अद्यतन विवरण

786-al.jpg
द्वारा प्रकाशित किया गया था ਡਾ. ਬਲਵਿੰਦਰ ਸਿੰਘ ਢਿੱਲੋਂ* *ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਸੰਪਰਕ: 94654-20097
2018-10-05 09:38:56

ਆਲੂਆਂ ਦੀ ਸਫ਼ਲ ਕਾਸ਼ਤ ਦੇ ਨੁਕਤੇ

ਪੰਜਾਬ ਵਿੱਚ ਆਲੂ ਮੁੱਖ ਫਸਲਾਂ ਵਿੱਚੋਂ ਇੱਕ ਹੈ। ਇਸ ਫਸਲ ਦੀ ਚੰਗੀ ਪੈਦਾਵਾਰ ਲਈ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 20 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਹੋਣਾ ਚਾਹੀਦਾ ਹੈ। ਆਲੂ ਦੀ ਖੇਤੀ ਭਾਵੇਂ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ ਪਰ ਚੰਗੇ ਜਲ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕੱਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁੱਕਵੀਂ ਜ਼ਮੀਨ ਹੈ। ਪੰਜਾਬ ਵਿੱਚ ਪਿਛਲੇ ਵਰ੍ਹੇ ਦੌਰਾਨ ਆਲੂ ਦੀ ਕਾਸ਼ਤ 96.6 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ। ਇਸ ਦਾ ਕੁੱਲ ਉਤਪਾਦਨ 2494.84 ਹਜ਼ਾਰ ਟਨ ਹੋਇਆ।

ਆਲੂ ਦੀਆਂ ਉੱਨਤ ਕਿਸਮਾਂ:

ਅਗੇਤੀਆਂ ਕਿਸਮਾਂ: ਕੁਫਰੀ ਸੂਰੀਯਾ, ਕੁਫਰੀ ਚੰਦਰਮੁਖੀ, ਕੁਫਰੀ ਅਸ਼ੋਕਾ ਅਤੇ ਕੁਫਰੀ ਪੁਖਰਾਜ।

ਦਰਮਿਆਨੇ ਸਮੇਂ ਦੀਆਂ ਕਿਸਮਾਂ: ਕੁਫਰੀ ਪੁਸ਼ਕਰ, ਕੁਫਰੀ ਜਯੋਤੀ ਅਤੇ ਕੁਫਰੀ ਬਹਾਰ।

ਪਛੇਤੀਆਂ ਕਿਸਮਾਂ: ਕੁਫਰੀ ਸੰਧੂਰੀ ਅਤੇ ਕੁਫਰੀ ਬਾਦਸ਼ਾਹ।

ਪ੍ਰੋਸੈਸਿੰਗ ਵਾਲੀਆਂ ਕਿਸਮਾਂ: ਕੁਫਰੀ ਚਿਪਸੋਨਾ-1, ਕੁਫਰੀ ਚਿਪਸੋਨਾ-3 ਅਤੇ ਕੁਫਰੀ ਫਰਾਈਸੋਨਾ।

ਆਲੂ ਦੀ ਕਾਸ਼ਤ ਦੇ ਢੰਗ:

ਜ਼ਮੀਨ ਦੀ ਤਿਆਰੀ: ਬਿਜਾਈ ਤੋਂ ਪਹਿਲਾਂ ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਜ਼ਮੀਨ ਨੂੰ ਵਾਹੋ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਨਾਲ ਵਹਾਈ ਹੀ ਕਾਫੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਬਿਜਾਈ ਤੋਂ ਪਹਿਲਾਂ ਰੂੜੀ ਦੀ ਖਾਦ ਪਾ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਰੂੜੀ ਦੀ ਖਾਦ ਨੂੰ ਵਾਹੀ ਸਮੇਂ ਖੇਤ ਵਿੱਚ ਮਿਲਾਉਣ ਨਾਲੋਂ ਵਧੇਰੇ ਫ਼ਾਇਦੇਮੰਦ ਹੈ। ਜੇ ਨਦੀਨ ਜਾਂ ਪਹਿਲੀ ਫਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫਸਲ ਮਾਮੂਲੀ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ।

ਬੀਜ ਦੀ ਮਾਤਰਾ: 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੇ ਚਾਹੀਦੇ ਹਨ। ਵਧੀਆ ਕੁਆਲਟੀ ਦਾ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ।

