अद्यतन विवरण

8999-par.jpg
द्वारा प्रकाशित किया गया था ਬਲਦੇਵ ਸਿੰਘ ਢਿੱਲੋਂ* *ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
2018-10-15 10:25:43

ਝੋਨੇ ਦੀ ਪਰਾਲੀ: ਮਸਲੇ ਤੇ ਹੱਲ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਣੇ ਅਨੇਕਾਂ ਖੋਜ ਸੰਸਥਾਵਾਂ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਖੋਜਾਂ ਕਰ ਰਹੀਆਂ ਹਨ। ਪੀਏਯੂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਢੰਗ ਲੱਭੇ ਹਨ ਜਿਨ੍ਹਾਂ ਵਿੱਚ ਪਰਾਲੀ ਦੀ ਬਾਇਓਗੈਸ ਅਤੇ ਬਾਇਓਚਾਰ ਵਜੋਂ ਵਰਤੋਂ, ਮਲਚਿੰਗ, ਖੁੰਬਾਂ ਦੀ ਕਾਸ਼ਤ ਵਿੱਚ ਇਸ ਦੀ ਵਰਤੋਂ ਆਦਿ ਹਨ। ਪੀਏਯੂ ਨੇ ਖੇਤਾਂ ਵਿੱਚ ਹੀ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਵੀ ਵਿਕਸਿਤ ਕੀਤੀ ਹੈ। ਮਾਈਕ੍ਰੋਬਜ਼ ਨਾਲ ਇਸ ਨੂੰ ਗਾਲਣ ਲਈ ਵੀ ਖੋਜ ਕਾਰਜ ਚੱਲ ਰਹੇ ਹਨ।

ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ, ਭਾਰਤੀ ਖੇਤੀ ਖੋਜ ਪ੍ਰੀਸ਼ਦ (931R) ਅਤੇ ਹੋਰ ਕਈ ਖੋਜ ਸੰਸਥਾਵਾਂ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਝੋਨੇ ਦੀ ਪਰਾਲੀ ਦੀ ਸੰਭਾਲ ਦੀ ਨੀਤੀ ਬਣਾਈ ਹੈ। ਇਸ ਸਬੰਧੀ ਪਰਾਲੀ ਦੀ ਖੇਤਾਂ ਵਿੱਚ ਹੀ ਸੰਭਾਲ ਲਈ ਮਸ਼ੀਨਰੀ ਤੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਅਤੇ ਹੋਰ ਉਦਯੋਗਾਂ ਦੀ ਲੋੜ ਅਨੁਸਾਰ ਪਰਾਲੀ ਇਕੱਠੀ ਕਰਨ ਦੀ ਨੀਤੀ ਉਲੀਕੀ ਗਈ ਹੈ। ਪੀਏਯੂ ਵੱਲੋਂ ਛੇ ਸਤੰਬਰ 2018 ਨੂੰ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਵੱਖ ਵੱਖ ਮਾਹਿਰਾਂ ਨੇ ਰਾਇ ਦਿੱਤੀ ਕਿ ਅਗਲੀ ਫ਼ਸਲ ਲਈ ਜ਼ਮੀਨ ਤਿਆਰ ਕਰਨ ਲਈ 2 ਕਰੋੜ ਟਨ ਝੋਨੇ ਦੀ ਪਰਾਲੀ ਨੂੰ ਲਗਭਗ 3 ਹਫ਼ਤਿਆਂ ਦੇ ਥੋੜ੍ਹੇ ਸਮੇਂ ਵਿੱਚ ਸੰਭਾਲਣਾ ਸੰਭਵ ਨਹੀਂ। ਮਾਹਿਰਾਂ ਨੇ ਕਿਹਾ ਕਿ ਬਾਇਓ ਸੀਐਨਜੀ ਵਰਗੇ ਪੱਖਾਂ ’ਤੇ ਵੀ ਖੋਜ ਕਾਰਜ ਜਾਰੀ ਰੱਖਣ ਦੀ ਲੋੜ ਹੈ।

