Update Details

6276-avn.jpg
Posted by PAU, Ludhiana
2018-02-16 11:09:00

ਜੈਵਿਕ ਖਾਦਾਂ ਦੀ ਵਰਤੋਂ ਕਰੀਏ

ਮੌਸਮੀ ਤਬਦੀਲੀਆਂ ਅਤੇ ਮਿੱਟੀ ਦੀ ਸਿਹਤ ਵਿੱਚ ਵਿਗਾੜ ਆਉਣ ਕਰਕੇ ਕਣਕ ਦੀ ਉਪਜ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ । ਖੇਤੀਬਾੜੀ ਵਿੱਚ ਸੁਧਾਰ ਲਈ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਟੀ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਉੱਤਮ ਵਰਤੋਂ ਅਤੇ ਪ੍ਰਬੰਧ ਜ਼ਰੂਰੀ ਹੈ । ਜੋ ਕਿ ਮਿੱਟੀ ਦੇ ਬਾਇਓਲੋਜੀਕਲ ਪ੍ਰਕ੍ਰਿਆਵਾਂ ਅਤੇ ਮਿੱਟੀ ਦੀ ਜੈਵਿਕ ਵਿਭਿੰਨਤਾ ਤੇ ਨਿਰਭਰ ਕਰਦੀ ਹੈ। ਅਜਿਹੀ ਸਥਿਤੀ ਵਿੱਚ ਬਾਇਓਫਰਟੀਲਾਇਜ਼ਰ/ਮਾਇਕ੍ਰੋਬੀਅਲ ਇਨੋਕੁਲੇਟ ਇੱਕ ਜੈਵਿਕ ਬਚਾਅ ਪ੍ਰਣਾਲੀ ਹੈ, ਜੋ ਪੌਸ਼ਟਿਕ ਤੱਤਾਂ ਨੂੰ ਗੈਰ ਵਰਤੋਂ ਯੋਗ ਰੂਪ ਤੋਂ ਵਰਤੋਂ ਯੋਗ ਵਿੱਚ ਲਿਆਉਣ ਅਤੇ ਇਸ ਨੂੰ ਪੌਦਿਆਂ ਦੇ ਲਈ ਉਪਲੱਬਧ ਕਰਾਉਣ ਦੀ ਸਮਰੱਥਾ ਰੱਖਦੀ ਹੈ।

