ਮਨੁੱਖੀ ਖ਼ੁਰਾਕ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਵਿਲੱਖਣ ਸਥਾਨ ਹੈ। ਪੰਜਾਬ ਵਿੱਚ ਲਗਪਗ 14.1 ਹਜ਼ਾਰ ਹੈਕਟੇਅਰ ਰਕਬੇ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਇਸ ਵਿੱਚੋਂ 2.1 ਲੱਖ ਟਨ ਸਾਲਾਨਾ ਪੈਦਾਵਾਰ ਹੁੰਦੀ ਹੈ। ਖ਼ਰਬੂਜ਼ਾ ਅਤੇ ਹਲਵਾ ਕੱਦੂ, ਕੱਦੂ ਜਾਤੀ ਦੀਆਂ ਅਹਿਮ ਫ਼ਸਲਾਂ ਹਨ। ਦੋਵੇਂ ਹੀ ਸਬਜ਼ੀਆਂ ਵਿਟਾਮਿਨ-ਏ (ਬੀਟਾ-ਕੈਰੋਟੀਨ) ਦਾ ਬਹੁਤ ਵਧੀਆ ਸਰੋਤ ਹਨ। ਖ਼ਰਬੂਜ਼ਾ ਆਪਣੀ ਅਨੋਖੀ ਮਹਿਕ ਅਤੇ ਰਸੀਲੀ ਮਿਠਾਸ ਕਰਕੇ ਜਾਣਿਆ ਜਾਂਦਾ ਹੈ। ਹਲਵਾ ਕੱਦੂ ਦਾ ਪੀਲਾ-ਰੇਸ਼ੇਦਾਰ ਗੁੱਦਾ ਵੰਨ-ਸੁਵੰਨੇ ਤਰੀਕਿਆਂ ਨਾਲ ਪਕਾ ਕੇ ਸਬਜ਼ੀ ਦੇ ਤੌਰ ’ਤੇ ਮਾਣਿਆ ਜਾਂਦਾ ਹੈ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿਛਲੇ ਸਾਲਾਂ ਦੌਰਾਨ ਖ਼ਰਬੂਜ਼ੇ ਦੀਆਂ ਤਿੰਨ (ਐਮ ਐਚ-51 ਐਮ ਐਚ-27 ਅਤੇ ਪੰਜਾਬ ਹਾਈਬ੍ਰਿਡ) ਅਤੇ ਹਲਵੇ ਕਦੂ ਦੀਆਂ ਦੋ (ਪੀ ਪੀ ਐਚ-1 ਅਤੇ ਪੀ ਪੀ ਐਚ-2) ਦੋਗਲੀਆਂ ਕਿਸਮਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਦੋਗਲੀਆਂ ਕਿਸਮਾਂ ਇਕਸਾਰ, ਅਗੇਤੀ ਅਤੇ ਵੱਧ ਉਪਜ ਲਈ ਲਾਹੇਵੰਦ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹਲਵਾ ਕੱਦੂ ਦੀਆਂ ਛੋਟੇ ਫਲ ਵਾਲੀਆਂ ਦੋਗਲੀਆਂ ਕਿਸਮਾਂ ਸੰਘਣੀ ਖੇਤੀ ਲਈ ਢੁਕਵੀਆਂ ਹਨ। ਦੋਗਲੇ ਬੀਜ ਉਤਪਾਦਨ ਲਈ ਕਿਸਾਨ ਨੂੰ ਫ਼ਸਲ ਦੀ ਸਫ਼ਲ ਕਾਸ਼ਤ ਤੋਂ ਲੈ ਕੇ ਮਾਪਿਆਂ ਨੂੰ ਪਛਾਨਣ, ਪਰਾਗਣ ਕਿਰਿਆ ਅਤੇ ਬੀਜ ਸੰਭਾਲਣ ਤੱਕ ਪੂਰੀ ਮੁਹਾਰਤ ਹੋਣਾ ਲਾਜ਼ਮੀ ਹੈ।