ਖੇਤ ਵਿੱਚ ਹੀ ਇਸ ਨੂੰ ਸੰਭਾਲਣ ਬਾਰੇ ਹੁਣ ਕੁਝ ਨਿਰਆਧਾਰ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ। ਪਿਛਲੇ ਦਿਨਾਂ ਵਿੱਚ ਛਪੀ ਇੱਕ ਖ਼ਬਰ ਵਿੱਚ ਕਿਹਾ ਗਿਆ ਕਿ ਜ਼ਮੀਨ ਵਿੱਚ ਪਰਾਲੀ ਵਾਹੁਣ ਨਾਲ ਭੂਮੀ ਦੀ ਸਿਹਤ ਵਿੱਚ ਨਿਘਾਰ ਆ ਸਕਦਾ ਹੈ ਜੋ ਝਾੜ ਅਤੇ ਖੇਤੀ ਨਿਰੰਤਰਤਾ ਉੱਤੇ ਪ੍ਰਭਾਵ ਪਾ ਸਕਦਾ ਹੈ। ਖੇਤ ਵਿੱਚ ਹੀ ਝੋਨੇ ਦੀ ਪਰਾਲੀ ਨੂੰ ਸੰਭਾਲਣ ਵਾਲੀਆਂ ਤਕਨੀਕਾਂ ਵਾਤਾਵਰਨ ਪੱਖੀ ਹਨ ਅਤੇ ਮੌਜੂਦਾ ਸਮੇਂ ਘੱਟ ਖ਼ਰਚੇ ਵਾਲੀਆਂ ਹੋਣ ਕਰਕੇ ਢੁੱਕਵੀਆਂ ਵੀ ਹਨ।

ਸਾਡੇ ਸੰਘਣੇ ਖੇਤੀ ਚੱਕਰ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਸੰਭਾਲਣਾ ਹੀ ਫ਼ਾਇਦੇਮੰਦ ਹੈ।

ਇਨ੍ਹਾਂ ਖ਼ਬਰਾਂ ਵਿੱਚ ਖੇਤਾਂ ਵਿੱਚ ਪਰਾਲੀ ਦੀ ਸੰਭਾਲ ਨਾਲ ਜ਼ਿਆਦਾ ਮੀਥੇਨ ਗੈਸ ਬਣਨ ਨੂੰ ਇੱਕ ਮਾੜੇ ਪੱਖ ਵਜੋਂ ਵੀ ਲਿਖਿਆ ਗਿਆ ਹੈ ਪਰ ਪੀਏਯੂ ਦੇ ਤਜਰਬਿਆਂ ਨੇ ਸਿੱਧ ਕੀਤਾ ਹੈ ਕਿ ਜਿੱਥੇ ਪਰਾਲੀ ਖੇਤ ਵਿੱਚ ਹੀ ਸੰਭਾਲੀ ਗਈ, ਉਥੇ ਕਣਕ ਦੇ ਖੇਤਾਂ ਵਿੱਚੋਂ ਮੀਥੇਨ ਗੈਸ ਦੀ ਨਿਕਾਸੀ ਵਿੱਚ ਕੋਈ ਵਾਧਾ ਨਹੀਂ ਹੋਇਆ।