ਬੀਜ ਆਲੂ ਨੂੰ ਰੋਗ ਰਹਿਤ ਕਰਨਾ ਤੇ ਬਿਜਾਈ ਤੋਂ ਪਹਿਲਾਂ ਤਿਆਰੀ: ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰੱਖੋ। ਬੀਜ ਨੂੰ ਸਟੋਰ ਵਿੱਚੋਂ ਕੱਢ ਕੇ ਸਿੱਧਾ ਹੀ ਨਹੀਂ ਬੀਜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਪਹਿਲੇ ਪੱਖੇ ਦੀ ਹਵਾ ਨਾਲ ਸੁਕਾ ਲਵੋ ਅਤੇ ਫਿਰ ਕਿਸੇ ਠੰਢੀ ਜਗ੍ਹਾ ਉੱਤੇ ਖਿਲਾਰ ਦਿਉ ਜਿੱਥੇ ਤੇਜ਼ ਰੌਸ਼ਨੀ ਨਾ ਪੈਂਦੀ ਹੋਵੇ। 8-10 ਦਿਨ ਲਈ ਆਲੂਆਂ ਨੂੰ ਪਿਆ ਰਹਿਣ ਦਿਓ।

ਬਿਜਾਈ ਦਾ ਸਮਾਂ: ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਪੱਤਝੜ ਫਸਲ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਹੈ।

ਬਿਜਾਈ ਦਾ ਤਰੀਕਾ: ਜਦੋਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਵੱਟਾਂ ਦੇ ਨਿਸ਼ਾਨ ਲਗਾਉਣੇ ਚਾਹੀਦੇ ਹਨ। ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰਨੀ ਚਾਹੀਦੀ ਹੈ। ਟਰੈਕਟਰ ਨਾਲ ਬਿਜਾਈ ਕਰਨੀ ਹੋਵੇ ਤਾਂ ਅਰਧ ਸਵੈ-ਚਾਲਕ ਮਸ਼ੀਨਾਂ ਦੀ ਸਿਫਾਰਸ਼ ਕੀਤੀ ਜਾਦੀ ਹੈ। ਵੱਟਾਂ ਵਿਚਕਾਰ ਫਾਸਲਾ 60 ਸੈਂਟੀਮੀਟਰ ਅਤੇ ਆਲੂ ਤੋਂ ਆਲੂ ਵਿਚਕਾਰ ਫਾਸਲਾ 20 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਜੈਵਿਕ ਖਾਦ: ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਖਾਦ ਪ੍ਰਬੰਧ: 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਅਤੇ 25 ਕਿਲੋ ਪੋਟਾਸ਼ ਤੱਤ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਨੂੰ ਦੇਣੇ ਚਾਹੀਦੇ ਹਨ। ਖੇਤ ਵਿੱਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ ਤੇ 18 ਕਿਲੋ ਪ੍ਰਤੀ ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ।

ਮਿੱਟੀ ਚਾੜ੍ਹਨਾ: ਦੁਵੱਲੇ ਫਾਲਿਆਂ ਵਾਲਾ ਮਿੱਟੀ ਪਲਟਾਊ ਹਲ ਜਾਂ ਵੱਟਾਂ ਬਣਾਉਣ ਵਾਲੇ ਹਲ ਦੀ ਸਹਾਇਤਾ ਨਾਲ ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤੁਰੰਤ ਬਾਅਦ ਖੇਤ ਵਿੱਚ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਵਿਛਾਉਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ ਜਾਂ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖਿਆਂ ਵਿੱਚੋਂ ਕਿਸੇ ਵੀ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ:

ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਰੀਲੋਨ 75 ਤਾਕਤ (ਆਈਸੋਪ੍ਰੋਟਯੂਰਾਨ) 500 ਗ੍ਰਾਮ ਜਾਂ ਸੈਨਕੋਰ 70 ਤਾਕਤ (ਮੈਟਰੀਬਿਊਜ਼ਿਨ) 200 ਗ੍ਰਾਮ ਜਾਂ ਲਾਸੋ 50 ਤਾਕਤ (ਐਲਕਲੋਰ) 2 ਲਿਟਰ ਜਾਂ ਐਟਰਾਟਾਫ* 50 ਤਾਕਤ (ਐਟਰਾਜ਼ੀਨ) 200 ਗ੍ਰਾਮ ਜਾਂ ਲਾਸੋ 50 ਤਾਕਤ (ਐਲਕਲੋਰ) 2 ਲਿਟਰ ਜਾਂ ਲਾਸੋ 50 ਤਾਕਤ (ਐਲਕਲੋਰ) 1 ਲਿਟਰ + ਐਟਰਾਟਾਫ 50 ਤਾਕਤ (ਐਟਰਾਜ਼ੀਨ) 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ੍ਹ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ। ਜਦੋਂ ਆਲੂਆਂ ਦਾ ਜੰਮ੍ਹ 5-10 ਪ੍ਰਤੀਸ਼ਤ ਹੋ ਜਾਵੇ ਤਾਂ ਗਰੈਮੈਕਸੋਨ 24 ਤਾਕਤ (ਪੈਰਾਕੂਐਟ) 500-750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਾਵਧਾਨੀਆਂ: ਐਟਰਾਟਾਫ ਉਨ੍ਹਾਂ ਖੇਤਾਂ ਵਿੱਚ ਨਾ ਵਰਤੋ ਜਿੱਥੇ ਆਲੂਆਂ ਤੋਂ ਬਾਅਦ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਕਰਨੀ ਹੋਵੇ।

