Update Details

7126-Termite.jpg
Posted by PAU, Ludhiana
2018-01-26 06:56:05

ਸਿਉਂਕ ਦੀ ਰੋਕਥਾਮ ਲਈ ਵਾਤਾਵਰਨ-ਸਹਾਈ ਘੜਾ ਟਰੈਪ

ਪੰਜਾਬ ਵਿੱਚ ਬਾਗਾਂ,ਨਰਸਰੀ ਅਤੇ ਵੱਡੇ ਬੂਟਿਆਂ ਵਿੱਚ  ਸਿਉਂਕ ਦੇ ਮਹੱਤਵਪੂਰਨ ਕੀੜੇ ਮਿੱਟੀ ਹੇਠਾਂ ਰਹਿੰਦੇ ਹਨ। ਇਹ ਕੀੜੇ ਖਾਸ ਕਰਕੇ ਲੱਕੜ ਦੇ ਸੈਲੂਲੋਜ਼ ਨੂੰ ਆਪਣਾ ਆਹਾਰ ਬਣਾਉਂਦੇ ਹਨ । 

ਇਹ ਕੀੜੇ ਸਮਾਜਿਕ, ਬਹੁ-ਆਹਾਰੀ ਅਤੇ ਬਹੁਰੂਪੀ (ਰਾਣੀ, ਰਾਜਾ, ਸਿਪਾਹੀ ਅਤੇ ਕਾਮਾ) ਹਨ ਜੋ ਕਿ ਵੱਡੇ ਸਮੂਹਕ ਨਿਵਾਸਾਂ ਵਿੱਚ ਰਹਿੰਦੇ ਹਨ ਜਿਨਾਂ ਨੂੰ ਵਿਰਮੀ, ਸਿਉਂਕ ਘਰ ਜਾਂ ਟਰਮੀਟੇਰੀਆ ਕਿਹਾ ਜਾਂਦਾ ਹੈ। 

ਇਹ ਵਿਰਮੀਆਂ ਜ਼ਮੀਨ ਦੇ ਉੱਪਰ ਜਾਂ ਥੱਲੇ ਦੋਵੇਂ ਥਾਵਾਂ ਤੇ ਬਣਦੀਆਂ ਹਨ। ਸਿਰਫ਼ ਕਾਮਾ ਸ਼੍ਰੇਣੀ ਹੀ ਬੂਟਿਆਂ ਦੀਆਂ ਜੜ੍ਹਾਂ ਅਤੇ ਹੋਰ ਜ਼ਮੀਨ ਤੋਂ ਉੱਪਰਲੇ ਹਿੱਸਿਆਂ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੇ ਹਨ। ਪੰਜਾਬ ਵਿੱਚ ਸਿਉਂਕ ਦੇ ਹਮਲੇ ਦਾ ਮੱੁਖ ਸਮਾਂ ਅਪ੍ਰੈਲ ਤੋਂ ਜੂਨ ਅਤੇ ਸਤੰਬਰ-ਅਕਤੂਬਰ ਹੁੰਦਾ ਹੈ।

ਨਾਸ਼ਪਾਤੀ, ਬੇਰ, ਆੜੂ, ਅੰਗੂਰ ਅਤੇ ਆਮਲੇ ਦੇ ਬਾਗਾਂ ਵਿੱਚ ਸਿਉਂਕ ਦੀ ਵਾਤਾਵਰਨ-ਸਹਾਈ ਰੋਕਥਾਮ ਲਈ 13 ਇੰਚ ਅਕਾਰ ਵਾਲੇ ਘੜ੍ਹੇ, ਜਿਨ੍ਹਾਂ ਵਿੱਚ 24 ਮੋਰੀਆਂ ਕੀਤੀਆਂ ਹੋਣ, ਨੂੰ ਮੱਕੀ ਦੇ ਗੱੁਲਿਆਂ ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿੱਚ ਦਬਾਉ।

ਇਨ੍ਹਾਂ ਘੜ੍ਹਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤ੍ਹਾ ਤੋਂ ਥੋੜ੍ਹਾ ਉੱਪਰ ਰੱਖਕੇ ਚੱਪਣ ਨਾਲ ਢੱਕ ਦਿਉ।ਮਿੱਟੀ ਵਿੱਚ ਦੱਬਣ ਤੋਂ 20 ਦਿਨ੍ਹਾਂ ਬਾਦ ਘੜ੍ਹੇ ਨੂੰ ਬਾਹਰ ਕੱਢੋ ਅਤੇ ਅੰਦਰ ਇਕੱਠੀ ਹੋਈ ਸਿਉਂਕ ਨੂੰ ਕੁੱਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖਤਮ ਕਰ ਦਿਉ। ਸਿਉਂਕ ਦੀ ਰੋਕਥਾਮ ਲਈ ਪ੍ਰਤੀ ਏਕੜ 14 ਘੜਿਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- ਡਾ. ਸਨਦੀਪ ਸਿੰਘ (98154-13046)