ਪੀਏਯੂ ਆਪਣੀ ਭੂਮਿਕਾ ਸਿਰਫ਼ ਤਕਨੀਕਾਂ ਵਿਕਸਿਤ ਕਰਨ ਤੱਕ ਹੀ ਸੀਮਤ ਨਹੀਂ ਰੱਖਦੀ। ਸਾਲ 2018 ਦੇ ਹਾੜ੍ਹੀ ਸੀਜ਼ਨ ਦੌਰਾਨ ਪੀਏਯੂ ਨੇ ਪੂਰੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਲਗਭਗ 800 ਖੇਤ ਪ੍ਰਦਰਸ਼ਨੀਆਂ ਲਗਾਈਆਂ ਤੇ ਕਰੀਬ 12,000 ਕਿਸਾਨਾਂ ਨੂੰ ਇਨ੍ਹਾਂ ਦਾ ਦੌਰਾ ਕਰਵਾਇਆ। ਇਸ ਤੋਂ ਇਲਾਵਾ 41 ਪਿੰਡਾਂ ਦੇ ਜ਼ਿਆਦਾਤਰ ਕਿਸਾਨਾਂ ਨੂੰ ਨਾ ਫੂਕਣ ਲਈ ਪ੍ਰੇਰਿਆ। ਪੀਏਯੂ ਵੱਲੋਂ ਪਿਛਲੇ ਪੰਜ ਸਾਲ ਦੌਰਾਨ ਖੇਤਾਂ ਵਿੱਚ ਹੀ ਝੋਨੇ ਦੀ ਪਰਾਲੀ ਨੂੰ ਸੰਭਾਲਣ ਵਾਲੇ 44 ਉੱਦਮੀ ਕਿਸਾਨਾਂ ਬਾਰੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਯੂਨੀਵਰਸਿਟੀ ਵੱਲੋਂ ਕਿਸਾਨ ਜਾਗਰੂਕਤਾ ਲਈ ਕਿਸਾਨ ਮੇਲੇ ਲਗਾਏ ਗਏ। ਪਰਾਲੀ ਸੰਭਾਲਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਆਡੀਓ ਅਤੇ ਵੀਡੀਓ ਵੀ ਬਣਾਈਆਂ ਗਈਆਂ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਖੇਤਰ ਦੀ ਵਾਤਾਵਰਨ ਸੁਰੱਖਿਆ ਨੂੰ ਮੱਦੇਨਜ਼ਰ ਰਖਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਖੋਜ ਸੰਸਥਾਵਾਂ ਨੇ ਲੰਬੇ ਵਿਚਾਰ-ਵਟਾਂਦਰੇ ਉਪਰੰਤ ਪਰਾਲੀ ਦੀ ਸੰਭਾਲ ਵਾਲਾ ਪ੍ਰੋਗਰਾਮ ਉਲੀਕਿਆ ਹੈ। ਇਸ ਲਈ ਸਰਕਾਰ ਵੱਲੋਂ ਚੋਖੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ। ਇਹ ਸੋਚੀ-ਸਮਝੀ, ਵਿਗਿਆਨ ਆਧਾਰਤ ਅਤੇ ਕਿਸਾਨ ਪੱਖੀ ਤਰਕੀਬ ਹੈ ਜਿਸ ਨੂੰ ਇਸ ਨਾਜ਼ੁਕ ਮੋੜ ਉੱਤੇ ਉਤਸ਼ਾਹਿਤ ਕਰਨ ਦੀ ਲੋੜ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਦੀ ਚੁਣੌਤੀ ਨੂੰ ਨਜਿੱਠਣ ਲਈ ਪੀਏਯੂ ਨੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਜਿਵੇਂ ਕਿ ਪੀਆਰ 121, ਪੀਆਰ 126 ਅਤੇ ਪੀਬੀ 1509, ਵੀ ਕਿਸਾਨਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਦਾ ਪਹਿਲੀਆਂ ਕਿਸਮਾਂ ਦੇ ਮੁਕਾਬਲਤਨ ਘੱਟ ਪਰਾਲ ਨਿਕਲਦਾ ਹੈ। ਇਨ੍ਹਾਂ ਕਿਸਮਾਂ ਅਧੀਨ ਸੂਬੇ ਭਰ ਵਿੱਚ ਝੋਨੇ ਦੀ ਕਾਸ਼ਤ ਅਧੀਨ ਰਕਬੇ ਦਾ ਲਗਭਗ 50 ਫ਼ੀਸਦੀ ਰਕਬਾ ਹੈ।

