

ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸਬੰਧੀ ਕਿਸਾਨਾਂ ਦੇ ਖਦਸ਼ੇ?
'ਹੈਪੀ ਸੀਡਰ' ਮਸ਼ੀਨ ਝੋਨੇ ਦੀ ਪਰਾਲੀ ਵਾਲੇ ਖੇਤ ਵਿੱਚ, ਬਿਨਾਂ ਵਾਹੇ, ਕਣਕ ਦੀ ਬਿਜਾਈ ਕਰਨ ਲਈ ਵਰਤੀ ਜਾਂਦੀ ਹੈ।ਹੈਪੀ ਸੀਡਰ ਨਾਲ ਬਿਜਾਈ ਵਾਲੇ ਕਣਕ ਦੇ ਖੇਤ ਵਿੱਚ ਸਿਆੜਾਂ ਵਿੱਚਕਾਰ ਪਈ ਝੋਨੇ ਦੀ ਪਰਾਲੀ ਦੀ ਤਹਿ ਖੇਤ ਦੀ ਨਮੀਂ ਨੂੰ ਸੰਭਾਲ ਕੇ ਰੱਖਦੀ ਹੈ, ਨਦੀਨਾਂ ਨੂੰ ਉੱਗਣ ਤੋਂ ਰੋਕਦੀ ਹੈ ਅਤੇ ਫ਼ਸਲ ਪੱਕਣ ਸਮੇਂ ਜਿਆਦਾ ਗਰਮੀ ਤੋਂ ਫ਼ਸਲ ਨੂੰ ਬਚਾ ਕੇ ਰੱਖਦੀ ਹੈ। ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਤੇ ਖੇਤ ਦੀ ਜੈਵਿਕ ਕਾਰਬਨ ਵੱਧਦੀ ਹੈ, ਜ਼ਮੀਨ ਪੋਲੀ ਰਹਿੰਦੀ ਹੈ, ਜੋ ਫ਼ਸਲ ਦੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਕਈ ਸਾਲਾਂ ਤੋਂ ਹੈਪੀ ਸੀਡਰ ਅਪਣਾਇਆ ਹੈ ਉਹ ਇਸ ਤੋਂ ਕਾਫੀ ਸੰਤੁਸ਼ਟ ਹਨ ਅਤੇ ਹੈਪੀ ਸੀਡਰ ਥੱਲੇ ਰਕਬਾ ਕਾਫੀ ਵਧਿਆ ਹੈ। ਕੁਝ ਕਿਸਾਨ ਵੀਰਾਂ, ਜਿਨ੍ਹਾਂ ਪਿਛਲੇ 1-2 ਸਾਲ ਹੈਪੀ ਸੀਡਰ ਵਰਤਿਆ ਹੈ ਜਾਂ ਨਹੀਂ ਵਰਤਿਆ, ਦੇ ਮਨਾਂ ਵਿੱਚ ਹੈਪੀ ਸੀਡਰਨਾਲ ਕਣਕ ਦੀ ਬਿਜਾਈ ਸਬੰਧੀ ਕੁਝ ਸ਼ੰਕੇ ਪਾਏ ਜਾ ਰਹੇ ਹਨ ਜਿਨ੍ਹਾਂ ਬਾਬਤ ਹੇਠਾਂ ਵਿਸਥਾਰ ਪੂਰਵਕ ਦੱਸਿਆ ਗਿਆ ਹੈ।
ਹੈਪੀ ਸੀਡਰ ਖੇਤ ਵਿੱਚ ਚੰਗੀ ਤਰ੍ਹਾਂ ਨਹੀਂ ਚੱਲਦੀ, ਪਰਾਲੀ ਵਾਰ-ਵਾਰ ਫਸ ਜਾਂਦੀ ਹੈ, ਬਿਜਾਈ ਵਾਲੇ ਖੇਤ ਦਾ ਪੁੰਗਾਰਾ ਇੱਕ ਸਾਰ ਨਹੀਂ ਹੁੰਦਾ ਅਤੇ ਖੇਤ ਦਾ ਜੰਮ ਛਿੱਦਾ ਲੱਗਦਾ ਹੈ?
ਹੈਪੀ ਸੀਡਰ ਤਕਨੀਕ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਵੱਡੇ ਪੱਧਰ ਤੇ ਸੋਧਾਂ ਕੀਤੀਆ ਗਈਆਂ ਹਨ ਅਤੇ ਇਸ ਵੇਲੇ ਜੋ ਮਾਡਲ ਖੇਤਾਂ ਵਿੱਚ ਚੱਲ ਰਹੇ ਹਨ ਕਿਸਾਨ ਵੀਰ ਉਹਨਾਂ ਨਾਲ ਕਾਫੀ ਹੱਦ ਤੱਕ ਸੰਤੁਸ਼ਟ ਹਨ।ਪੀ.ਏ.ਯੂ. ਹੈਪੀ ਸੀਡਰ ਲੰਬੂਤਰੇ ਫਾਲਿਆਂ ਅਤੇ ਪ੍ਰੈਸ ਵੀਲ (ਦਬਾਅ ਵਾਲੇ ਪਹੀਏ) ਨਾਲ ਲੈਸ ਹਨ। ਜਦੋਂ ਹੈਪੀ ਸੀਡਰ ਖੇਤ ਵਿੱਚ ਚਲਦਾ ਹੈ ਤਾਂ ਰੂਟਰ ਤੇ ਲੱਗੇ ਫਲੇਲ ਪਰਾਲੀ ਨੂੰ ਕੱਟ ਕੇ ਪਿੱਛੇ ਸੁੱਟ ਦਿੰਦੇ ਹਨ ਅਤੇ ਲੰਬੂਤਰੇ ਟਾਈਨ ਕੱਟੀ ਹੋਈ ਪਰਾਲੀ ਨੂੰ ਸਿਆੜਾਂ ਦੇ ਵਿਚਕਾਰ ਵਾਲੀ ਜਗਾਹ ਤੇ ਟਿਕਾ ਦਿੰਦੇ ਹਨ ਜਿਸ ਨੂੰ ਬਾਅਦ ਵਿੱਚ ਪਰੈਸ ਵੀਲ ਦਬਾ ਦਿੰਦੇ ਹਨ ਜਿਸ ਕਰਕੇ ਕਣਕ ਦਾ ਸਿਆੜ ਨੰਗਾ (ਪਰਾਲੀ ਰਹਿਤ) ਰਹਿੰਦਾ ਹੈ ਅਤੇ ਕਣਕ ਦਾ ਫੁਟਾਰਾ ਚੰਗਾ ਅਤੇ ਇਕਸਾਰ ਹੁੰਦਾ ਹੈ। ਨਵੀਆਂ ਤਕਨੀਕਾਂ ਜਿਵੇਂ ਕਿ ਕੰਬਾਈਨ ਹਾਰਵੈਸਟਰ ਦੇ ਨਾਲ ਸੁਪਰ ਐਸ. ਐਮ. ਐਸ. ਲ਼ਾਉਣਾ ਅਤੇ ਕਟਰ-ਕਮ-ਸਪਰੈਡਰ ਪਰਾਲੀ ਨੂੰ ਟੁਕਿੜਆਂ ਵਿੱਚ ਕੱਟ ਦਿੰਦੇ ਹਨ ਜਿਸ ਨਾਲ ਹੈਪੀ ਸੀਡਰ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਸਕਦੀ ਹੈ।ਇਸ ਗੱਲ ਦਾ ਧਿਆਨ ਜਰੂਰ ਰੱਖੋ ਕਿ ਬਿਜਾਈ ਸਮੇਂ ਖੇਤ ਸਹੀ ਵੱਤਰ ਵਿੱਚ ਹੋਵੇ, ਬੀਜ 45 ਕਿਲੋ ਪ੍ਰਤੀ ਏਕੜ ਅਤੇ ਦਵਾਈਆਂ ਨਾਲ ਸੋਧ ਕੇ ਵਰਿਤਆ ਜਾਵੇ ਅਤੇ ਬਿਜਾਈ 1.5 ਤੋਂ 2 ਇੰਚ ਦੀ ਡੂੰਘਾਈ ਤੇ ਕੀਤੀ ਜਾਵੇ।
ਹੈਪੀ ਸੀਡਰ ਦੇ ਸਿਆੜਾਂ ਦੀ ਵਿੱਥ (9 ਇੰਚ) ਬਾਕੀ ਪ੍ਰਚਲਿਤ ਮਸ਼ੀਨਾਂ ਨਾਲੋਂ ਜ਼ਿਆਦਾ ਹੈ?