ਸਿੰਜਾਈ ਪ੍ਰਬੰਧ: ਪਹਿਲਾਂ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ ਜਿਸ ਨਾਲ ਫ਼ਸਲ ਠੀਕ ਉੱਗਦੀ ਹੈ। ਜੇ ਹਲਕੀ ਸਿੰਜਾਈ ਵਾਰ-ਵਾਰ ਕੀਤੀ ਜਾਵੇ ਤਾਂ ਆਲੂਆਂ ਦੀ ਫ਼ਸਲ ਵਧੀਆ ਹੁੰਦੀ ਹੈ। ਸਿੰਜਾਈ ਸਮੇਂ ਖ਼ਿਆਲ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਦੀ ਨਾ ਵਗੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਉੱਗਣ ਅਤੇ ਵਾਧੇ ’ਤੇ ਮਾੜਾ ਅਸਰ ਪੈਂਦਾ ਹੈ। ਆਲੂ ਦੀ ਫ਼ਸਲ ਲਈ ਕੁੱਲ 7 ਤੋਂ 8 ਸਿੰਜਾਈਆਂ ਕਾਫ਼ੀ ਹੁੰਦੀਆਂ ਹਨ। ਰੇਤਲੀਆਂ ਹਲਕੀਆਂ ਜ਼ਮੀਨਾਂ ਵਿੱਚ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਨੂੰ ਚੰਗੇ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਸਿੰਜਾਈ ਦੇ ਨਾਲ 25 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਵਿਛਾਉ ਅਜਿਹਾ ਕਰਨ ਨਾਲ ਦੋ ਪਾਣੀਆਂ ਦੀ ਬੱਚਤ ਹੁੰਦੀ ਹੈ।

ਪੁਟਾਈ: ਆਲੂਆਂ ਦੀ ਪੁਟਾਈ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਕਰੋ। ਪੁਟਾਈ ਸਮੇਂ ਜ਼ਮੀਨ ਵਿੱਚ ਠੀਕ ਵੱਤਰ ਹੋਣਾ ਚਾਹੀਦਾ ਹੈ। ਢੀਮਾਂ ਮਸ਼ੀਨਾਂ ਚੱਲਣ ਵਿੱਚ ਵਿਘਨ ਪਾਉਂਦੀਆਂ ਹਨ। ਆਲੂਆਂ ਨੂੰ ਪੁੱਟਣ ਤੋਂ ਬਾਅਦ 10-15 ਦਿਨ ਖੇਤ ਵਿੱਚ ਪਏ ਰਹਿਣ ਦਿਉ।

ਆਲੂਆਂ ਦੀ ਦਰਜਾਬੰਦੀ: ਪੁੱਟਣ ਤੋਂ ਬਾਅਦ ਆਲੂਆਂ ਦੇ 4 ਦਰਜੇ ਬਣਾਉਣੇ ਚਾਹੀਦੇ ਹਨ: ਛੋਟਾ ਆਕਾਰ (25 ਗ੍ਰਾਮ ਤੋਂ ਘੱਟ), ਦਰਮਿਆਨਾ ਆਕਾਰ (25-50 ਗ੍ਰਾਮ), ਵੱਡਾ ਆਕਾਰ (50-75 ਗ੍ਰਾਮ), ਬਹੁਤ ਵੱਡਾ ਆਕਾਰ (75 ਗ੍ਰਾਮ ਤੋਂ ਵੱਧ)

ਆਲੂਆਂ ਨੂੰ ਸਟੋਰ ਕਰਨਾ: ਬੀਜ ਰੱਖਣ ਲਈ, ਆਲੂਆਂ ਨੂੰ ਉਸ ਕੋਲਡ ਸਟੋਰ ਵਿੱਚ ਰੱਖੋ ਜਿਸ ਦਾ ਤਾਪਮਾਨ 2-4 ਡਿਗਰੀ ਸੈਂਟੀਗ੍ਰੇਡ ਅਤੇ ਨਮੀਂ 75-80 ਫ਼ੀਸਦ ਹੋਵੇ।