अद्यतन विवरण

6664-bb.jpg
द्वारा प्रकाशित किया गया था *ਐਨੀਮਲ ਜੈਨੀਟਿਕਸ ਤੇ ਬਰੀਡਿੰਗ ਵਿਭਾਗ ਗਡਵਾਸੂ, ਲੁਧਿਆਣਾ। ਸੰਪਰਕ: 97790-51144
2018-06-14 06:03:42

ਗਰਮੀਆਂ ’ਚ ਮੁਰਗੀਆਂ ਦੀ ਸੰਭਾਲ ਸਬੰਧੀ ਨੁਕਤੇ

ਸਫ਼ਲ ਮੁਰਗੀਪਾਲਣ ਦਾ ਮੁੱਖ ਆਧਾਰ ਸਿਹਤਮੰਦ ਪੰਛੀ ਹੈ। ਮੁਰਗੀਆਂ ਜ਼ਿਆਦਾਤਰ ਗਰਮੀ ਤੋਂ ਪ੍ਰੇਸ਼ਾਨ ਹੋ ਜਾਂਦੀਆਂ ਹਨ। ਜਿਵੇਂ-ਜਿਵੇਂ ਗਰਮੀ ਵਧਦੀ ਹੈ, ਨਾ ਸਿਰਫ਼ ਅੰਡਾ ਉਤਪਾਦਨ ਵਿੱਚ ਘਾਟ, ਬਲਕਿ ਮੁਰਗੀਆਂ ਦੀ ਮੌਤ ਦਰ ਵਿੱਚ ਵੀ ਵਾਧਾ ਹੋ ਜਾਂਦਾ ਹੈ। ਮੁੱਖ ਕਾਰਨ ਗਰਮੀਆਂ ਵਿੱਚ ਮੁਰਗੀਆਂ ਘੱਟ ਖ਼ੁਰਾਕ ਖਾਂਦੀਆਂ ਹਨ। ਉੱਤਰੀ ਭਾਰਤ ਵਿੱਚ ਗਰਮੀ ਦੇ ਮਹੀਨੇ ਅਪਰੈਲ ਤੋਂ ਅਗਸਤ ਤੱਕ ਹੁੰਦੇ ਹਨ। ਇਸ ਦੌਰਾਨ ਮੁਰਗੀਪਾਲਣ ਦਾ ਧੰਦਾ ਪ੍ਰਭਾਵਿਤ ਹੁੰਦਾ ਹੈ। ਗਰਮੀਆਂ ਵਿੱਚ ਮੁਰਗੀਆਂ ਇਸ ਲਈ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਦੀ ਚਮੜੀ ਵਿੱਚ ਪਸੀਨੇ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਜਿਸ ਕਾਰਨ ਚਮੜੀ ਤੋਂ ਪਾਣੀ ਦਾ ਵਾਸ਼ਪੀਕਰਨ ਨਹੀਂ ਹੁੰਦਾ ਅਤੇ ਦੂਜੀ ਇਨ੍ਹਾਂ ਦੇ ਸਰੀਰ ਉੱਪਰ ਖੰਭਾਂ ਦੀ ਮੋਟੀ ਤਹਿ ਹੁੰਦੀ ਹੈ। ਜਦੋਂ ਮੁਰਗੀਖਾਨੇ ਦਾ ਬਾਹਰੀ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਣ ਲਗਦਾ ਹੈ ਤਾਂ ਮੁਰਗੀਆਂ ਬਹੁਤ ਪ੍ਰੇਸ਼ਾਨ ਹੋਣ ਲੱਗ ਜਾਂਦੀਆਂ ਹਨ। ਇਸ ਹਾਲਤ ਨੂੰ ਹੀਟ ਸਟਰੋਕ ਕਹਿੰਦੇ ਹਨ। ਇਸ ਹਾਲਤ ਵਿੱਚ ਮੁਰਗੀਆਂ ਚੁੰਜ ਖੋਲ੍ਹ ਕੇ ਹੌਂਕਦੀਆਂ ਹਨ ਤੇ ਕਮਜ਼ੋਰ ਹੋ ਕੇ ਲੜਖੜਾਉਣ ਲੱਗ ਜਾਂਦੀਆਂ ਹਨ ਤੇ ਮਰ ਜਾਂਦੀਆਂ ਹਨ।