PAU ਹੈਪੀ ਸੀਡਰ ਦੇ 7.25 ਇੰਚ ਅਤੇ 8 ਇੰਚ ਤੇ ਸਿਆੜਾਂ ਵਾਲੇ ਮਾਡਲ ਵੀ 2017 ਵਿਚ ਵਿਕਸਿਤ ਕਰ ਲਏ ਸਨ ਅਤੇ ਪਰਖ ਅਧੀਨ ਹਨ। ਕਈ ਜਿਲਿਆਂ ਜਿਵੇਂ ਕਿ ਕਪੂਰਥਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਮਾਛੀਵਾੜਾ, ਸਮਰਾਲਾ ਅਤੇ ਲੁਧਿਆਣਾ ਦੇ ਕਿਸਾਨ ਵੀਰ ਯੂਨੀਵਰਸਿਟੀ ਦੀ ਬਣਤਰ ਮੁਤਾਬਿਕ, ਨੇੜੇ ਸਿਆੜਾਂ ਵਾਲੇ ਹੈਪੀ ਸੀਡਰ ਖਰੀਦ ਕੇ ਵੱਡੇ ਪੱਧਰ ਤੇ ਬਾਖੂਬੀ ਚਲਾ ਰਹੇ ਹਨ। 7.25 ਇੰਚ ਵਿੱਚ ਸਿਆੜਾਂ ਵਾਲਾ ਹੈਪੀ ਸੀਡਰ ਨੂੰ ਸੌਖੇ ਅਤੇ ਘੱਟ ਲੋਡ ਤੇ ਚਲਾਉਣ ਲਈ ਇਸ ਵਿਚ ਨਿਵੇਕਲਾ ਰੋਟਰ (ਸਟੈਗਰਡ ਸਟਰੋਕ ਤਕਨਾਲੋਜੀ) ਫਿੱਟ ਕੀਤਾ ਗਿਆ ਹੈ ਤਾਂ ਕਿ ਮਸ਼ੀਨ ਚੱਲਣ ਤੇ ਪਰਾਲੀ ਨਾ ਫਸੇ ਇਹਨਾਂ ਮਸ਼ੀਨਾਂ ਨਾਲ PAU ਦੇ ਵੱਡੇ ਫਾਰਮ ਜਿਵੇਂ ਲਾਡੋਵਾਲ, ਫਰੀਦਕੋਟ, ਨਾਭਾ ਵਿਖੇ ਵੀ ਬਿਜਾਈ ਕੀਤੀ ਜਾਂਦੀ ਹੈ।
ਹੈਪੀ ਸੀਡਰ ਨਾਲ ਕਣਕ ਦਬੀ ਦਬੀ ਰਹਿੰਦੀ ਹੈ ?
ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੇ ਚੰਗੇ ਵਾਧੇ ਲਈ ਪਹਿਲਾ ਪਾਣੀ ਤੇ ਯੂਰੀਆ ਖਾਦ ਪਾਉਣ ਦਾ ਸਮਾਂ ਅਤੇ ਢੰਗ ਬਹੁਤ ਮਹੱਤਤਾ ਰੱਖਦਾ ਹੈ। ਹੈਪੀ ਸੀਡਰ ਵਾਲੀ ਕਣਕ ਨੂੰ ਪਹਿਲਾਂ ਪਾਣੀ ਰਵਾਇਤੀ ਵਿਧੀ ਨਾਲ ਬੀਜੀ ਕਣਕ ਨਾਲੋਂ, ਹਮੇਸ਼ਾ 10 ਤੋਂ 12 ਦਿਨ ਲੇਟ ਲਾਉਣਾ ਚਾਹੀਦਾ ਹੈ, ਕਿਉਂਕਿ ਪਰਾਲੀ ਖੇਤ ਵਿਚਲੀ ਨਮੀ ਨੂੰ ਜ਼ਿਆਦਾ ਸਮੇਂ ਤੱਕ ਸੰਭਾਲ ਕੇ ਰੱਖਦੀ ਹੈ। ਕਦੇ ਵੀ ਅਗੇਤਾ ਪਾਣੀ ਨਾ ਲਾਉ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਣਕ ਘੁੱਟੀ ਜਾਵੇਗੀ. ਇੱਥੇ ਧਿਆਨ ਜਰੂਰ ਰੱਖਿਆ ਜਾਵੇ ਕਿ ਬਿਜਾਈ ਘੇਰੇ ਰੁੱਖ ਕਰਨ ਦੀ ਬਜਾਇ ਰਹਿਲਾਂ ਵਿੱਚ ਕੀਤੀ ਜਾਵੇ ਕਿਉਂਕਿ ਰਹਿਲਾਂ ਵਿੱਚ ਬੀਜੀ ਫਸਲ ਨੂੰ ਪਾਣੀ ਜਲਦੀ ਅਤੇ ਪਤਲਾ ਲਗਦਾ ਹੈ, ਜਦੋਂ ਕਿ ਘੇਰੇ ਰੁੱਖ ਬੀਜੀ ਫਸਲ ਵਿੱਚ ਪਰਾਲੀ ਪਾਣੀ ਦੇ ਵਹਾਅ ਨੂੰ ਅੜਿੱਕਾ ਲਾਉਂਦੀ ਹੈ ਅਤੇ ਪਾਣੀ ਜ਼ਿਆਦਾ ਭਾਰਾ ਲੱਗਣ ਕਰਕੇ ਕਣਕ ਪੀਲੀ ਪੈ ਸਕਦੀ ਹੈ। ਯੂਰੀਆ ਖਾਦ ਹਮੇਸ਼ਾਂ ਪਾਣੀ ਲਾਉਣ ਦੇ ਤੁਰੰਤ ਪਹਿਲਾਂ ਛੱਟਾ ਦੇ ਕੇ ਪਾਉਣਾ ਚਾਹੀਦਾ ਹੈ, ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ ਵਿੱਚ 35 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਤੁਰੰਤ ਪਹਿਲਾਂ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿੱਚ 40 ਕਿਲੋ ਯੂਰੀਆ ਪਹਿਲੇ ਪਾਣੀ ਅਤੇ 40 ਕਿਲੋ ਦੂਜੇ ਪਾਣੀ ਤੋਂ ਤੁਰੰਤ ਪਹਿਲਾਂ ਛੱਟੇ ਨਾਲ ਪਾਉਣਾ ਬਹੁਤ ਜ਼ਰੂਰੀ ਹੈ। ਬਿਜਾਈ ਵੇਲੇ 65 ਕਿਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਜਰੂਰ ਪੋਰੋ। ਜਿੱਥੇ ਕਿਤੇ ਵੀ ਹੈਪੀ ਸੀਡਰ ਨਾਲ ਬਿਜਾਈ ਵਾਲੇ ਖੇਤ ਵਿੱਚ ਪਾਣੀ ਅਤੇ ਯੂਰੀਆ ਦੀ ਉੱਪਰ ਦੱਸੇ ਸਹੀ ਸਮੇਂ ਅਤੇ ਸਹੀ ਢੰਗ ਨਾਲ ਵਰਤੋਂ ਹੋਈ ਹੈ, ਫਸਲ ਬਹੁਤ ਵਧੀਆ ਹੋਈ ਹੈ ਕੋਈ ਸਮੱਸਿਆ ਨਹੀਂ ਆਈ।
ਹੈਪੀ ਸੀਡਰ ਵਾਲੇ ਖੇਤਾਂ ਵਿੱਚ ਸੁੰਡੀ ਜ਼ਿਆਦਾ ਆਉਂਦੀ ਹੈ?
ਜੇਕਰ ਝੋਨੇ ਦੀ ਫ਼ਸਲ ਵਿੱਚ ਸੁੰਡੀਆਂ ਦੀ ਚੰਗੀ ਰੋਕਥਾਮ ਕੀਤੀ ਹੋਵੇ ਤਾਂ ਕਣਕ ਦੀ ਖੇਤ ਵਿੱਚ ਸੁੰਡੀਆਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਫਿਰ ਵੀ ਜੇਕਰ ਪਿਛਲੇ ਸਾਲਾਂ ਵਿੱਚ ਸੁੰਡੀ ਦੀ ਸਮੱਸਿਆ ਆਈ ਹੋਵੇ ਤਾਂ ਹੈਪੀ ਸੀਡਰ ਨਾਲ ਕਣਕ ਦੀ ਅਗੇਤੀ ਬਿਜਾਈ (ਅਕਤੂਬਰ ਮਹੀਨੇ) ਨਾ ਕਰੋ। ਜੇਕਰ ਕਿਤੇ ਸੁੰਡੀ ਆ ਵੀ ਜਾਵੇ ਤਾਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋ ਕਰਕੇ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਹੈਪੀ ਸੀਡਰ ਵਾਲੇ ਖੇਤਾਂ ਵਿੱਚ ਗੁੱਲੀ ਡੰਡਾ ਜ਼ਿਆਦਾ ਹੋ ਜਾਂਦਾ ਹੈ?