ਐਮ ਐਚ-51: ਇਹ ਦੋਗਲੀ ਕਿਸਮ 2017 ਵਿੱਚ ਐਮ ਐਮ-5 ਐਮ ਐਮ-1 ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਦੋਗਲੀ ਕਿਸਮ ਦੀਆਂ ਵੇਲਾਂ ਕਾਫ਼ੀ ਲੰਬੀਆਂ ਅਤੇ ਪਤਰਾਲ ਗੂਡ਼੍ਹੇ ਹਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦੇ ਫਲ ਗੋਲ, ਗੂਡ਼੍ਹੀ ਹਰੀ ਧਾਰੀ ਵਾਲੇ ਅਤੇ ਦਰਮਿਆਨੀ ਜਾਲੀ ਵਾਲੇ ਹੁੰਦੇ ਹਨ। ਇਸ ਦੇ ਫਲ ਦਾ ਅੌਸਤਨ ਭਾਰ 890 ਗ੍ਰਾਮ ਹੁੰਦਾ ਹੈ। ਫਲ ਦਾ ਗੁੱਦਾ ਮੋਟਾ, ਸੁਨਹਿਰੀ, ਰਸੀਲਾ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿੱਚ ਮਿਠਾਸ ਦੀ ਮਾਤਰਾ 12 ਫ਼ੀਸਦੀ ਹੁੰਦੀ ਹੈ। ਇਸ ਕਿਸਮ ਦੇ ਫਲ ਛੇਤੀ ਪੱਕਦੇ ਹਨ ਅਤੇ ਲਵਾਈ ਤੋਂ ਤਕਰੀਬਨ 62 ਦਿਨਾਂ ਬਾਅਦ ਪਹਿਲੀ ਤੁਡ਼ਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦਾ ਅਗੇਤਾ ਝਾਡ਼ ਐਮ ਐਚ 27 ਅਤੇ ਪੰਜਾਬ ਹਾਈਬ੍ਰਿਡ ਦੇ ਮੁਕਾਬਲੇ ਕ੍ਰਮਵਾਰ 32 ਅਤੇ 51 ਫ਼ੀਸਦੀ ਜ਼ਿਆਦਾ ਹੈ। ਇਸ ਦਾ ਕੁੱਲ ਝਾਡ਼ ਤਕਰੀਬਨ 89 ਕੁਇੰਟਲ ਪ੍ਰਤੀ ਏਕਡ਼ ਹੈ।
ਐਮ ਐਚ-27: ਇਹ ਦੋਗਲੀ ਕਿਸਮ 2015 ਵਿੱਚ ਐਮ. ਐਸ.-1 ਐਮ. ਐਮ. ਸਲੈਕਸ਼ਨ-103 ਦੇ ਸੁਮੇਲ ਤੋਂ ਤਿਆਰ ਕਰਕੇ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਦੀਆਂ ਵੇਲਾਂ ਕਾਫ਼ੀ ਵਧਦੀਆਂ ਹਨ ਅਤੇ ਗੂਡ਼੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਗੂਡ਼੍ਹੀ ਹਰੀ ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦੇ ਫਲ ਦਾ ਅੌਸਤਨ ਭਾਰ 856 ਗ੍ਰਾਮ ਹੁੰਦਾ ਹੈ। ਫਲ ਦਾ ਗੁੱਦਾ ਮੋਟਾ, ਸੁਨਹਿਰੀ ਰੰਗ ਦਾ, ਰਸੀਲਾ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12.5 ਫ਼ੀਸਦੀ ਹੁੰਦੀ ਹੈ। ਇਹ ਕਿਸਮ ਉਖੇਡ਼ਾ ਅਤੇ ਜਡ਼੍ਹ ਗੰਢ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰਖਦੀ ਹੈ। ਇਸ ਦਾ ਕੁੱਲ ਝਾਡ਼ ਤਕਰੀਬਨ 87.5 ਕੁਇੰਟਲ ਪ੍ਰਤੀ ਏਕਡ਼ ਹੈ। ਇਹ ਕਿਸਮ ਦੁਰੇਡੇ ਮੰਡੀਕਰਨ ਲਈ ਢੁਕਵੀਂ ਹੈ।