ਗਰਮੀਆਂ ਵਿੱਚ ਪੰਛੀ ਦਾਣਾ ਘੱਟ ਖਾਂਦਾ ਹੈ ਤੇ ਪਾਣੀ ਪੀਣ ਦੀ ਲੋੜ ਵਧ ਜਾਂਦੀ ਹੈ। ਇਸ ਕਾਰਨ ਪੰਛੀ ਦਾ ਵਿਕਾਸ ਅਤੇ ਵਾਧਾ ਰੁਕ ਜਾਂਦਾ ਹੈ। ਜਦੋਂ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਤੇ ਦੂਜੇ ਪਾਸੇ ਗਰਮੀ ਕਾਰਨ ਨਾਲ ਊਰਜਾ ਖ਼ਪਤ ਹੁੰਦੀ ਹੈ ਤਾਂ ਅੰਡਿਆਂ ਦੀ ਉਪਜ ਵੀ ਘਟ ਜਾਂਦੀ ਹੈ। ਅੰਡਿਆਂ ਦਾ ਆਕਾਰ ਛੋਟਾ ਹੋ ਜਾਂਦਾ ਹੈ ਤੇ ਬਗੈਰ ਛਿਲਕੇ ਵਾਲਿਆਂ ਅੰਡਿਆਂ ਦੀ ਉਪਜ ਵਧ ਜਾਂਦੀ ਹੈ। ਇੱਥੋਂ ਤੱਕ ਕਿ ਅੰਡੇ ਦੇ ਅੰਦਰੂਨੀ ਗੁਣ ਵੀ ਪ੍ਰਭਾਵਿਤ ਹੁੰਦੇ ਹਨ ਜਿਵੇਂ ਕਿ ਖ਼ੂਨ ਦੇ ਧੱਬੇ ਲੱਗ ਜਾਣਾ ਪੀਲੇ ਹਿੱਸੇ ਅਤੇ ਸਫ਼ੈਦੇ ਦਾ ਮਿਲ ਜਾਣਾ ਆਦਿ। ਬਹੁਤੇ ਭਾਰੇ ਅਤੇ ਵੱਡੀ ਉਮਰ ਦੇ ਪੰਛੀਆਂ ਵਿੱਚ ਗਰਮੀ ਕਾਰਨ ਮੌਤ ਦਰ ਵਿੱਚ ਵਾਧਾ ਹੋ ਜਾਂਦਾ ਹੈ।

