Expert Advisory Details

idea99vn_kheti.jpg
Posted by PAU, Ludhiana
Punjab
2020-12-04 15:01:36

ਪਾਪਲਰ- ਪਾਪਲਰ ਦੀ ਪਲਾਂਟੇਸ਼ਨ ਵਿੱਚ ਪਿਆਜ਼ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਲਗਾ ਦੇਣੇ ਚਾਹੀਦੇ ਹਨ। ਜੇਕਰ ਫਸਲ ਨਾ ਬੀਜੀ ਹੋਵੇ ਤਾਂ ਖੇਤਾਂ ਨੂੰ ਚੰਗੀ ਤਰਾਂ ਵਾਹ ਦਿਓ, ਤਾਂਕਿ ਅਗਲੇ ਸਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਦਾ ਹਮਲਾ ਘੱਟ ਹੋਵੇ।

ਕਾਂਟ ਛਾਂਟ- ਲੱਕੜ ਉਦਯੋਗ ਵਿੱਚ ਹਮੇਸ਼ਾਂ ਹੀ ਪਾਪਲਰ ਦੇ ਸਿੱਧੇ ਤੇ ਸਾਫ਼ ਤਣੇ ਨੂੰ ਪਸੰਦ ਕੀਤਾ ਜਾਂਦਾ ਹੈ। ਨਵੇਂ ਪੁੰਗਾਰੇ ਸਮੇਂ ਇਕ ਤੋਂ ਵੱਧ ਮੁੱਖ ਸ਼ਾਖਾਵਾਂ ਬਣ ਜਾਂਦੀਆਂ ਹਨ ਜੋ ਕਿ ਇਮਾਰਤੀ ਦਰੱੱਖ਼ਤਾਂ ਵਿੱਚ ਬੇਲੋੜੀਆਂ ਸਮਝੀਆਂ ਜਾਂਦੀਆਂ ਹਨ। ਇਕ ਸਿਹਤਮੰਦ ਮੁੱਖ ਸ਼ਾਖਾ ਹੀ ਰੱਖੋ।ਇਹ ਕੰਮ ਪਹਿਲੇ ਸਾਲ ਤੋਂ ਸ਼ੁਰੂ ਕਰਕੇ ਜਦੋਂ ਤੱਕ ਸਿੱਧਾ ਇੱੱਕ ਤਣਾ 9-10 ਮੀਟਰ ਦੀ ਉਂਚਾਈ ਤੱਕ ਨਹੀਂ ਹੋ ਜਾਂਦਾ, ਕਰਦੇ ਰਹੋ।ਕਾਂਟ-ਛਾਂਟ ਬੂਟਿਆਂ ਦੇ ਵਾਧੇ ਅਤੇ ਉਮਰ ਤੇ ਨਿਰਭਰ ਕਰਦੀ ਹੈ। ਕਾਂਟ-ਛਾਂਟ ਸਿਰਫ ਮੋਟੀਆਂ ਸ਼ਾਖਾਵਾਂ ਦੀ ਹੀ ਕਰਨੀ ਚਾਹੀਦੀ ਹੈ ਕਿਉਂਕਿ ਪਤਲੀਆਂ ਸ਼ਾਖਾਵਾਂ ਰੁੱਖ ਦੇ ਵਾਧੇ ਵਿਚ ਸਹਾਈ ਹੁੰਦੀਆਂ ਹਨ।ਵਾਧੂ ਕਾਂਟ-ਛਾਂਟ ਨਾ ਕਰੋ ਕਿਉਂਕਿ ਇਸ ਨਾਲ ਹੇਠਲੇ ਹਿੱਸੇ ਤੋਂ ਵਾਧੂ ਸ਼ਾਖਾਵਾਂ ਨਿਕਲਦੀਆਂ ਹਨ ਅਤੇ ਕੱਟੀ ਗਈ ਥਾਂ (ਤਣਾ) ਉੱਪਰ ਨੂੰ ਉੱਭਰ ਆਉਂਦਾ ਹੈ ਜਿਸ ਨਾਲ ਲੱਕੜ ਦੀ ਗੁਣਵੱੱਤਾ ਮਾੜੀ ਹੋ ਜਾਂਦੀ ਹੈ।ਦਰਖ਼ਤਾਂ ਦੇ ਕੱਟੇ ਹਿੱਸਿਆਂ ਤੇ ਬੋਰਡੋਐਕਸ ਪੇਸਟ ਲਗਾਉਣਾ ਨਾ ਭੁੱਲੋ।

ਸਫ਼ੈਦਾ- ਇਮਾਰਤੀ ਲੱਕੜ ਲਈ ਰੁੱਖਾਂ ਨੂੰ 8 ਤੋਂ 10 ਸਾਲਾਂ ਦੀ ਉਮਰ ਤੋ ਬਾਅਦ ਕੱਟੋ, ਜਦੋਂ ਇਹਨਾਂ ਦੇ ਤਣੇ ਦੀ ਮੋਟਾਈ 0.8-1.0 ਮੀਟਰ ਹੋ ਜਾਵੇ (ਧਰਤੀ ਤੋਂ 1.37 ਮੀਟਰ ਦੀ ਉਚਾਈ ਤੇ) ਪੇਪਰ ਅਤੇ ਪੱਲਪ ਲਈ ਸਫੈਦੇ ਦੇ ਰੁੱਖ 6 ਸਾਲਾਂ ਦੀ ਉਮਰ ਤੋਂ ਬਾਅਦ ਕੱਟੋ ਜਦੋਂ ਇਹਨਾਂ ਦੀ ਮੋਟਾਈ 40 ਸੈਟੀਮੀਟਰ ਹੋ ਜਾਵੇ ਅਤੇ ਬੱਲੀਆਂ ਲਈ ਸਫੈਦੇ ਦੇ ਰੁੱਖ 4 ਸਾਲ ਦੀ ਉਮਰ ਤੋ ਬਾਅਦ ਕੱਟ ਲਵੋ। ਰੁੱਖਾਂ ਦੀ ਕਟਾਈ ਸਰਦੀਆਂ ਵਿੱਚ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਮੁੱਢ ਛਾਂ ਹੇਠਾਂ ਸੁਕਾਉਣੇ ਚਾਹੀਦੇ ਹਨ ਤਾਂ ਜੋ ਲੱਕੜ ਨੂੰ ਘੁੰਮਣ ਅਤੇ ਫੱੱਟਣ ਤੋਂ ਬਚਾਇਆ ਜਾ ਸਕੇ।

 

ਟਾਹਲੀ- ਟਾਹਲੀ ਦੀ ਨਰਸਰੀ ਉਗਾਉਣ ਵਾਸਤੇ, ਸਿਹਤਮੰਦ ਤੇ ਸਿੱਧੇ ਦਰੱੱਖ਼ਤਾਂ ਤੋਂ ਦਸੰਬਰ ਵਿੱਚ ਫ਼ਲੀਆਂ ਇਕੱਠੀਆਂ ਕਰਕੇ ਬੀਜ ਲਈ ਸੁਕਾ ਕੇ ਅਤੇ ਫਿਰ ਹਵਾ ਬੰਦ ਬਰਤਨ ਵਿੱਚ ਸਾਂਭ ਲਉ।