ਪੰਜਾਬ ਹਾਈਬ੍ਰਿਡ: ਇਹ ਦੋਗਲੀ ਕਿਸਮ 1981 ਵਿੱਚ ਐਮ ਐਸ-1 ਹਰਾ ਮਧੂ ਦੇ ਸੁਮੇਲ ਤੋਂ ਤਿਆਰ ਕਰਕੇ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੀਆਂ ਵੇਲਾਂ ਕਾਫ਼ੀ ਵਧਦੀਆਂ ਹਨ ਅਤੇ ਗੂਡ਼੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਫਿੱਕੀ ਹਰੀ ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦੇ ਫਲ ਪੱਕ ਕੇ ਆਪਣੇ ਆਪ ਡੰਡੀ ਤੋਂ ਵੱਖ ਹੋ ਜਾਂਦੇ ਹਨ। ਇਸ ਨੂੰ ਚਿੱਟਾ ਰੋਗ ਘੱਟ ਲੱਗਦਾ ਹੈ ਅਤੇ ਫਲ ਦੀ ਮੱਖੀ ਵੀ ਘੱਟ ਹਮਲਾ ਕਰਦੀ ਹੈ। ਇਸ ਦਾ ਝਾਡ਼ ਤਕਰੀਬਨ 65 ਕੁਇੰਟਲ ਪ੍ਰਤੀ ਏਕਡ਼ ਹੈ।
ਪੀ ਪੀ ਐਚ-1 (2016): ਇਸ ਦੋਗਲੀ ਕਿਸਮ ਦੀਆਂ ਵੇਲਾਂ ਛੋਟੀਆਂ, ਜਿੰਨਾਂ ਤੇ ਗੰਢਾਂ ਵਿਚਲਾ ਫ਼ਾਸਲਾ ਬਹੁਤ ਘੱਟ ਅਤੇ ਪਤਰਾਲ ਗੂਡ਼ਾ ਹਰਾ ਹੁੰਦਾ ਹੈ। ਇਸ ਦੇ ਫਲ ਛੋਟੇ, ਗੋਲ, ਡਬੇ-ਹਰੇ ਹੁੰਦੇ ਹਨ, ਜੋ ਪੱਕਣ ’ਤੇ ਡੱਬੇ-ਭੂਰੇ ਹੋ ਜਾਂਦੇ ਹਨ। ਇਸ ਦਾ ਬੀਜ ਵਾਲਾ ਖੋਲ ਛੋਟਾ ਅਤੇ ਗੁਦਾ ਸੁਨਿਹਰੀ ਹੁੰਦਾ ਹੈ। ਇਹ ਤੁਡ਼ਾਈ ਲਈ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਅੌਸਤਨ ਝਾਡ਼ 206 ਕੁਇੰਟਲ ਪ੍ਰਤੀ ਏਕਡ਼ ਹੁੰਦਾ ਹੈ।
ਪੀ ਪੀ ਐਚ-2 (2016): ਇਸ ਦੋਗਲੀ ਕਿਸਮ ਦੀਆਂ ਵੇਲਾਂ ਛੋਟੀਆਂ ਤੇ ਗੰਢਾਂ ਵਿਚਲਾ ਫ਼ਾਸਲਾ ਬਹੁਤ ਘੱਟ ਅਤੇ ਪਤਰਾਲ ਗੂਡ਼ਾ ਹਰਾ ਹੁੰਦਾ ਹੈ। ਇਸ ਦੇ ਫਲ ਛੋਟੇ, ਗੋਲ, ਹਲਕੇ-ਹਰੇ ਹੁੰਦੇ ਹਨ ਅਤੇ ਜੋ ਪੱਕਣ ’ਤੇ ਭੂਰੇ ਹੋ ਜਾਂਦੇ ਹਨ। ਇਸ ਦਾ ਬੀਜ ਵਾਲਾ ਖੋਲ ਛੋਟਾ ਅਤੇ ਗੁਦਾ ਸੁਨਿਹਰੀ ਹੁੰਦਾ ਹੈ। ਇਹ ਤੁਡ਼ਾਈ ਲਈ ਜਲਦੀ ਤਿਆਰ ਹੋ ਜਾਂਦਾ ਹੈ ਅਤੇ ਇਸਦਾ ਅੌਸਤਨ ਝਾਡ਼ 222 ਕੁਇੰਟਲ ਪ੍ਰਤੀ ਏਕਡ਼ ਹੁੰਦਾ ਹੈ।
ਕਾਸ਼ਤ ਦੇ ਢੰਗ: ਖ਼ਰਬੂਜ਼ੇ ਅਤੇ ਹਲਵੇ ਕੱਦੂ ਲਈ ਚੰਗੇ ਮਾਦੇ ਅਤੇ ਜਲ ਨਿਕਾਸੀ ਵਾਲੀ ਵਧੀਆ ਉਪਜਾਊ ਅਤੇ ਮੈਰਾ ਮਿਟੀ ਦੀ ਲੋਡ਼ ਹੁੰਦੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ ਦਵਾਈ ਲਗਾ ਲਉ। ਅਗੇਤੀ ਪਨੀਰੀ ਲਗਭਗ 20-25 ਦਿਨ੍ਹਾਂ ਵਿਚ ਤਿਆਰ ਹੋ ਜਾਂਦੀ ਹੈ। ਜਦੋਂ ਪਨੀਰੀ ਦੇ ਦੋ-ਤਿੰਨ ਪਤੇ ਨਿਕਲ ਆਉਣ ਤਾਂ ਇਸ ਨੂੰ ਖੇਤ ਵਿਚ ਲਾ ਦਿਉ।
ਖ਼ਰਬੂਜ਼ੇ ਦਾ ਦੋਗਲਾ ਬੀਜ ਉਤਪਾਦਨ: ਮਾਦਾ ਅਤੇ ਨਰ ਕਿਸਮਾਂ ਦੀ ਪਛਾਣ: ਐਮ. ਐਮ. 5: ਇਹ ਇੱਕ ਪੁੰਕੇਸਰ ਰਹਿਤ ਮਾਦਾ ਲਾਈਨ ਹੈ। ਇਸ ਕਿਸਮ ਦੇ ਫਲ ਗੋਲ, ਫਿੱਕੀ ਹਰੀ ਧਾਰੀ ਅਤੇ ਜਾਲੀ ਰਹਿਤ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿੱਚ ਮਿਠਾਸ ਦੀ ਮਾਤਰਾ 10 ਫ਼ੀਸਦੀ ਹੁੰਦੀ ਹੈ। ਇਸ ਦੇ ਫਲ ਦਾ ਅੌਸਤਨ ਭਾਰ 700 ਗ੍ਰਾਮ ਹੁੰਦਾ ਹੈ। ਇਸ ਕਿਸਮ ਦੇ ਫਲ ਛੇਤੀ ਪੱਕਦੇ ਹਨ ਅਤੇ ਲਵਾਈ ਤੋਂ ਤਕਰੀਬਨ 62 ਦਿਨਾਂ ਬਾਅਦ ਪਹਿਲੀ ਤੁਡ਼ਾਈ ਲਈ ਤਿਆਰ ਹੋ ਜਾਂਦੇ ਹਨ।
ਐਮ. ਐਸ. 1: ਇਹ ਵੀ ਇੱਕ ਪੁੰਕੇਸਰ ਰਹਿਤ ਮਾਦਾ ਲਾਈਨ ਹੈ। ਇਸ ਕਿਸਮ ਦੇ ਫਲ ਅੰਡਾਕਾਰ ਗੋਲ, ਗੂਡ਼੍ਹੀ ਹਰੀ ਧਾਰੀ ਅਤੇ ਸੰਘਣੀ ਜਾਲੀ ਵਾਲੇ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ। ਇਸ ਦੇ ਫਲ ਦਾ ਅੌਸਤਨ ਭਾਰ 700 ਗ੍ਰਾਮ ਹੁੰਦਾ ਹੈ।
ਐੱਮ. ਐੱਮ. ਸਲੈਕਸ਼ਨ-103: ਇਸ ਕਿਸਮ ਦੇ ਫਲ ਗੋਲ, ਗੂਡ਼੍ਹੀ ਹਰੀ ਧਾਰੀ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ। ਫਲ ਦਾ ਅੌਸਤ ਭਾਰ 1000 ਗ੍ਰਾਮ ਹੁੰਦਾ ਹੈ। ਇਹ ਕਿਸਮ ਉਖੇਡ਼ਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰਖਦੀ ਹੈ।
