇ 85, ਸੀ ਓ ਜੇ 64 ਅਤੇ ਸੀ ਓ ਪੀ ਬੀ 92 ਅਗੇਤੀਆਂ ਕਿਸਮਾਂ ਹਨ, ਜਦੋਂ ਕਿ ਸੀ ਓ 238, ਸੀ ਓ ਪੀ ਬੀ 91, ਸੀ ਓ ਪੀ ਬੀ 93, ਸੀ ਓ ਪੀ ਬੀ 94 ਅਤੇ ਸੀ ਓ ਜੇ 88 ਮੁੱਖ ਮੌਸਮ ਦੀਆਂ ਕਿਸਮਾਂ ਹਨ। ਜੇ ਵੱਧ ਰਕਬੇ ਵਿੱਚ ਬਿਜਾਈ ਕਰਨੀ ਹੈ ਤਾਂ ਕੁਝ ਰਕਬੇ ਵਿੱਚ ਅਗੇਤੀਆਂ ਕਿਸਮਾਂ ਦੀ ਕਾਸ਼ਤ ਕਰੋ। ਪਿਛਲੀ ਵਾਰ ਦਾਲਾਂ ਬਾਰੇ ਦੱਸਿਆ ਸੀ। ਮਾਂਹ ਅਤੇ ਮੂੰਗੀ ਦੀ ਬਿਜਾਈ ਗੰਨੇ ਵਿੱਚ ਵੀ ਕੀਤੀ ਜਾ ਸਕਦੀ ਹੈ।
ਕਣਕ ਦੀ ਵਾਢੀ ਲਈ ਹੁਣ ਕੰਬਾਈਨਾਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ ਜਿਸ ਨਾਲ ਨਾੜ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਜੇ ਹੋ ਸਕੇ ਤਾਂ ਵਾਢੀ ਹੱਥੀਂ ਕਰਵਾਈ ਜਾਵੇ, ਥਰੈਸ਼ਰ ਨਾਲ ਗਹਾਈ ਕੀਤਿਆਂ ਤੂੜੀ ਕੱਢੀ ਜਾ ਸਕਦੀ ਹੈ ਜਿਸ ਨੂੰ ਵੇਚ ਕੇ ਵਾਢੀ ਦਾ ਖਰਚਾ ਕੱਢਿਆ ਜਾ ਸਕਦਾ ਹੈ। ਕਦੇ ਕਣਕ ਦੀ ਵਾਢੀ ਅਤੇ ਗਹਾਈ ਬਹੁਤ ਔਖਾ ਕੰਮ ਹੁੰਦਾ ਸੀ, ਪਰ ਥਰੈਸ਼ਰ ਬਣਨ ਨਾਲ ਗਹਾਈ ਵਰਗਾ ਔਖਾ ਕੰਮ ਸੌਖਾ ਹੋ ਗਿਆ ਹੈ। ਹੁਣ ਕਣਕ ਦੀ ਸਾਰੀ ਗਹਾਈ ਥਰੈਸ਼ਰ ਨਾਲ ਕੀਤੀ ਜਾਂਦੀ ਹੈ। ਜਿੱਥੇ ਥਰੈਸ਼ਰ ਨੇ ਗਹਾਈ ਦਾ ਕੰਮ ਸੌਖਾ ਕੀਤਾ, ਉੱਥੇ ਥੋਹੜੀ ਲਾਪਰਵਾਹੀ ਨਾਲ ਹਾਦਸੇ ਵੀ ਹੋ ਜਾਂਦੇ ਹਨ। ਕਾਮਿਆਂ ਦੇ ਹੱਥ ਤੇ ਬਾਹਵਾਂ ਵੱਢੀਆਂ ਜਾਂਦੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਥਰੈਸ਼ਰ ਉਤੇ ਕੰਮ ਕਰਨ ਸਮੇਂ ਕੁਝ ਸਾਵਧਾਨੀਆਂ ਰੱਖਣ ਦੀ ਹਦਾਇਤ ਕੀਤੀ ਹੈ, ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਹ ਹਦਾਇਤਾਂ ਇਸ ਪ੍ਰਕਾਰ ਹਨ:
1. ਥਰੈਸ਼ਰਾਂ ’ਤੇ ਕੰਮ ਕਰਦੇ ਸਮੇਂ ਖੁੱਲ੍ਹੇ ਕਪੜੇ ਅਤੇ ਘੜੀ ਨਾ ਪਾਉ।
2. ਨਸ਼ਾ ਕਰਕੇ ਕਦੇ ਵੀ ਥਰੈਸ਼ਰ ’ਤੇ ਕੰਮ ਨਾ ਕਰੋ।