ਪੰਛੀਆਂ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਕੁਝ ਪ੍ਰਬੰਧਕੀ ਨੁਕਤੇ

ਮੁਰਗੀਖਾਨੇ ਦੀ ਬਣਤਰ: ਮੁਰਗੀਖਾਨੇ ਦੇ ਸ਼ੈੱਡ ਇਸ ਢੰਗ ਨਾਲ ਬਣਾਉਣੇ ਚਾਹੀਦੇ ਹਨ ਕਿ ਗਰਮੀਆਂ ਵਿੱਚ ਮੁਰਗੀਖ਼ਾਨਾ ਠੰਢਾ ਰਹੇ। ਸੈੱਡਾਂ ਦੀ ਦਿਸ਼ਾ ਪੂਰਬ ਤੋਂ ਪੱਛਮ ਵੱਲ ਬਣਾਓ ਤਾਂ ਕਿ ਸੂਰਜ ਦੀ ਰੋਸ਼ਨੀ ਤਾਂ ਆਵੇ ਪਰ ਗਰਮੀ ਮੁਰਗੀਆਂ ਨੂੰ ਪ੍ਰਭਾਵਿਤ ਨਾ ਕਰ ਸਕੇ। ਸ਼ੈੱਡ ਅੰਦਰ ਹਵਾ ਦੀ ਆਵਾਜਾਈ ਪੂਰੀ ਹੋਣੀ ਚਾਹੀਦੀ ਹੈ। ਜੇ ਸ਼ੈੱਡ ਦੀਆਂ ਛੱਤਾਂ ਲੋਹੇ ਦੀਆਂ ਹੋਣ ਤਾਂ ਬਾਹਰੀ ਪਰਤ ਉਪਰ ਸਫ਼ੈਦ ਰੰਗ ਕਰ ਦੇਣਾ ਚਾਹੀਦਾ ਹੈ। ਛੱਤ ਉਪਰ ਏਸਟਾਬੇਟ ਦੀ ਸ਼ੀਟ ਵੀ ਲਗਾਈ ਜਾ ਸਕਦੀ ਹੈ। ਅਜਿਹੀਆਂ ਛੱਤਾਂ ਵਿੱਚ ਪਰਾਲੀ, ਮੱਕੀ ਦੇ ਤਣਿਆਂ ਜਾਂ ਪੁਰਾਣੀਆਂ ਬੋਰੀਆਂ ਨਾਲ ਢਕ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸ਼ੈੱਡ ਅੰਦਰ ਗਰਮੀ ਘਟ ਸਕੇ।

ਮੁਰਗੀਖਾਨੇ ਦੀਆਂ ਖਿੜਕੀਆਂ ਉਪਰ ਟਾਟ (Jute) ਜਾਂ ਬੋਰੀਆਂ ਆਦਿ ਦੇ ਪਰਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਜ਼ਿਆਦਾ ਗਰਮੀ ਵਿੱਚ ਇਨ੍ਹਾਂ ਉਪਰ ਪਾਣੀ ਛਿੜਕ ਕੇ ਮੁਰਗੀਘਰ ਨੂੰ ਠੰਢਾ ਕੀਤਾ ਜਾ ਸਕੇ। ਲੋਅ ਵਾਲੇ ਦਿਨਾਂ ਵਿੱਚ ਪੰਛੀਆਂ ਉੱਪਰ ਹੱਥ ਵਾਲੇ ਪੰਪ ਨਾਲ ਪਾਣੀ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਲੋੜ ਪੈਣ ’ਤੇ ਪੱਖੇ ਜਾਂ ਕੂਲਰ ਦਾ ਉਪਯੋਗ ਵੀ ਕੀਤਾ ਜਾ ਸਕਦਾ ਹੈ।

ਮੁਰਗੀਖਾਨੇ ਦਾ ਆਲਾ-ਦੁਆਲਾ: ਮੁਰਗੀਖਾਨੇ ਦੇ ਆਲੇ-ਦੁਆਲੇ ਸਫ਼ੈਦਾ ਤੇ ਪਪੂਲਰ ਆਦਿ ਦਰੱਖਤ ਲਗਾਉਣੇ ਚਾਹੀਦੇ ਹਨ। ਆਲਾ-ਦੁਆਲੇ ਹਰੀ ਘਾਹ ਜਾਂ ਘੱਟ ਉਚਾਈ ਵਾਲੇ ਬੂਟੇ ਵੀ ਲਗਾਏ ਜਾ ਸਕਦੇ ਹਨ। ਪਰ ਧਿਆਨ ਰਹੇ ਕਿ ਹਵਾ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਆਵੇ। ਸ਼ੈੱਡਾਂ ਦੇ ਆਲੇ-ਦੁਆਲੇ ਅਤੇ ਛੱਤਾਂ ਉਪਰ ਪਾਣੀ ਛਿੜਕ ਕੇ ਗਰਮੀ ਨੂੰ ਘਟਾਇਆ ਜਾ ਸਕਦਾ ਹੈ।

