ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਬਾਸਮਤੀ ਦੀ ਲਵਾਈ ਚੱਲ ਰਹੀ ਹੈ। ਕਿਸਾਨ ਖੇਤ ਨੂੰ ਕੱਦੂ ਕਰਨ ਲਈ ਪਾਣੀ ਨਾਲ ਭਰਦੇ ਹਨ ਅਤੇ ਉਸ ਤੋਂ ਬਾਅਦ ਝੋਨੇ ਅਤੇ ਬਾਸਮਤੀ ਦੀ ਲਵਾਈ ਕੀਤੀ ਜਾਂਦੀ ਹੈ। ਜਦੋਂ ਅਸੀਂ ਝੋਨੇ/ਬਾਸਮਤੀ ਦੀ ਪਨੀਰੀ ਲਗਾਉਣ ਲਈ ਪੁੱਟਦੇ ਹਾਂ ਤਾਂ ਇਸ ਨੂੰ ਸਦਮਾ ਲਗਦਾ ਹੈ। ਪਨੀਰੀ ਨੂੰ ਸੈੱਟ ਹੋਣ ਨੂੰ ਤਕਰੀਬਨ 10-15 ਦਿਨਾਂ ਦਾ ਸਮਾਂ ਲਗਦਾ ਹੈ। ਇਸ ਲਈ 15 ਦਿਨ ਜ਼ਿਮੀਦਾਰ ਨੂੰ ਖੇਤ ਵਿੱਚ ਪਾਣੀ ਭਰਨਾ ਪੈਂਦਾ ਹੈ ਤਾਂ ਕਿ ਪਨੀਰੀ ਸੈੱਟ ਹੋ ਸਕੇ ਅਤੇ ਪੁੱਟਣ ਵੇਲੇ ਲੱਗੇ ਸਦਮੇ ਤੋਂ ਉੱਭਰ ਸਕੇ। ਤਕਰੀਬਨ 15 ਦਿਨਾਂ ਬਾਅਦ ਬੂਟਿਆਂ ਦੀ ਜੜ੍ਹ ਲੱਗ ਜਾਂਦੀ ਹੈ। ਕਈ ਵਾਰ ਕਿਸਾਨ ਪਨੀਰੀ ਲੱਗਣ ਤੋਂ 15 ਦਿਨ ਬਾਅਦ ਵੀ ਖੇਤ ਨੂੰ ਨੱਕੋ-ਨੱਕ ਭਰ ਕੇ ਰੱਖਦੇ ਹਨ ਜਿਸ ਦੀ ਕਿ ਕੋਈ ਲੋੜ ਨਹੀਂ ਹੁੰਦੀ। ਧਰਤੀ ਵਿੱਚ ਪਾਣੀ ਜੀਰਨ ਤੋਂ 2 ਦਿਨ ਬਾਅਦ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਬੂਟੇ ਦੀਆਂ ਜੜ੍ਹਾਂ ਨੂੰ ਹਵਾ ਵੀ ਲਗਦੀ ਰਹਿੰਦੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਵੱਧ ਤਾਪਮਾਨ ਅਤੇ ਖੇਤ ਵਿੱਚ ਖੜ੍ਹਾ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਝੋਨੇ ਦੀ ਫ਼ਸਲ ਨੂੰ ਕਈ ਉੱਲੀ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੀਥ ਬਲਾਈਟ, ਪੱਤਿਆਂ ਦਾ ਗਾਲਾ ਰੋਗ, ਤਣੇ ਦਾ ਗਾਲਾ ਰੋਗ ਆਦਿ ਲੱਗਣ ਦਾ ਡਰ ਰਹਿੰਦਾ ਹੈ। ਕਈ ਵਾਰੀ ਖੇਤਾਂ ਵਿੱਚ ਯੂਰੀਆ ਵੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਦੂਜੇ ਬੰਨੇ ਪਾਣੀ ਵੀ ਖੁੱਲ੍ਹਾ ਲਗਾ ਦਿੱਤਾ ਜਾਂਦਾ ਹੈ। ਵੱਧ ਖਾਦ ਅਤੇ ਵੱਧ ਪਾਣੀ ਬਿਮਾਰੀ ਦੀ ਜੜ੍ਹ ਹੈ। ਖਾਦ ਅਤੇ ਪਾਣੀ ਲੋੜ ਅਨੁਸਾਰ ਹੀ ਪਾਉਣਾ ਚਾਹੀਦਾ ਹੈ ਤਾਂ ਕਿ ਬਿਮਾਰੀ ਨਾ ਲੱਗੇ। ਪੰਜਾਬ ਵਿੱਚ ਜ਼ਮੀਨ ਹੇਠਲਾ ਪਾਣੀ 3.5 ਫੁੱਟ ਦੇ ਹਿਸਾਬ ਨਾਲ ਹਰ ਸਾਲ ਹੇਠਾਂ ਜਾ ਰਿਹਾ ਹੈ ਅਤੇ 138 ਬਲਾਕਾਂ ਨੂੰ ‘ਡਾਰਕ ਜ਼ੋਨ’ ਘੋਸ਼ਿਤ ਕਰ ਦਿੱਤਾ ਗਿਆ ਹੈ। ਪਾਣੀ ਇੱਕ ਵੱਡਮੁੱਲੀ ਚੀਜ਼ ਹੈ। ਇਸ ਨੂੰ ਸੰਜਮ ਨਾਲ ਵਰਤਣ ਦੀ ਲੋੜ ਹੈ।
ਕਈ ਕਿਸਾਨਾਂ ਨੂੰ ਨਦੀਨਾਂ ਦੀ ਸਮੱਸਿਆ ਵੀ ਆ ਰਹੀ ਹੈ। ਕਈ ਵਾਰ ਕਿਸਾਨ ਨਦੀਨਨਾਸ਼ਕ ਦੀ ਸਪਰੇਅ ਕਰਨ ਤੋਂ ਖੁੰਝ ਜਾਂਦੇ ਹਨ। ਝੋਨੇ ਦੀ ਲਵਾਈ ਤੋਂ 25 ਦਿਨਾਂ ਦੇ ਅੰਦਰ ਅੰਦਰ ਨੋਮਨੀ ਗੋਲਡ/ਮਾਚੋ/ਤਾਰਕ (ਬਿਸਪਾੲਰੀਬੈਕ 10%) ਨਾਂ ਦੀ ਦਵਾਈ 100 ਮਿਲੀਲੀਟਰ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਦਵਾਈ ਲਗਾਉਣ ਤੋਂ ਇੱਕ ਦਿਨ ਪਹਿਲਾਂ ਖੇਤ ਵਿੱਚੋਂ ਪਾਣੀ ਕੱਢ ਦੇਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜੇ ਪਾਣੀ ਖੇਤ ਵਿੱਚ ਖੜ੍ਹਾ ਹੋਇਆ ਤਾਂ ਨਦੀਨ ਪਾਣੀ ਵਿੱਚ ਡੁੱਬੇ ਹੋਣਗੇ ਅਤੇ ਦਵਾਈ ਅਸਰ ਨਹੀਂ ਕਰੇਗੀ। ਦਵਾਈ ਛਿੜਕਣ ਤੋਂ 24 ਘੰਟੇ ਤੱਕ ਖੇਤ ਨੂੰ ਸੁੱਕਾ ਰੱਖਣਾ ਹੈ। ਲਗਾਤਾਰ ਪਾਣੀ ਖੜ੍ਹਾ ਰਹਿਣ ਨਾਲ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਵੀ ਬਣਦੀਆਂ ਹਨ। ਪਾਣੀ ਸੁਕਾਉਣ ਨਾਲ ਬੂਟਿਆਂ ਦੀ ਜੜ੍ਹਾਂ ਨੂੰ ਆਕਸੀਜਨ ਸਹੀ ਮਾਤਰਾ ਵਿੱਚ ਮਿਲਦੀ ਹੈ।
