अद्यतन विवरण

6223-dudh.jpg
द्वारा प्रकाशित किया गया था ਡਾ. ਰਮਨਦੀਪ ਸਿੰਘ ਬਰਾੜ* *ਵੈਟਰਨਰੀ ਅਫ਼ਸਰ, ਖੁੰਨਣ ਖੁਰਦ, ਸ੍ਰੀ ਮੁਕਤਸਰ ਸਾਹਿਬ।
2018-06-14 06:08:57

ਦੁਧਾਰੂ ਪਸ਼ੂਆਂ ਵਿੱਚ ਤਾਂਬੇ ਦੀ ਘਾਟ

ਦੁਧਾਰੂ ਪਸ਼ੂਆਂ ਦੇ ਵਿਕਾਸ ਅਤੇ ਪ੍ਰਜਨਣ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੰਤੁਲਿਤ ਪਸ਼ੂ ਆਹਾਰ ਦੀ ਲੋੜ ਹੁੰਦੀ ਹੈ। ਸੰਤੁਲਿਤ ਖ਼ੁਰਾਕ ਵਿੱਚ ਖਣਿਜ ਪਦਾਰਥਾਂ ਦਾ ਅਹਿਮ ਯੋਗਦਾਨ ਹੈ। ਖਣਿਜ ਪਦਾਰਥਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ: ਵੱਡੇ ਖਣਿਜ ਜਿਵੇਂ ਕੈਲਸ਼ੀਅਮ, ਫਾਸਫੋਰਸ ਅਤੇ ਲਘੂ ਖਣਿਜ ਜਿਵੇਂ ਤਾਂਬਾ, ਜ਼ਿੰਕ ਆਦਿ। ਲਘੂ ਖਣਿਜਾਂ ਦੀ ਜ਼ਰੂਰਤ ਬਹੁਤ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ, ਪਰ ਇਹ ਪ੍ਰਜਨਣ ਸ਼ਕਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਜਾਨਵਰਾਂ ਵਿੱਚ ਸਭ ਤੋਂ ਵਧੇਰੇ ਘਾਟ ਤਾਂਬੇ ਦੀ ਹੀ ਆਉਂਦੀ ਹੈ ਅਤੇ ਇਸ ਦਾ ਜਾਨਵਰਾਂ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਤਾਂਬੇ ਦੀ ਕਮੀ ਦੇ ਦੋ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਵਿੱਚੋਂ ਪਹਿਲਾ ਪਸ਼ੂ ਖ਼ੁਰਾਕ ਵਿੱਚ ਤਾਂਬੇ ਦੀ ਘਾਟ ਅਤੇ ਦੂਜਾ ਪਸ਼ੂ ਖ਼ੁਰਾਕ ਵਿੱਚ ਗੰਧਕ, ਲੋਹਾ ਅਤੇ ਮੌਲੀਬਡੈਨਮ ਨਾਮਕ ਤੱਤਾਂ ਦੀ ਬਹੁਤਾਤ ਦਾ ਹੋਣਾ। ਇਹ ਤੱਤ ਪਸ਼ੂ ਦੇ ਮਿਹਦੇ ਦੀ ਖ਼ੁਰਾਕ ਵਿੱਚੋਂ ਤਾਂਬਾ ਸੋਖਣ ਦੀ ਸ਼ਕਤੀ ਘਟਾ ਦਿੰਦੇ ਹਨ। ਸਿੱਟੇ ਵਜੋਂ ਪਸ਼ੂ ਵਿੱਚ ਤਾਂਬੇ ਦੀ ਘਾਟ ਹੋ ਜਾਂਦੀ ਹੈ। ਤਾਂਬੇ ਦੀ ਘਾਟ ਦੇ ਲੱਛਣਾਂ ਵਿੱਚ ਛੋਟੇ ਪਸ਼ੂਆਂ ਦਾ ਬਹੁਤ ਘੱਟ ਵਿਕਾਸ ਤੇ ਦਸਤ ਆਦਿ ਅਤੇ ਵੱਡੇ ਪਸ਼ੂਆਂ ਵਿੱਚ ਚਮੜੀ ਦਾ ਬਦਰੰਗ ਹੋਣਾ ਅਰਥਾਤ ਸਫੈਦ ਥੱਬੇ ਬਣ ਜਾਂਦੇ ਹਨ। ਆਮ ਤੌਰ ’ਤੇ ਚਮੜੀ ਸਭ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਤੋਂ ਬਦਰੰਗ ਹੋ ਕੇ ਸਫੈਦ ਹੋ ਜਾਂਦੀ ਹੈ। ਦੇਖਣ ’ਤੇ ਇੰਜ ਲਗਦਾ ਹੈ ਜਿਵੇਂ ਪਸ਼ੂ ਦੇ ਅੱਖਾਂ ਉਪਰ ਸਫੈਦ ਐਨਕ ਲੱਗੀ ਹੋਵੇ। ਇਸ ਕਰਕੇ ਇਸ ਬਿਮਾਰੀ ਨੂੰ ਸਪੈਕਟੇਕਲ ਆਈ ਵੀ ਕਹਿੰਦੇ ਹਨ। ਤਾਂਬੇ ਦੀ ਘਾਟ ਹੋਣ ਨਾਲ ਜਾਨਵਰਾਂ ਦੀ ਜਵਾਨ ਹੋਣ ਦੀ ਉਮਰ ਵਧ ਜਾਂਦੀ ਹੈ। ਇਸ ਕਰਕੇ ਪਸ਼ੂ ਦੇਰੀ ਨਾਲ ਹੇਹੇ ਵਿੱਚ ਆਉਂਦੇ ਹਨ ਅਤੇ ਦੋ ਬੱਚਿਆਂ ਵਿੱਚ ਅੰਤਰਾਲ ਵਧ ਜਾਂਦਾ ਹੈ ਅਤੇ ਵਾਰ ਵਾਰ ਫਿਰਨਾ, ਗੂੰਗਾ ਹੇਹਾ ਆਦਿ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਤਾਂਬੇ ਦੀ ਘਾਟ ਦਾ ਪੱਕਾ ਪਤਾ ਖ਼ੂਨ ਦੀ ਜਾਂਚ ਕਰਵਾ ਕੇ ਲਾਇਆ ਜਾ ਸਕਦਾ ਹੈ।