ਫਸਲਾਂ ਦੀ ਰਹਿੰਦ-ਖੂੰਹਦ ਤੋਂ ਬਾਇਓ ਸੀ.ਐਨ.ਜੀ. ਬਣਾਉਣਾ ਵੀ ਕੋਈ ਨਵਾਂ ਨੁਕਤਾ ਨਹੀਂ ਹੈ। ਪੀਏਯੂ ਨੇ ਝੋਨੇ ਦੀ ਪਰਾਲੀ ਵਾਲਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ। ਇਸ ਤੋਂ ਬਣੀ ਬਾਇਓਗੈਸ ਵਿੱਚ 60 ਫ਼ੀਸਦੀ ਮੀਥੇਨ ਹੁੰਦੀ ਹੈ। 90 ਫ਼ੀਸਦੀ ਤੋਂ ਵੱਧ ਮੀਥੇਨ ਹੋਵੇ ਤਾਂ ਬਾਇਓਗੈਸ, ਬਾਇਓ ਸੀਐਨਜੀ ਬਣ ਜਾਂਦੀ ਹੈ। ਬਾਇਓ ਸੀਐਨਜੀ ਪਰਾਲੀ ਸੰਭਾਲਣ ਲਈ ਇੱਕ ਸਮਰੱਥ ਤਕਨੀਕ ਤਾਂ ਹੋ ਸਕਦੀ ਹੈ ਪਰ ਇਸ ਸਮੇਂ ਬੇਲਿੰਗ, ਢੋਆ-ਢੋਆਈ, ਪ੍ਰੀਟ੍ਰਰੀਟਮੈਂਟ ਨਾਲ ਸਬੰਧਿਤ ਬੁਨਿਆਦੀ ਢਾਂਚਾ ਅਤੇ ਬਾਇਓ ਸੀਐਨਜੀ ਤਿਆਰ ਕਰਨ ਲਈ ਬਾਇਓਗੈਸ ਨੂੰ ਸ਼ੁੱਧ ਕਰਨ, ਸਿਲੰਡਰ ਭਰਨ ਅਤੇ ਵੰਡਣ ਦੇ ਯੂਨਿਟ ਨਹੀਂ ਹਨ। ਇਸ ਤੋਂ ਇਲਾਵਾ ਅਜਿਹੇ ਹੋਰ ਖੋਜ ਕਾਰਜਾਂ ਦੀ ਅਜੇ ਲੋੜ ਹੈ ਜੋ ਫੀਡ ਸਮੱਗਰੀ ਦੇ ਅਨੁਪਾਤ, ਪਰੀਟ੍ਰੀਟਮੈਂਟ, ਆਕਾਰ ਘਟਾਉਣ ਅਤੇ ਬਾਇਓ ਸੀਐਨਜੀ ਦੇ ਉਤਪਾਦਨ ਲਈ ਸੀ-ਐਨ ਅਨੁਪਾਤ ਨਿਸ਼ਚਿਤ ਕਰਨ ਨਾਲ ਸਬੰਧਿਤ ਹਨ।

ਜੇ ਅਸੀਂ ਹੋਰ ਜੈਵਿਕ ਬਾਲਣਾਂ ਦੀ ਹੀ ਗੱਲ ਕਰੀਏ ਤਾਂ ਬਾਇਓ ਸੀਐਨਜੀ ਬਾਇਓ ਹਾਈਡ੍ਰੋਜਨ, ਬਾਇਓ-ਮੀਥਾਨੋਲ, ਡਾਈ-ਮੀਥਾਈਲ ਈਥਰ ਆਦਿ ਕਈ ਵਿਕਲਪ ਹਨ। ਪੰਜਾਬ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਬਾਇਓ ਸੀਐਨਜੀ ਤਿਆਰ ਕਰਨ ਦੇ ਪਲਾਂਟ ਲਗਾ ਰਹੀ ਹੈ ਜਦੋਂਕਿ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬਾਇਓਈਥਾਨੋਲ ਦੇ ਪਲਾਂਟ ਲਾ ਰਹੀ ਹੈ। ਇਹ ਸਾਰੀਆਂ ਸੰਭਾਵਨਾਵਾਂ ਤੇ ਕੰਮ ਹੋ ਰਿਹਾ ਹੈ ਅਤੇ ਮੌਜੂਦਾ ਸਮੇਂ ਜੈਵਿਕ ਬਾਲਣਾਂ ਵਿੱਚੋਂ ਸਿਰਫ਼ ਬਾਇਓ ਸੀਐਨਜੀ ਨੂੰ ਹੀ ਇੱਕਲੀ ਸੰਭਾਵਨਾ ਵਜੋਂ ਨਹੀਂ ਦੇਖਿਆ ਜਾ ਸਕਦਾ।

ਪਰਾਲੀ ਦੀ ਸੰਭਾਲ ਲਈ ਮੁਹਿੰਮ ਆਪਣੇ ਫ਼ੈਸਲਾਕੁੰਨ ਦੌਰ ਵਿੱਚ ਹੈ। ਇਸ ਲਈ ਸਾਰੀਆਂ ਧਿਰਾਂ ਅਤੇ ਯਤਨਾਂ ਦਾ ਧਿਆਨ ਸਾਰਥਿਕ ਸਹਿਮਤੀ ਅਤੇ ਹਾਂ-ਮੁਖੀ ਕਾਰਜਾਂ ਵੱਲ ਹੋਣਾ ਚਾਹੀਦਾ ਹੈ।