ਮੁੱਖ ਤੌਰ ’ਤੇ 3 ਖਾਦਾਂ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਪਾਈਆਂ ਜਾਂਦੀਆਂ ਹਨ। ਯੂਰੀਆ ਨਾਈਟ੍ਰੋਜਨ ਵਾਸਤੇ, ਡਾਇ
ਆ ਫਾਸਫੋਰਸ ਵਾਸਤੇ ਅਤੇ ਐਮਓਪੀ ਪੋਟਾਸ਼ ਵਾਸਤੇ ਪਾਉਂਦੇ ਹਾਂ। ਆਮ ਤੌਰ ’ਤੇ ਜ਼ਿਮੀਦਾਰ ਕਣਕ ਨੂੰ ਵੀ ਡਾਇਆ ਪਾ ਦਿੰਦੇ ਹਨ ਅਤੇ ਝੋਨੇ ਨੂੰ ਵੀ। ਜੇ ਅਸੀਂ ਕਣਕ ਨੂੰ 50 ਕਿੱਲੋ ਡਾਇਆ ਪਾਇਆ ਹੋਵੇ ਤਾਂ ਉਸ ਵਿੱਚੋਂ ਕਣਕ ਦੀ ਫ਼ਸਲ ਲਈ ਕੇਵਲ 10 ਕਿੱਲੋ ਹੀ ਵਰਤੋਂ ਵਿੱਚ ਆਉਂਦਾ ਹੈ ਅਤੇ ਬਾਕੀ ਦਾ 40 ਕਿੱਲੋ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ ਜੋ ਕਿ ਝੋਨਾ ਲੈ ਸਕਦਾ ਹੈ ਅਤੇ ਇਸ ਦਾ ਝਾੜ ’ਤੇ ਕੋਈ ਅਸਰ ਨਹੀਂ ਹੁੰਦਾ। ਜੇ ਫੇਰ ਵੀ ਕਿਸਾਨ ਵੀਰ ਡਾਇਆ ਪਾ ਦਿੰਦੇ ਹਨ ਤਾਂ ਇਸ ਵਿਚਲਾ ਫਾਸਫੇਟ ਛੋਟੇ ਤੱਤਾਂ ਜਿਵੇਂ ਕਿ ਜ਼ਿੰਕ ਅਤੇ ਲੋਹੇ ਨੂੰ ਬੰਨ੍ਹ ਦਿੰਦਾ ਹੈ ਅਤੇ ਫ਼ਸਲ ਵਿੱਚ ਇਨ੍ਹਾਂ ਛੋਟੇ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਲਈ ਸਾਰੀਆਂ ਖਾਦਾਂ ਫ਼ਸਲਾਂ ਨੂੰ ਮਿੱਟੀ ਪਰਖ ਤੋਂ ਬਾਅਦ ਲੋੜ ਮੁਤਾਬਕ ਹੀ ਪਾਉਣੀਆਂ ਚਾਹੀਦੀਆਂ ਹਨ।
ਕਈ ਵਾਰ ਕਿਆਰੇ ਵਿੱਚ ਪਾਣੀ ਨੱਕੋ-ਨੱਕ ਭਰਿਆ ਹੁੰਦਾ ਹੈ ਅਤੇ ਕਿਸਾਨ ਯੂਰੀਆ ਦਾ ਛੱਟਾ ਦੇ ਦਿੰਦੇ ਹਨ। ਇਸ ਨਾਲ ਨਾਈਟ੍ਰੋਜਨ ਨਾਈਟ੍ਰੇਟ ਬਣ ਕੇ ਜ਼ਮੀਨ ਦੇ ਅੰਦਰ ਚਲੀ ਜਾਂਦੀ ਹੈ। ਇਸ ਦਾ ਝੋਨੇ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਜ਼ਮੀਨ ਵਿੱਚਲਾ ਪਾਣੀ ਵੀ ਜ਼ਹਿਰੀਲਾ ਹੋ ਜਾਂਦਾ ਹੈ। ਇਸ ਕਰਕੇ ਜਦੋਂ ਵੀ ਕਿਸਾਨ ਯੂਰੀਆ ਦਾ ਛੱਟਾ ਦੇਣ ਤਾਂ ਕਿਆਰੇ ਵਿੱਚ ਪਾਣੀ ਖੜ੍ਹਾ ਨਾ ਹੋਵੇ। ਖੇਤ ਸਿਰਫ਼ ਗਿੱਲਾ ਹੋਣਾ ਚਾਹੀਦਾ ਹੈ ਭਾਵ ਕਿ ਨਮੀਂ ਹੋਣੀ ਚਾਹੀਦੀ ਹੈ ਤਾਂ ਕਿ ਸੁੱਕੇ ਵਾਹਣ ਵਿੱਚ ਨਾ ਨਦੀਨ ਉੱਗਣ ਤੇ ਖਾਦ ਦਾ ਅਸਰ ਹੋਣ ਵਾਸਤੇ ਲੋੜੀਂਦੀ ਸਿੱਲ ਵੀ ਰਹੇ।