ਪਸ਼ੂ ਪਾਲਣ ਦੇ ਧੰਦੇ ਦੀ ਸਫ਼ਲਤਾ ਵਿੱਚ ਸੰਤੁਲਿਤ ਖ਼ੁਰਾਕ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਪਸ਼ੂਆਂ ਦੁਆਰਾ ਅਨੁਵੰਸ਼ਿਕ ਗੁਣਾਂ ਅਨੁਸਾਰ ਪੂਰਨ ਸਮਰੱਥਾ ਮੁਤਾਬਕ ਦੁੱਧ ਵੀ ਸਿਰਫ਼ ਸੰਤੁਲਿਤ ਖ਼ੁਰਾਕ ਮਿਲਣ ’ਤੇ ਹੀ ਦਿੱਤਾ ਜਾ ਸਕਦਾ ਹੈ। ਆਮ ਤੌਰ ’ਤੇ ਲਘੂ ਖਣਿਜਾਂ ਦੀ ਪੂਰਤੀ ਜਾਨਵਰ ਹਰੇ ਪੱਠਿਆਂ ਤੋਂ ਕਰਦੇ ਹਨ। ਉਂਜ ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਮਿੱਟੀ ਵਿੱਚ ਤਾਂਬਾ, ਜ਼ਿੰਕ, ਸਲਫ਼ਰ, ਫਾਸਫੋਰਸ ਆਦਿ ਦੀ ਘਾਟ ਹੈ, ਜਿਸ ਕਰਕੇ ਉਸ ਮਿੱਟੀ ਵਿੱਚ ਉੱਗਣ ਵਾਲੇ ਹਰੇ ਪੱਠਿਆਂ ਵਿੱਚ ਵੀ ਉਪਰੋਕਤ ਲਘੂ ਖਣਿਜਾਂ ਦੀ ਕਮੀ ਹੋ ਜਾਂਦੀ ਹੈ। ਸਾਡੇ ਦੇਸ਼ ਦੇ ਛੋਟੇ ਪਸ਼ੂ ਪਾਲਕਾਂ ਵੱਲੋਂ ਪਸ਼ੂਆਂ ਨੂੰ ਧਾਤਾਂ ਦਾ ਚੂਰਾ ਉਦੋਂ ਤੱਕ ਨਹੀਂ ਦਿੱਤਾ ਜਾਂਦਾ, ਜਦੋਂ ਤੱਕ ਕਿਸੇ ਬਿਮਾਰੀ ਦੀ ਹਾਲਤ ਵਿੱਚ ਵੈਟਰਨਰੀ ਡਾਕਟਰ ਵੱਲੋਂ ਸਿਫ਼ਾਰਸ਼ ਨਾ ਕੀਤਾ ਜਾਵੇ। ਇਹ ਵੀ ਲਘੂ ਖਣਿਜਾਂ ਦੀ ਘਾਟ ਦਾ ਇੱਕ ਕਾਰਨ ਹੈ। ਉਪਲਬਧ ਪਸ਼ੂ ਖ਼ੁਰਾਕ ਵਿੱਚੋਂ ਵੀ ਪਸ਼ੂ ਪਾਲਕਾਂ ਵੱਲੋਂ ਸਭ ਤੋਂ ਪਹਿਲਾਂ ਦੁਧਾਰੂ ਜਾਨਵਰਾਂ ਨੂੰ ਖ਼ੁਰਾਕ ਦਿੱਤੀ ਜਾਂਦੀ ਹੈ। ਫਿਰ ਗੱਭਣ, ਦੁੱਧੋਂ ਸੁੱਕੇ ਪਸ਼ੂ ਅਤੇ ਅੰਤ ਵਿੱਚ ਫੰਡਰ ਪਸ਼ੂ ਅਤੇ ਛੋਟੇ ਬੱਚਿਆਂ ਦੀ ਵਾਰੀ ਆਉਂਦੀ ਹੈ। ਅਜਿਹੀ ਹਾਲਤ ਵਿੱਚ ਛੋਟੇ ਬੱਚੇ ਖਣਿਜ ਪਦਾਰਥਾਂ ਦੀ ਘਾਟ ਦਾ ਸ਼ਿਕਾਰ ਹੋ ਜਾਂਦੇ ਹਨ। ਦੇਸ਼ਾਂ ਦੇ ਛੋਟੇ ਪਸ਼ੂ ਪਾਲਕਾਂ ਨੂੰ ਧਾਤਾਂ ਦੇ ਚੂਰੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ।