ਹੈਪੀ ਸੀਡਰ ਵਾਲੇ ਖੇਤ ਵਿੱਚ ਸਿਆੜਾਂ ਵਿੱਚਕਾਰ ਪਈ ਪਰਾਲੀ ਦੀ ਮੋਟੀ ਤਹਿ ਨਦੀਨਾਂ ਨੂੰ ਉੱਗਣ ਤੋਂ ਰੋਕਦੀ ਹੈ ਕਈ ਵਾਰ ਤਾਂ ਸਪਰੇੇ ਕਰਨ ਦੀ ਲੋੜ ਵੀ ਨਹੀਂ ਪੈਂਦੀ।ਜਿਹੜੇ ਕਿਸਾਨ ਵੀਰ ਪਿਛਲੇ ਕੁਝ ਸਾਲਾਂ ਤੋਂ ਕਣਕ ਦੀ ਬਿਜਾਈ ਲਗਾਤਾਰ ਹੈਪੀ ਸੀਡਰ ਨਾਲ ਕਰਦੇ ਆ ਰਹੇ ਹਨ ਉਹਨਾਂ ਦੇ ਖੇਤਾਂ ਵਿੱਚ ਨਦੀਨ ਖਾਸ ਕਰਕੇ ਗੁੱਲੀ ਡੰਡੇ ਦੀ ਸਮੱਿਸਆ ਨਾਮਾਤਰ ਹੀ ਰਹਿ ਗਈ ਹੈ।ਫਿਰ ਵੀ ਜੇਕਰ ਨਦੀਨ ਉੱਗ ਪੈੇਣ ਤਾਂ ਸਿਫਾਿਰਸ਼ ਕੀਤੇ ਨਦੀਨ-ਨਾਸ਼ਕ ਵਰਤੇ ਜਾ ਸਕਦੇ ਹਨ।
ਹੈਪੀ ਸੀਡਰ ਨਾਲ ਬੀਜੀ ਕਣਕ ਦਾ ਝਾੜ ਘੱਟ ਨਿਕਲਦਾ ਹੈ?
ਖੋਜ ਤਜ਼ਰਬੇ ਦੱਸਦੇ ਹਨ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਮੁਨਾਫਾ ਆਮ ਤੌਰ ਤੇ ਰਵਾਇਤੀ ਤਰੀਕੇ (ਪਰਾਲੀ ਤੋਂ ਬਿਨਾਂ) ਨਾਲ ਬੀਜੀ ਕਣਕ ਦੇ ਬਰਾਬਰ ਹੀ ਆਉਂਦਾ ਹੈ। ਸ਼ੁਰੂਆਤੀ ਦੇ 2-3 ਸਾਲਾਂ ਵਿੱਚ ਹੈਪੀ ਸੀਡਰ ਵਾਲੇ ਖੇਤ ਵਿੱਚ ਕਣਕ ਦਾ ਝਾੜ 1.0 ਕੁ:/ ਏਕੜ ਘੱਟ ਪਰ ਮੁਨਾਫਾ ਰਵਾਇਤੀ ਬਿਜਾਈ ਦੇ ਬਰਾਬਰ ਹੀ ਰਿਹਾ। ਜਦੋਂ ਕਿ ਲਗਾਤਾਰ 4-11 ਸਾਲ ਤੱਕ ਹੈਪੀ ਸੀਡਰ ਦੇ ਵਰਤੋ ਕਰਨ ਤੇ ਕਣਕ ਦਾ ਔਸਤਨ ਝਾੜ ਰਵਾਇਤੀ ਢੰਗ ਨਾਲ ਬੀਜੀ ਕਣਕ ਨਾਲੋਂ 1.8 ਕੁ:/ ਏਕੜ ਜਿਆਦਾ ਅਤੇ ਅਗਲੀ ਝੋਨੇ ਦੀ ਫ਼ਸਲ ਦਾ ਔਸਤਨ ਝਾੜ ਵੀ 3.0 ਕੁ:/ ਏਕੜ ਜਿਆਦਾ ਪ੍ਰਾਪਤ ਹੋਇਆ । ਇਸ ਦੇ ਨਾਲ ਹੀ ਹੈਪੀ ਸੀਡਰ ਵਾਲੇ ਖੇਤ ਦਾ ਜੈਵਿਕ ਕਾਰਬਨ 11 ਸਾਲ ਵਿੱਚ 0.33% ਤੋਂ ਵਧਕੇ 0.68% ਹੋ ਗਿਆ ਜਦੋਂ ਕਿ ਰਵਾਇਤੀ ਬਿਜਾਈ ਵਾਲੇ ਖੇਤ ਵਿੱਚ 0.42% ਹੀ ਰਿਹਾ। ਜੈਵਿਕ ਕਾਰਬਨ ਵੱਧਣ ਕਰਕੇ ਹੈਪੀ ਸੀਡਰ ਨਾਲ ਬਿਜਾਈ ਵਾਲੇ ਖੇਤ ਵਿੱਚ ਚੌਥੇ ਸਾਲ ਤੋਂ 20 ਕਿਲੋ /ਏਕੜ ਘੱਟ ਯੂਰੀਆ ਦੀ ਲੋੜ ਪੈਂਦੀ ਹੈ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.