ਬਾਇਓਫਰਟੀਲਾਈਜ਼ਰ ਇੱਕ ਅਜਿਹੀ ਬਣਤਰ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਲਾਹੇਵੰਦ ਜੀਵ-ਜੰਤੂਆਂ ਦੀ ਨਸਲਾਂ ਜਾਂ ਪ੍ਰਜਾਤੀਆਂ ਦੀ ਆਸਾਨ ਵਰਤੋਂ ਅਤੇ ਕਿਫਾਇਤੀ ਵਾਹਕ ਨਿਯਮ ਸ਼ਾਮਿਲ ਹੁੰਦੇ ਹਨ। ਟੀਕਾਕਰਨ ਜੀਵਤ ਜੀਵਾਣੂੰਆਂ ਦੀ ਆਵਾਜਾਈ ਦਾ ਸਾਧਨ ਹੁੰਦਾ ਹੈ ਅਤੇ ਉਨ੍ਹਾਂ ਨੂੰ ਪੌਦਿਆਂ ਦੇ ਵਿਕਾਸ ਤੇ ਵਧੀਆ ਪ੍ਰਭਾਵ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਣਕ ਦੀ ਫਸਲ ਲਈ ਇੱਕ ਨਵੀਂ ਜੈਵਿਕ ਖਾਦ ਦੀ ਸਿਫਾਰਿਸ਼ ਕੀਤੀ ਹੈ ਜਿਸ ਵਿੱਚ ਐਜ਼ੋਟੋਬੇਕਟਰ ਸਪ. ਅਤੇ ਸਟ੍ਰੈਪਟੋਮਾਸੀਸ ਬੈਡਿਅਸ (ਐਜ਼ੋ-ਐਸ) ਨੂੰ ਇੱਕ ਚਾਰਕੋਲ ਆਧਾਰਿਤ ਸੰਵਾਹਕ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ । ਐਜ਼ੋਟੋਬੇਕਟਰ ਸਪ. ਇੱਕ ਫ੍ਰੀ ਲਿਵਿੰਗ ਡਾਈਐਜ਼ੋਟ੍ਰੋਫ ਹੈ, ਜੋ ਕਿ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਬਧ ਕਰਵਾਉਂਦਾ ਹੈ। ਐਜ਼ੋਟੋਬੇਕਟਰ ਸਪ. ਨੂੰ ਇਸਦੀਆਂ ਵਿਸ਼ੇਸ਼ਤਾਵਾਂ ਕਰਕੇ ਫਸਲ ਲਈ ਲਾਹੇਵੰਦ ਮੰਨਿਆ ਜਾਂਦਾ ਹੈ, ਜਿਵੇਂ ਕਿ ਅਮੋਨੀਆ, ਫਾਸਫੇਟ ਘੁਲਣਸ਼ੀਲ਼ਤਾ ਅਤੇ ਵਿਕਾਸ ਦੇ ਪਦਾਰਥ ਪੈਦਾ ਕਰਨ ਦੀ ਸਮਰੱਥਾ, ਜਿਸ ਨਾਲ ਬੀਜਾਂ ਦੀ ਉਪਜ ਵਿੱਚ ਵਾਧਾ ਹੁੰਦਾ ਹੈ । ਸਟ੍ਰੈਪਟੋਮਾਈਸੀਸ ਅਤੇ ਐਕਟੀਨੋਬੈਕਟੀਰੀਆ ਪੌਦੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੈਰਾਨੀਪੂਰਵਕ ਰੂਪ ਨਾਲ ਖੋਜੇ ਗਏ ਹਨ। ਐਕਟੀਨੋਬੈਕਟੀਰੀਆ ਫਾਸਫੋਰਸ ਨੂੰ ਘੁਲਣਸ਼ੀਲ ਬਣਾ ਕੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾਲ ਹੀ ਸਾਈਡ੍ਰੋਫੋਰ ਅਤੇ ਫਾਈਟੋਹਾਰਮੋਨ ਇਨਡੋਲ-3 ਐਸੀਟਿਕ ਐਸਿਡ (ਆਈ ਏ ਏ) ਤਿਆਰ ਕਰਦਾ ਹੈ। ਸਟ੍ਰੈਪਟੋਮਾਸੀਸ ਬੈਡੀਅਸ ਇੱਕ ਐਂਡੋਫਿਟਿਕ ਐਕਟੀਨੋਮਾਸੀਟੀਸ ਹੈ, ਜੋ ਕਿ ਕਣਕ ਦੇ ਪੌਦਿਆਂ ਦੀ ਜੜ੍ਹ ਤੋਂ ਕਢਿਆ ਗਿਆ ਹੈ । ਇਹ ਫਾਈਟੋਹੋਰਮੋਨ, ਨਾਈਟ੍ਰੋਜਨ ਨਿਰਧਾਰਨ, ਫਾਸਫੇਟ ਘੁਲਣਸ਼ੀਲਤਾ ਅਤੇ ਸਾਈਡਰੋਫੋਰ ਦੇ ਉਤਪਾਦਨ ਰਾਹੀਂ ਪੋਸ਼ਟਿਕ ਵਿਕਾਸ ਨੂੰ ਉਸ਼ਾਹਿਤ ਕਰਦਾ ਹੈ।

ਵਰਤੋਂ ਦਾ ਢੰਗ: ਇਸ ਬਾਇਓਫਰਟੀਲਾਇਜ਼ਰ ਦੀ ਵਰਤੋਂ ਬੀਜਾਂ ਨੂੰ ਸੋਧਣ ਲਈ ਕੀਤੀ ਜਾਂਦੀ ਹੈ। 250 ਗ੍ਰਾਮ ਦੇ ਦੋ ਪੈਕਟ (ਐੋਜ਼ੋਟੋਬੈਕਟਰ ਅਤੇ ਸਟ੍ਰੈਪਟੋਸਾਸੀਸ ਬੈਡਿਅਸ) ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ, ਜੋ ਕਿ 40 ਕਿੱਲੋ (ਇੱਕ ਏਕੜ) ਕਣਕ ਦੇ ਬੀਜ ਵਾਸਤੇ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਬੀਜ ਨੂੰ ਛਾਵੇਂ ਸੁਕਾ ਕੇ ਉਸੇ ਦਿਨ ਬਿਜਾਈ ਕਰ ਦੇਣੀ ਚਾਹੀਦੀ ਹੈ। ਕੀਟਨਾਸ਼ਕ ਅਤੇ ਫੰਜੀਸਾਈਡ ਨਾਲ ਇਲਾਜ਼ ਕਰਨ ਤੋਂ ਬਾਅਦ ਬੀਜਾਂ ਨੂੰ ਸਿਫਾਰਿਸ਼ ਕੀਤੇ ਬਾਇਓ-ਫਰਟੀਲਾਇਜ਼ਰ ਦਾ ਟੀਕਾ ਲਾਉਣਾ ਚਾਹੀਦਾ ਹੈ।

ਇਹ ਜੈਵਿਕ ਖਾਦ, ਮਾਇਕ੍ਰੋਬਾਇਓਲੋਜ਼ੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ ਵਿੱਚ ਉਪਲੱਬਧ ਹੈ । ਇਸ ਦੀ ਕੀਮਤ 40/- ਰੁ: ਹੈ।