ਐੱਮ. ਐੱਮ. 1: ਇਸ ਦੀਆਂ ਵੇਲਾਂ ਕਾਫ਼ੀ ਵਧਦੀਆਂ ਹਨ ਅਤੇ ਗੂਡ਼੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਗੋਲ, ਗੂਡ਼੍ਹੀ ਹਰੀ ਧਾਰੀ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਸੁਨਹਿਰੀ, ਰਸਦਾਰ ਅਤੇ ਮਹਿਕ ਭਰਿਆ ਹੁੰਦਾ ਹੈ। ਫਲ ਦਾ ਅੌਸਤ ਭਾਰ 850 ਗ੍ਰਾਮ ਹੁੰਦਾ ਹੈ। ਇਹ ਕਿਸਮ ਉਖੇਡ਼ਾ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰਖਦੀ ਹੈ।
ਹਰਾ ਮੱਧੂ: ਇਹ ਕਿਸਮ ਪੱਕਣ ਵਿੱਚ ਕੁਝ ਪਛੇਤੀ ਹੈ। ਇਸ ਦਾ ਫਲ ਕਾਫ਼ੀ ਵੱਡਾ ਹੁੰਦਾ ਹੈ ਜਿਸ ਦਾ ਅੌਸਤ ਭਾਰ ਇੱਕ ਕਿਲੋ ਦੇ ਕਰੀਬ ਹੁੰਦਾ ਹੈ। ਇਹ ਬਹੁਤ ਮਿੱਠੀ ਕਿਸਮ ਹੈ। ਫਲ ਦਾ ਛਿਲਕਾ ਹਲਕੇ ਪੀਲੇ ਰੰਗ ਦਾ ਅਤੇ ਹਰੇ ਰੰਗ ਦੀਆਂ ਧਾਰੀਆਂ ਵਾਲਾ ਹੁੰਦਾ ਹੈ। ਇਸ ਦਾ ਗੁੱਦਾ ਬਹੁਤ ਮੋਟਾ, ਹਰੇ ਰੰਗ ਦਾ ਤੇ ਰਸ ਭਰਪੂਰ ਹੁੰਦਾ ਹੈ। ਇਸ ਕਿਸਮ ਦੀ ਅੌਸਤ ਪੈਦਾਵਾਰ 50 ਕੁਇੰਟਲ ਪ੍ਰਤੀ ਏਕਡ਼ ਹੈ। ਇਸ ਨੂੰ ਕਿਸੇ ਹੱਦ ਤੱਕ ਚਿੱਟਾ ਰੋਗ ਨਹੀਂ ਲੱਗਦਾ।
ਖੇਤ, ਫ਼ਾਸਲਾ ਅਤੇ ਨਰ-ਮਾਦਾ ਕਿਸਮਾਂ ਦਾ ਅਨੁਪਾਤ: ਬੀਜ ਉਤਪਾਦਨ ਵਾਲੀ ਜ਼ਮੀਨ ਚੰਗੇ ਨਿਕਾਸ, ਜੈਵਿਕ ਮਾਦਾ ਵਾਲੀ ਅਤੇ ਬਿਮਾਰੀਆਂ ਰਹਿਤ ਹੋਣੀ ਚਾਹੀਦੀ ਹੈ। ਬੀਜ ਉਤਪਾਦਨ ਵਾਲੇ ਖੇਤ ਦਾ ਗੁਆਂਢੀ ਖ਼ਰਬੂਜ਼ੇ ਦੀ ਫ਼ਸਲ ਜਾਂ ਕਦੂ ਜਾਤੀ ਦੇ ਦੂਜੇ ਖੇਤਾਂ (ਫੁਟ, ਤਰ, ਵੰਗਾ, ਅਤੇ ਚਿਬਡ਼) ਤੋਂ ਘੱਟੋੋ-ਘਟ 1000 ਮੀਟਰ ਦਾ ਫ਼ਾਸਲਾ ਹੋਣਾ ਜ਼ਰੂਰੀ ਹੈ। ਇਹ ਯਕੀਨੀ ਬਣਾਉਣ ਲਈ ਕਿ ਪਰਾਗਣ ਚੋਖੀ ਮਾਤਰਾ ਵਿੱਚ ਮਿਲਦਾ ਰਹੇ, ਮਾਦਾ ਕਿਸਮ ਦੀਆਂ ਦੋ ਕਤਾਰਾਂ ਪਿਛੇ ਇੱਕ ਕਤਾਰ ਨਰ ਕਿਸਮ ਦੀ ਲਾਓ। (ਦੂਜੀ ਕਿਸ਼ਤ ਅਗਲੇ ਹਫ਼ਤੇ)
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store