ਪੰਜਾਬ ਦੇ ਕਈ ਜਗ੍ਹਾ ’ਤੇ ਮਿੱਟੀ ਵਿੱਚ ਪੋਟਾਸ਼ ਦੀ ਘਾਟ ਨਹੀਂ ਹੈ। ਪੋਟਾਸ਼ ਦੀ ਮੁੱਖ ਜ਼ਰੂਰਤ ਆਲੂ ਦੀ ਫ਼ਸਲ ਨੂੰ ਹੁੰਦੀ ਹੈ। ਝੋਨੇ ਦੀ ਫ਼ਸਲ ਨੂੰ ਪੋਟਾਸ਼ ਤਾਂ ਹੀ ਪਾਉਣੀ ਚਾਹੀਦੀ ਹੈ ਜੇ ਮਿੱਟੀ ਵਿੱਚ ਇਸ ਦੀ ਘਾਟ ਹੋਵੇ। ਤੱਤਾਂ ਦੀ ਵਰਤੋਂ ਸੰਜਮ ਨਾਲ ਅਤੇ ਲੋੜ ਮੁਤਾਬਕ ਕਰਨੀ ਚਾਹੀਦੀ ਹੈ ਤਾਂ ਕਿ ਫ਼ਸਲ ਨੂੰ ਸਹੀ ਮਾਤਰਾ ਵਿੱਚ ਖਾਦਾਂ ਮਿਲ ਸਕਣ।
ਜੇ ਫ਼ਸਲ ਵਿੱਚ ਜ਼ਿੰਕ ਦੀ ਘਾਟ ਨਾਲ ਪੱਤੇ ਜੰਗਾਲੇ ਜਾਂਦੇ ਹਨ ਤਾਂ 0.5 ਕਿਲੋ ਜ਼ਿੰਕ ਸਲਫੇਟ (21%) ਕੱਟ ਵਾਲੀ ਨੋਜ਼ਲ ਨਾਲ ਹਫ਼ਤੇ-ਹਫ਼ਤੇ ਬਾਅਦ 3 ਵਾਰ ਸਪਰੇਅ ਕਰਨਾ ਚਾਹੀਦਾ ਹੈ। ਜੇ ਫ਼ਸਲ ਵਿੱਚ ਲੋਹੇ ਦੀ ਘਾਟ ਹੋਵੇ ਭਾਵ ਪੱਤਿਆਂ ਦੀਆਂ ਨੋਕਾਂ ਸੁੱਕੀਆਂ ਹੋਣ ਤਾਂ 1 ਕਿਲੋ ਫੈਰਸ ਸਲਫੇਟ (19-20%) ਕੱਟ ਵਾਲੀ ਨੋਜ਼ਲ ਨਾਲ ਹਫਤੇ-ਹਫਤੇ ਬਾਅਦ 3 ਵਾਰ ਸਪਰੇਅ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਕਿਸਾਨ ਸਪਰੇਅ ਕਰਨ ਲਈ 500 ਲਿਟਰ ਦੀ ਕਪੈਸਟੀ ਵਾਲਾ ਚਾਰਲੀ ਪੰਪ ਵਰਤਦੇ ਹਨ ਜਿਸ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਇਸ ਨਾਲ 70-80% ਦਵਾਈ ਹਵਾ ਰਾਹੀਂ ਉੱਡ ਦੇ ਦੂਰ ਹੀ ਚਲੀ ਜਾਂਦੀ ਹੈ ਅਤੇ ਫ਼ਸਲ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਕਿਸਾਨਾਂ ਨੂੰ 25 ਲਿਟਰ ਵਾਲੇ ਬੈਟਰੀ ਸਪਰੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਨੋਜ਼ਲ ਪਹਿਲਾਂ ਤੋਂ ਹੀ ਲੱੱਗੀ ਹੁੰਦੀ ਹੈ ਅਤੇ ਲਾਂਸ ਦਾ ਮੂੰਹ ਥੱਲੇ ਵੱਲ ਮੁੜਿਆ ਹੁੰਦਾ ਹੈ। ਇਸ ਨਾਲ ਦਵਾਈ ਬਿਲਕੁੱਲ ਮੁੱਢ ’ਤੇ ਪੈਂਦੀ ਹੈ। ਕੀੜੇਮਾਰ ਦਵਾਈ ਦੀ ਸਪਰੇਅ ਕਰਨ ਲਈ ਪਾਣੀ ਦੀ ਸਹੀ ਮਾਤਰਾ 100 ਲਿਟਰ ਹੈ। ਜੇ ਖ਼ੁਰਾਕੀ ਤੱਤਾਂ ਦੀ ਸਪਰੇਅ ਕਰਨੀ ਹੈ ਤਾਂ ਇਸ ਲਈ 150 ਲੀਟਰ ਪਾਣੀ ਦੀ ਜ਼ਰੂਰਤ ਹੈ ਅਤੇ ਉੱਲੀ ਨਾਸ਼ਕ ਦੀ ਸਪਰੇਅ ਕਰਨ ਲਈ 200 ਲੀਟਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਪਰੇਅ ਲਈ ਸਹੀ ਸਮਾਂ ਸ਼ਾਮ ਦਾ ਹੈ ਕਿਉਂਕਿ ਦੁਪਹਿਰ ਨੂੰ ਦਵਾਈ ਉੱਡ ਕੇ ਮੂੰਹ ਵੱਲ ਆਉਂਦੀ ਹੈ ਅਤੇ ਸਪਰੇਅ ਕਰਨ ਵਾਲੇ ਨੂੰ ਚੜ੍ਹ ਵੀ ਸਕਦੀ ਹੈ। ਸਪਰੇਅ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਪਰੇਅ ਕਰਨ ਵਾਲੇ ਕਾਮੇ ਦੇ ਕੋਈ ਜ਼ਖਮ ਨਾ ਹੋਵੇ ਕਿਉਂਕਿ ਦਵਾਈ ਜ਼ਖਮ ਦੇ ਅੰਦਰ ਜਾ ਸਕਦੀ ਹੈ ਜਿਸ ਨਾਲ ਇਨਫੈਕਸ਼ਨ ਹੋ ਸਕਦੀ ਹੈ। ਦਵਾਈ ਦੀ ਸਪਰੇਅ ਕਰਨ ਵਾਲੇ ਕਾਮੇ ਦੇ ਹੱਥਾਂ ਵਿੱਚ ਪਲਾਸਟਿਕ ਦੇ ਦਸਤਾਨੇ ਪਾਏ ਹੋਣ ਚਾਹੀਦੇ ਹਨ ਅਤੇ ਮੂੰਹ ਵੀ ਢੱਕਿਆ ਹੋਣਾ ਚਾਹੀਦਾ ਹੈ ਤਾਂ ਕਿ ਦਵਾਈ ਸਾਹ ਰਾਹੀਂ ਅੰਦਰ ਨਾ ਜਾਵੇ। ਫ਼ਸਲ ’ਤੇ ਛਿੜਕਾਅ ਕਰਨ ਤੋਂ ਬਾਅਦ ਹੱਥ-ਮੂੰਹ ਸਾਬਣ ਨਾਲ ਧੋ ਕੇ, ਸਾਫ਼ ਕਰਕੇ, ਨਿੰਬੂ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਮਾੜੀ ਮੋਟੀ ਦਵਾਈ ਜੇ ਸਾਹ ਰਾਹੀਂ ਅੰਦਰ ਗਈ ਹੈ ਤਾਂ ਉਸ ਦਾ ਅਸਰ ਖ਼ਤਮ ਹੋ ਸਕੇ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store