ਪੀਣ ਵਾਲਾ ਪਾਣੀ: ਗਰਮੀਆਂ ਵਿੱਚ ਮੁਰਗੀਆਂ ਦੇ ਪਾਣੀ ਦੀ ਖ਼ਪਤ ਦੁੱਗਣੀ ਹੋ ਜਾਂਦੀ ਹੈ। ਇਸ ਲਈ ਤਾਜ਼ਾ, ਠੰਢਾ ਅਤੇ ਸਾਫ਼ ਪਾਣੀ ਹਮੇਸ਼ਾ ਮੌਜੂਦ ਹੋਣਾ ਚਾਹੀਦਾ ਹੈ। ਪਾਣੀ ਦੇ ਬਰਤਨਾਂ ਦੀ ਸੰਖਿਆ ਵਧਾ ਦੇਣੀ ਚਾਹੀਦੀ ਹੈ।  ਪਾਣੀ ਦੇ ਬਰਤਨ ਪਲਾਸਟਿਕ ਜਾਂ ਜਿਸਤ ਹੋਣ ਦੀ ਬਜਾਇ ਮਿੱਟੀ ਦੇ ਹੋਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ ਪਾਣੀ ਠੰਢਾ ਰਹਿੰਦਾ ਹੈ। ਸਮੇਂ ਸਮੇਂ ਸਿਰ ਤਾਜ਼ਾ ਅਤੇ ਸਾਫ਼ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ।

ਖ਼ੁਰਾਕ: ਗਰਮੀ ਵਿੱਚ ਖ਼ੁਰਾਕ ਦੀ ਖ਼ਪਤ ਘਟ ਜਾਂਦੀ ਹੈ। ਇਸ ਲਈ ਖ਼ੁਰਾਕ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਦੀ ਮਾਤਰਾ 20 ਤੋਂ 30 ਫ਼ੀਸਦੀ ਤਕ ਵਧਾ ਦਿਓ, ਤਾਂ ਜੋ ਗਰਮੀ ਕਾਰਨ ਖ਼ੁਰਾਕ ਦੀ ਘਟੀ ਹੋਈ ਖ਼ਪਤ ਦਾ ਘਾਟਾ ਪੂਰਾ ਹੋ ਸਕੇ। ਊਰਜਾ ਪ੍ਰਦਾਨ ਕਰਨ ਲਈ ਖ਼ੁਰਾਕ ਵਿੱਚ 4 ਫ਼ੀਸਦੀ ਸੀਰਾ ਵੀ ਪਾ ਸਕਦੇ ਹੋ। ਗਰਮੀ ਵਿੱਚ ਅੰਡੇ ਦਾ ਛਿਲਕਾ ਪਤਲਾ ਹੋਣ ਤੋਂ ਬਚਾਉਣ ਲਈ ਖ਼ੁਰਾਕ ਵਿੱਚ ਕੈਲਸ਼ੀਅਮ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਇਸ ਲਈ ਖ਼ੁਰਾਕ ਵਿੱਚ ਕੈਲਸ਼ੀਅਮ ਪਾਣੀ ਵਿੱਚ ਦਿੱਤਾ ਜਾ ਸਕਦਾ ਹੈ।

ਚੂਚੇ ਖ਼ਰੀਦਣ ਦਾ ਸਮਾਂ: ਚੂਚੇ-ਖ਼ਰੀਦਣ ਸਮੇਂ ਇਸ ਗੱਲ ਦਾ ਧਿਆਨ ਰਹੇ ਕਿ ਪੈਦਾਵਾਰ ਦਾ ਸਮਾਂ ਗਰਮੀ ਵਿੱਚ ਨਾ ਆਵੇ। ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ 20 ਫ਼ੀਸਦੀ ਮੁਰਗੀਆਂ ਦੀ ਗਿਣਤੀ ਘਟਾ ਦੇਣੀ ਚਾਹੀਦੀ ਹੈ। ਇਸ ਵਿੱਚ ਵੱਡੀ ਉਮਰ ਜਾਂ ਘੱਟ ਪੈਦਾਵਾਰ ਵਾਲੀਆਂ ਮੁਰਗੀਆਂ ਦੀ ਵੀ ਛਾਂਟੀ ਕੀਤੀ ਜਾ ਸਕਦੀ ਹੈ।

