

ਨਰਮੇ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਾਂਝੇ ਉੱਦਮਾਂ ਦੀ ਲੋੜ
ਨਰਮਾ ਕਪਾਹ ਪੰਜਾਬ ਦੇ ਦੱਖਣ-ਪੱਛਮੀ ਜ਼ਿਲਿਆਂ ਦੀ ਪ੍ਰਮੁੱਖ ਨਕਦੀ ਫਸਲ ਹੈ। ਪੰਜਾਬ ਵਿੱਚ ਬੀ ਟੀ ਨਰਮੇ ਦੀ ਆਮਦ ਤੋਂ ਪਹਿਲਾਂ ਟੀਂਡੇ ਦੀਆਂ ਸੁੰਡੀਆਂ (ਅਮਰੀਕਣ, ਚਿਤਕਬਰੀ ਅਤੇ ਗੁਲਾਬੀ ਸੁੰਡੀ) ਅਤੇ ਰਸ ਚੂਸਣ ਵਾਲੇ ਕੀੜੇ (ਤੇਲਾ, ਚਿੱਟੀ ਮੱਖੀ ਅਤੇ ਚੇਪਾ) ਹਮਲਾ ਕਰਦੇ ਸਨ। ਭਾਵੇਂ ਕਿ ਬੀ ਟੀ ਨਰਮੇ ਦੇ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੇ ਹਮਲੇ ਵਿੱਚ ਭਾਰੀ ਕਮੀ ਪਾਈ ਗਈ, ਪਰ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ 4-5 ਸਾਲਾਂ ਤੋਂ ਗੁਲਾਬੀ ਸੁੰਡੀ ਦਾ ਹਮਲਾ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਵਿੱਚ ਪਾਇਆ ਗਿਆ ਹੈ। ਸਾਲ 2018 ਦੌਰਾਨ ਹਰਿਆਣਾ ਦੇ ਜ਼ਿੰਦ ਖੇਤਰ ਵਿੱਚ ਵੀ ਇਸ ਕੀੜੇ ਦਾ ਨੁਕਸਾਨ ਵੇਖਿਆ ਗਿਆ ਹੈ, ਜਿੱਥੇ ਨਰਮੇ ਕਪਾਹ ਦੀ ਖੇਤੀ ਦੇ ਹਾਲਾਤ ਜ਼ਿਆਦਾਤਰ ਪੰਜਾਬ ਵਰਗੇ ਹੀ ਹਨ। ਸਾਲ 2020 ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਬਠਿੰਡੇ ਜ਼ਿਲ੍ਹੇ ਦੇ ਕੁੱਝ ਖੇਤਾਂ ਵਿੱਚ ਪਾਇਆ ਗਿਆ ਹੈ ਜੋ ਕਿ ਮਿਲ੍ਹਾਂ ਦੇ ਨੇੜੇ ਬੀਜੇ ਗਏ ਸਨ। ਇਸ ਲਈ ਆਉਂਦੇ ਸਮੇਂ ਵਿੱਚ ਇਸ ਦੇ ਹਮਲੇ ਦੇ ਵੱਧਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਨਰਮੇ ਉੱਪਰ ਇਸ ਦੀ ਸੁਚੱਜੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ-
- ਸਰਵਪੱਖੀ ਰੋਕਥਾਮ: ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।
- ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਛਿਟੀਆਂ ਦੀ ਸਾਂਭ ਸੰਭਾਲ-
- ਆਖਰੀ ਚੁਣਾਈ ਤੋਂ ਬਾਅਦ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿੱਚ ਛੱਡ ਦਿਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਨਸ਼ਟ ਕਰ ਦਿਓ।
- ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫੈਲਦੇ ਹਨ। ਨਰਮੇ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਅਤੇ ਰੁੱਖ/ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ।
- ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਨਾ ਲਿਜਾਓ।
ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲ੍ਹਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ-
- ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲ੍ਹਾਂ ਵਿੱਚ ਨਾ ਲਿਜਾਓ।
- ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨਸ਼ਟ ਕਰ ਦਿਓ।
- ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ /ਡੈਲੀਸ਼ੀਆ ਦੀ 3 ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦਿਓ।
ਗੁਲਾਬੀ ਸੁੰਡੀ ਦਾ ਸਰਵੇਖਣ-
- ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਵਰਤੋਂ, ਜਿਸ ਵਿੱਚ ਘੱਟੋਂ-ਘੱਟ 10 ਮਾਈਕੋ੍ਰਲੀਟਰ ਫਿਰੋਮੋਨ ਪ੍ਰਤੀ ਲਿਓਰ (ਗੋਸੀਪਲੋਰ) ਹੋਵੇ। ਇਹਨਾਂ ਨੂੰ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਸਟਿਕਾ ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉੱਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਹੈਕਟੇਅਰ ਵਰਤੋ।
ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ-
- ਨਰਮੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਤੇ ਅਗੇਤੀ ਖਿੜਨ ਵਾਲੀਆਂ ਸਿਫਾਰਸ਼ ਕੀਤੀਆਂ ਕਿਸਮਾਂ/ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੋ। ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਦਿਓ।
- ਬੀ ਟੀ ਨਰਮੇ ਦੇ ਆਲੇ-ਦੁਆਲੇ ਬੀ ਟੀ ਰਹਿਤ ਨਰਮਾ ਜ਼ਰੂਰ ਬੀਜੋ।
- ਨਰਮੇ ਦੀ ਖੜ੍ਹੀ ਫ਼ਸਲ ਵਿੱਚ ਕਣਕ ਨਹੀਂ ਬੀਜਣੀ ਚਾਹੀਦੀ। ਜਿਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਨਰਮੇ ਦੀ ਖੜ੍ਹੀ ਫ਼ਸਲ ਦੇ ਨਾਲ ਹੀ ਕੀਤੀ ਜਾਂਦੀ ਹੈ ਉਨ੍ਹਾਂ ਖੇਤਾਂ ਵਿੱਚੋਂ ਨਰਮੇ ਦੀਆਂ ਛਿਟੀਆਂ ਤੁਰੰਤ ਪੁੱਟ ਲੈਣੀਆਂ ਚਾਹੀਦੀਆਂ ਹਨ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.