3. ਪਰਨਾਲੇ ਦੀ ਘੱਟੋ ਘੱਟ ਲੰਬਾਈ 90 ਸੈਂਟੀਮੀਟਰ ਹੋਣੀ ਜ਼ਰੂਰੀ ਹੈ ਤੇ ਇਹ ਅੱਗਿਉਂ 45 ਸੈਂਟੀਮੀਟਰ ਤਕ ਢੱਕਿਆ ਹੋਵੇ। ਇਸ ਦੀ ਢਾਲ ਅੱਗਿਉਂ ਪੰਜ ਡਿਗਰੀ ਕੋਣ ਦੀ ਹੋਵੇ।
4. ਇਕ ਕਾਮੇ ਨੂੰ ਥਰੈਸ਼ਰ ’ਤੇ 10 ਘੰਟੇ ਤੋਂ ਵੱਧ ਕੰਮ ਨਹੀ ਕਰਨਾ ਚਾਹੀਦਾ।
5. ਥਰੈਸ਼ਰ ’ਤੇ ਕੰਮ ਕਰਦਿਆਂ ਗੱਲਾਂ ਨਾ ਕੀਤੀਆਂ ਜਾਣ।
6. ਘੁੰਡੀਆਂ ਥਰੈਸ਼ਰ ਵਿੱਚ ਨਾ ਪਾਈਆਂ ਜਾਣ। ਗਿੱਲੀ ਫ਼ਸਲ ਵੀ ਨਹੀਂ ਪਾਉਣੀ ਚਾਹੀਦੀ। ਰੁਗ ਲਾਉਣ ਲੱਗਿਆਂ ਸਾਵਧਾਨ ਰਿਹਾ ਜਾਵੇ।
7. ਜੇ ਟਰੈਕਟਰ ਨਾਲ ਥਰੈਸ਼ਰ ਚਲਾਇਆ ਜਾ ਰਿਹਾ ਹੈ ਤਾਂ ਧੂੰਏਂ ਵਾਲੇ ਪਾਈਪ ਦਾ ਮੂੰਹ ਉੱਪਰ ਨੂੰ ਰੱਖੋ।
8. ਬਿਜਲੀ ਦੀ ਮੋਟਰ ਵਾਲਾ ਸਵਿੱਚ ਨੇੜੇ ਰੱਖੋ ਤਾਂ ਜੋ ਹਾਦਸੇ ਸਮੇਂ ਮੋਟਰ ਬੰਦ ਕੀਤੀ ਜਾ ਸਕੇ।
9. ਪਟੇ ਦੇ ਉੱਪਰੋਂ ਜਾਂ ਨੇੜਿਉਂ ਨਾਂ ਲੰਘੋ।
10. ਮੱਲ੍ਹਮ ਪੱਟੀ ਦਾ ਸਮਾਨ ਕੋਲ ਰੱਖੋ।
ਜੇ ਵਾਢੀ ਕੰਬਾਈਨ ਨਾਲ ਹੀ ਕਰਨੀ ਹੈ ਤਾਂ ਨਾੜ ਨੂੰ ਇਕੱਠਾ ਕਰਕੇ ਤੂੜੀ ਬਣਾਈ ਜਾਵੇ। ਨਾੜ ਨੂੰ ਖੇਤ ਵਿੱਚ ਅੱਗ ਨਾ ਲਾਈ ਜਾਵੇ। ਅੱਗ ਨਾਲ ਕੇਵਲ ਵਾਤਾਵਰਣ ਹੀ ਪ੍ਰਦੂਸ਼ਿਤ ਨਹੀ ਹੁੰਦਾ ਸਗੋਂ ਧਰਤੀ ਦੀ ਸਿਹਤ ਵੀ ਖਰਾਬ ਹੁੰਦੀ ਹੈ। ਕਣਕ ਨੂੰ ਸਮੇਂ ਸਿਰ ਕੱਟ ਲੈਣਾ ਚਾਹੀਦਾ ਹੈ। ਦੇਰੀ ਨਾਮ ਮੌਸਮ ਦੀ ਖਰਾਬੀ ਹੋ ਸਕਦੀ ਹੈ, ਸਿੱਟੇ ਵੀ ਝੜ ਸਕਦੇ ਹਨ। ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪੰਜ ਦਿਨ ਪਹਿਲਾਂ ਕੱਟਿਆ ਜਾ ਸਕਦਾ ਹੈ। ਜੇ ਕੰਬਾਈਨ ਦੀ ਵਰਤੋਂ ਕਰਨੀ ਹੈ ਤਾਂ ਆਖਰੀ ਪਾਣੀ ਦੇ ਕੇ ਖੇਤ ਦੀਆਂ ਵੱਟਾਂ ਢਾਹ ਦੇਣੀਆਂ ਚਾਹੀਦੀਆਂ ਹਨ। ਮੰਡੀ ਵਿੱਚ ਕਣਕ ਨੂੰ ਸਾਫ਼ ਕਰ ਕੇ ਲਿਜਾਇਆ ਜਾਵੇ। ਵੱਖ ਵੱਖ ਕਿਸਮਾਂ ਦੇ ਦਾਣਿਆਂ ਨੂੰ ਆਪਸ ਵਿੱਚ ਰਲਣ ਨਾ ਦਿੱਤਾ ਜਾਵੇ। ਜਿਹੜੀ ਕਣਕ ਦਾ ਭੰਡਾਰ ਕਰਨਾ ਹੈ, ਉਸ ਨੂੰ ਸੁਕਾ ਕੇ ਭੰਡਾਰ ਕੀਤਾ ਜਾਵੇ।
ਸੰਪਰਕ: 94170-87328
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store