ਅੰਡਿਆਂ ਦੀ ਸੰਭਾਲ: ਗਰਮੀਆਂ ਵਿੱਚ ਅੰਡੇ ਦਿਨ ਵਿੱਚ 4-5 ਵਾਰੀ ਇਕੱਠੇ ਕਰਨੇ ਚਾਹੀਦੇ ਜੇ ਅੰਡਿਆਂ ਨੂੰ ਠੰਢੇ ਰੱਖਣ ਦਾ ਕੋਈ ਪ੍ਰਬੰਧ ਨਾ ਹੋਵੇ ਤਾਂ 2 ਤੋਂ 3 ਦਿਨਾਂ ਬਾਅਦ ਹੀ ਵੇਚ ਦੇਣੇ ਚਾਹੀਦੇ ਹਨ।

ਗਰਮੀ ਦਾ ਦਬਾਅ : ਗਰਮੀ ਦੇ ਮੌਸਮ ਵਿੱਚ 40-60 ਮਿਲੀਗ੍ਰਾਮ ਪ੍ਰਤੀ ਕਿੱਲੋ ਵਿਟਾਮਿਨ ਸੀ (Vit. 3) ਖ਼ੁਰਾਕ ਵਿੱਚ ਅਤੇ ਬੀ-ਕੰਪਲੈਕਸ ਵਿਟਾਮਿਨ ਪਾਣੀ ਵਿੱਚ ਦੇਣ ਨਾਲ ਗਰਮੀ ਦੇ ਦਬਾਅ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਮੁਰਗੀਆਂ ਨੂੰ ਇੱਕ ਸ਼ੈੱਡ ਤੋਂ ਦੂਜੇ ਸ਼ੈੱਡ ਵਿੱਚ ਤਬਦੀਲ ਕਰਨਾ ਹੋਵੇ ਤਾਂ ਸਵੇਰੇ ਜਾਂ ਸ਼ਾਮ ਦਾ ਸਮਾਂ ਚੁਣਨਾ ਚਾਹੀਦਾ ਹੈ।

ਲੂ ਲੱਗਣ ’ਤੇ ਪ੍ਰਬੰਧ: ਪੰਛੀਆਂ ਨੂੰ ਲੂ  ਤੋਂ ਬਚਾਉਣ ਲਈ ਖ਼ੁਰਾਕ ਵਿੱਚ ਵਿਟਾਮਿਨ ਏ, ਡੀ, ਏ, ਕੇ. ਦੇ ਘੋਲ ਦੀ ਮਾਤਰਾ ਵਧਾ ਦਿਉ। ਸੋਡੀਅਮ ਬਾਈਕਾਰਬੋਨੇਟ ਖ਼ੁਰਾਕ ਵਿੱਚ ਪਾਉ। ਮੁਰਗੀਆਂ ਦੇ ਮੂੰਹ ਵਿੱਚ ਠੰਢਾ ਪਾਣੀ ਪਾਓ ਤੇ ਠੰਢੇ ਪਾਣੀ ਦਾ ਛਿੜਕਾਅ ਕਰੋ। ਇਲੈਕਟ੍ਰੋਰਲ ਪਾਊਡਰ ਦਾ ਪ੍ਰਯੋਗ ਵੀ ਪਾਣੀ ਦੇ ਨਾਲ ਕੀਤਾ ਜਾ ਸਕਦਾ ਹੈ।

ਕੁਲ ਮਿਲਾ ਕੇ ਜੇ ਗਰਮੀ ਤੋਂ ਪਹਿਲਾਂ ਹੀ ਮੁਰਗੀਆਂ ਦੀ ਸਾਂਭ-ਸੰਭਾਲ ਦੇ ਪ੍ਰਬੰਧਕੀ ਨੁਕਤੇ ਧਿਆਨ ਵਿੱਚ ਰੱਖੇ ਜਾਣ ਤਾਂ ਆਰਥਿਕ ਘਾਟੇ ਤੋਂ ਬਚਿਆ ਜਾ ਸਕਦਾ ਹੈ ਤੇ ਵਧ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ ।