Update Details

3942-month.jpg
Posted by ਡਾ. ਰਣਜੀਤ ਸਿੰਘ -ਮੋਬਾਈਲ : 94170-87328
2018-08-31 07:06:51

ਟਮਾਟਰ, ਪਿਆਜ਼, ਗੋਭੀ ਤੇ ਬੈਂਗਣਾਂ ਦੀ ਲੁਆਈ ਦਾ ਸਮਾਂ

ਆਮ ਤੌਰ ਉਤੇ ਕਿਸਾਨ ਅਗਸਤ ਦੇ ਮਹੀਨੇ ਨੂੰ ਵਿਹਲ ਵਾਲਾ ਮਹੀਨਾ ਸਮਝਦੇ ਹਨ। ਇਸੇ ਕਰਕੇ ਇਸ ਮਹੀਨੇ ਪਿੰਡਾਂ ਵਿਚ ਥਾਂ-ਥਾਂ ਕੁਸ਼ਤੀਆਂ ਜਿਨ੍ਹਾਂ ਨੂੰ 'ਛਿੰਝ' ਵੀ ਆਖਿਆ ਜਾਂਦਾ ਹੈ, ਪੈਂਦੀਆਂ ਹਨ। ਬਰਸਾਤ ਹੋਣ ਨਾਲ ਹਰੇ ਚਾਰੇ ਵਿਚ ਵਾਧੇ ਨਾਲ ਦੁਧਾਰੂਆਂ ਦੇ ਦੁੱਧ ਵਿਚ ਵੀ ਵਾਧਾ ਹੋ ਜਾਂਦਾ ਹੈ। ਪਿੰਡਾਂ ਵਿਚ ਇਨ੍ਹਾਂ ਦਿਨਾਂ ਵਿਚ ਖੀਰ ਤੇ ਪੂੜੇ ਆਮ ਬਣਦੇ ਸਨ। ਪਰ ਇਸ ਮਹੀਨੇ ਵੀ ਕਈਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਟਮਾਟਰ, ਪਿਆਜ਼, ਗੋਭੀ ਤੇ ਬੈਂਗਣਾਂ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਟਮਾਟਰ, ਪਿਆਜ਼, ਫੁਲਗੋਭੀ ਅਤੇ ਬੈਂਗਣਾਂ ਦੀ ਵਰਤੋਂ ਸਾਰੇ ਘਰਾਂ ਵਿਚ ਹੀ ਹੁੰਦੀ ਹੈ। ਬਾਜ਼ਾਰੋਂ ਮੁੱਲ ਲੈ ਕੇ ਖਾਣ ਨਾਲੋਂ ਘਰ ਦੀ ਜ਼ਹਿਰਾਂ ਰਹਿਤ ਸ਼ੁੱਧ ਅਤੇ ਤਾਜ਼ੀ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਪਨੀਰੀ ਬੀਜੀ ਹੋਈ ਹੈ ਤਾਂ ਠੀਕ ਹੈ ਨਹੀਂ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਇਨ੍ਹਾਂ ਦੀ ਪਨੀਰੀ ਲੈ ਕੇ ਘੱਟੋ ਘੱਟ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰੋ। ਇਸ ਵਾਰ ਦੀ ਸਫ਼ਲਤਾ ਨਾਲ ਤੁਸੀਂ ਆਪਣੇ ਆਪ ਅਗਲੇ ਸਾਲ ਰਕਬੇ ਵਿਚ ਵਾਧਾ ਕਰੋਗੇ। ਸਾਉਣੀ ਦੇ ਪਿਆਜ਼ ਲਈ ਐਗਰੀ ਫ਼ੋਂਡ ਡਾਰਕ ਰੈਡ ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਕ ਏਕੜ ਵਿਚੋਂ ਕੋਈ 120 ਕੁਇੰਟਲ ਪਿਆਜ਼ ਪ੍ਰਾਪਤ ਹੋ ਜਾਂਦਾ ਹੈ। ਇਸ ਮੌਸਮ ਵਿਚ ਵੱਟਾਂ ਬਣਾ ਕੇ ਉਨ੍ਹਾਂ ਉਤੇ ਪਨੀਰੀ ਲਗਾਵੋ। ਜੇਕਰ ਪਨੀਰੀ ਨਹੀਂ ਤਾਂ ਗੰਢੀਆਂ ਰਾਹੀਂ ਵੀ ਲੁਆਈ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਵੋ। ਪਨੀਰੀ ਲਗਾਉਂਦੇ ਸਮੇਂ ਕਤਾਰਾਂ ਵਿਚ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰਖਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਮਹੀਨੇ ਪਿੱਛੋਂ ਕਰੋ। ਇਹ ਫ਼ਸਲ ਦਸੰਬਰ ਮਹੀਨੇ ਤਿਆਰ ਹੋ ਜਾਂਦੀ ਹੈ। ਪਹਿਲਾਂ ਹਰੇ ਪਿਆਜ਼ ਵੀ ਵੇਚੇ ਜਾ ਸਕਦੇ ਹਨ।

ਬੈਂਗਣਾਂ ਦੀ ਪਨੀਰੀ ਪੁੱਟ ਲਗਾਉਣ ਦਾ ਵੀ ਇਹ ਢੁਕਵਾਂ ਸਮਾਂ ਹੈ। ਪੰਜਾਬ ਨੀਲਮ, ਪੀ ਬੀ ਐਚ ਆਰ-41, ਪੀ ਬੀ ਐਚ ਆਰ-42, ਬੀ ਐਚ-2, ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-5, ਪੀ ਬੀ ਐਚ-4, ਪੰਜਾਬ ਬਰਸਾਤੀ, ਪੰਜਾਬ ਸਦਾਬਹਾਰ ਅਤੇ ਪੰਜਾਬ ਰੌਣਕ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-3 ਅਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਸਭ ਤੋਂ ਵਧ ਝਾੜ ਦੋਗਲੀ ਕਿਸਮ ਪੀ ਬੀ ਐਚ-4 ਦਾ ਕੋਈ 270 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 35 ਸੈਂਟੀਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ 55 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਡ੍ਰਿਲ ਨਾਲ ਪਾਵੋ।

ਇਸ ਮਹੀਨੇ ਦੇ ਅਖੀਰ ਵਿਚ ਟਮਾਟਰਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਈ ਜਾ ਸਕਦੀ ਹੈ। ਇਸ ਮੌਸਮ ਲਈ ਪੰਜਾਬ ਵਰਖਾ ਬਹਾਰ-4, ਪੰਜਾਬ ਵਰਖਾ ਬਹਾਰ-1 ਅਤੇ ਪੰਜਾਬ ਵਰਖਾ ਬਹਾਰ-2 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਵਰਖਾ ਬਹਾਰ-4 ਤੋਂ ਕੋਈ 245 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਬੂਟੇ ਲਗਾਉਂਦੇ ਸਮੇਂ ਕਤਾਰਾਂ ਵਿਚਕਾਰ ਫਾਸਲਾ 130 ਅਤੇ ਬੂਟਿਆਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਟਮਾਟਰਾਂ ਨੂੰ ਵੀ ਬੈਂਗਣਾਂ ਦੇ ਬਰਾਬਰ ਹੀ ਖਾਦ ਚਾਹੀਦੀ ਹੈ। ਮੁੱਖ ਮੌਸਮ ਲਈ ਗੋਭੀ ਦੀ ਪਨੀਰੀ ਪੁੱਟ ਕੇ ਹੁਣ ਖੇਤ ਵਿਚ ਲਗਾਉਣ ਦਾ ਸਮਾਂ ਹੈ। ਪੰਜਾਬ ਵਿਚ ਕਾਸ਼ਤ ਲਈ ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਪਨੀਰੀ ਲਗਾਉਣ ਲਈ ਲਾਈਨਾਂ ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ।

ਇਨ੍ਹਾਂ ਚੌਹਾਂ ਸਬਜ਼ੀਆਂ ਦੇ ਬੂਟੇ ਲਗਾਉਣ ਤੋਂ ਤੁਰੰਤ ਪਿੱਛੋਂ ਪਾਣੀ ਦੇਣਾ ਜ਼ਰੂਰੀ ਹੈ। ਮੁੜ ਲੋੜ ਅਨੁਸਾਰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਖੇਤ ਵਿਚ ਨਦੀਨ ਨਹੀਂ ਹੋਣੇ ਚਾਹੀਦੇ। ਸਾਰੀਆਂ ਸਬਜ਼ੀਆਂ ਦੇਸੀ ਰੂੜੀ ਨੂੰ ਬਹੁਤ ਮੰਨਦੀਆਂ ਹਨ। ਇਸ ਕਰਕੇ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਵਧੀਆ ਰੂੜੀ ਪ੍ਰਤੀ ਏਕੜ ਜ਼ਰੂਰ ਪਾਉਣੀ ਚਾਹੀਦੀ ਹੈ।