ਦੁਧਾਰੂ ਪਸ਼ੂਆਂ ਵਿੱਚ ਤਾਂਬੇ ਦੀ ਘਾਟ ਖ਼ੁਰਾਕ ਅਤੇ ਟੀਕਿਆਂ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ, ਪਰ ਖ਼ੁਰਾਕ ਰਾਹੀਂ ਘਾਟ ਦੀ ਪੂਰਤੀ ਕਰਨਾ ਜ਼ਿਆਦਾ ਵਧੀਆ ਤਰੀਕਾ ਹੈ। ਬਾਜ਼ਾਰ ਵਿੱਚ ਮਿਲਣ ਵਾਲੇ ਵੱਖ-ਵੱਖ ਕੰਪਨੀਆਂ ਦੇ ਧਾਤਾਂ ਦੇ ਚੂਰੇ, ਜਿਸ ਵਿੱਚ ਸਾਰੇ ਖਣਿਜ ਪਦਾਰਥ ਮੌਜੂਦ ਹੋਣ ਪਸ਼ੂ ਖ਼ੁਰਾਕ ਵਿੱਚ ਮਿਲਾਏ ਜਾ ਸਕਦੇ ਹਨ। ਇੱਕ ਹੋਰ ਤਰੀਕੇ ਰਾਹੀਂ ਪਸ਼ੂਆਂ ਨੂੰ ਤਾਂਬੇ ਦੇ ਅੰਸ਼ ਵਾਲੀਆਂ ਗੋਲੀਆਂ ਵੀ ਖਵਾਈਆਂ ਜਾ ਸਕਦੀਆਂ ਹਨ। ਇਨ੍ਹਾਂ ਗੋਲੀਆਂ ਵਿੱਚ ਤਾਂਬੇ ਦੇ ਨਾਲ ਕਈ ਹੋਰ ਖਣਿਜ ਪਦਾਰਥ ਵੀ ਜ਼ਰੂਰੀ ਮਾਤਰਾ ਵਿੱਚ ਪਾਏ ਗਏ ਹੁੰਦੇ ਹਨ। ਜਦੋਂ ਵੀ ਸਾਡੇ ਵੱਗ ਦੇ ਕਿਸੇ ਇੱਕ ਜਾਂ ਵਧੇਰੇ ਪਸ਼ੂਆਂ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਵੈਟਰਨਰੀ ਡਾਕਟਰ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਵਧੇਰੇ ਨੁਕਸਾਨ ਤੋਂ ਬਚ ਸਕੀਏ।