Expert Advisory Details

idea99cotton_nematode_1.jpg
Posted by Department of Vegetables and Plant Diseases,PAU, Ludhiana
Punjab
2020-09-10 16:08:52

ਨੈੱਟ ਜਾਂ ਪੋਲੀਨੈੱਟ ਹਾਊਸ ਅੰਦਰ ਸਬਜ਼ੀਆਂ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਫ਼ਸਲ ਦਾ ਉਤਪਾਦਨ ਅਤੇ ਬਾਜ਼ਾਰ ਵਿਚ ਵਧੀਆ ਭਾਅ ਲੱਗਣ ਦਾ ਲਾਭ ਮਿਲਦਾ ਹੈ | ਨੈੱਟ ਪੋਲੀਹਾਊਸ ਵਿਚ ਸਿਫ਼ਾਰਿਸ਼ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ, ਖੀਰਾ ਅਤੇ ਸ਼ਿਮਲਾ ਮਿਰਚ, ਸਾਰੀਆਂ ਹੀ ਜੜ੍ਹ ਗੰਢ ਰੋਗ ਨੂੰ ਸੰਵੇਦਨਸ਼ੀਲ ਹਨ | ਇਹ ਰੋਗ ਜੜ੍ਹ ਗੰਢ ਨੀਮਾਟੋਡ ਰਾਹੀਂ ਫੈਲਦਾ ਹੈ |

ਰੋਗ ਦੇ ਲੱਛਣ: ਇਹ ਨੀਮਾਟੋਡ ਪੌਦਿਆਂ ਦੀਆਂ ਨਰਮ ਜੜ੍ਹਾਂ 'ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਵਿਚ ਗੰਢਾਂ ਬਣਾ ਦਿੰਦੇ ਹਨ | ਇਨ੍ਹਾਂ ਗੰਢਾਂ ਦੇ ਬਣਨ ਨਾਲ ਜੜ੍ਹਾਂ ਦੁਆਰਾ ਪਾਣੀ ਅਤੇ ਜ਼ਰੂਰੀ ਤੱਤਾਂ ਨੂੰ ਸੋਖਣ ਦੀ ਸ਼ਕਤੀ ਘਟ ਜਾਂਦੀ ਹੈ | ਨੀਮਾਟੋਡ ਦੁਆਰਾ ਹਮਲਾਗ੍ਰਸਤ ਪੌਦੇ ਦੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ |

ਜੀਵਨ ਚੱਕਰ: ਜੜ੍ਹ ਗੰਢ ਨੀਮਾਟੋਡ ਦੇ ਜੀਵਨ ਵਿਚ ਚਾਰ ਅਵਸਥਾਵਾਂ (ਝ1-ਝ4) ਸ਼ਾਮਿਲ ਹਨ | ਇਹ ਨੀਮਾਟੋਡ ਆਪਣਾ ਜੀਵਨ ਚੱਕਰ 3-4 ਹਫ਼ਤਿਆਂ ਵਿਚ ਪੂਰਾ ਕਰ ਲੈਂਦਾ ਹੈ | ਨੀਮਾਟੋਡ ਦੇ ਵਿਕਾਸ ਵਿਚ ਤਾਪਮਾਨ ਅਹਿਮ ਭੂਮਿਕਾ ਨਿਭਾਉਂਦਾ ਹੈ | 25-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਇਸ ਦੇ ਵਿਕਾਸ ਲਈ ਸਭ ਤੋਂ ਅਨੁਕੂਲ ਹੈ |

ਜੜ੍ਹ ਗੰਢ ਰੋਗ ਦਾ ਮਿੱਟੀ ਵਿਚ ਫੈਲਣਾ: ਨੀਮਾਟੋਡ ਜ਼ਮੀਨ ਵਿਚ ਆਪਣੇ ਆਪ ਜਿਆਦਾ ਦੂਰੀ ਤੱਕ ਨਹੀਂ ਫੈਲਦਾ | ਇਸ ਲਈ ਆਮ ਤੌਰ 'ਤੇ ਨੀਮਾਟੋਡ ਦੀ ਸੰਖਿਆ ਸਾਰੇ ਖੇਤ ਵਿਚ ਇਕਸਾਰ ਨਹੀਂ ਹੁੰਦੀ | ਇਹ ਕਿਸੇ ਹਿੱਸੇ ਵਿਚ ਘੱਟ ਤੇ ਕਿਸੇ ਹਿੱਸੇ ਵਿਚ ਜ਼ਿਆਦਾ ਹੋ ਸਕਦੀ ਹੈ | ਨੀਮਾਟੋਡ ਰੋਗਿਤ ਪਨੀਰੀ ਦੀ ਵਰਤੋਂ ਇਸ ਰੋਗ ਦੇ ਫੈਲਣ ਦਾ ਪ੍ਰਮੁੱਖ ਕਾਰਨ ਹੈ |

ਰੋਗ ਦੀ ਰੋਕਥਾਮ

ਸਣ ਜਾਂ ਗੇਂਦੇ ਦੀ ਹਰੀ ਖਾਦ:

  • ਜੜ੍ਹ ਗੰਢ ਨੀਮਾਟੋਡ ਤੋਂ ਪ੍ਰਭਾਵਿਤ ਨੈੱਟ/ਪੋਲੀਹਾਊਸ ਵਿਚ 50 ਦਿਨਾਂ ਦੀ ਸਣ ਦੀ ਫ਼ਸਲ ਜਾਂ 60 ਦਿਨਾਂ ਦੀ ਗੇਂਦੇ ਦੀ ਫ਼ਸਲ ਵਹਾਉਣ ਨਾਲ ਮਿੱਟੀ ਵਿਚ ਨੀਮਾਟੋਡ ਦੀ ਸੰਖਿਆ ਘਟਦੀ ਹੈ | 
  • ਸਰੋਂ ਦੀ ਖਲ੍ਹ, ਨਿੰਮ ਅਤੇ ਰੂੜੀ ਨਾਲ ਮਿੱਟੀ ਦੀ ਸੋਧ ਕਰੋ |

ਨੈਟ ਜਾਂ ਪੋਲੀਹਾਊਸ ਵਿਚ ਖੀਰੇ ਦੀ ਫ਼ਸਲ ਬੀਜਣ ਤੋਂ ਦਸ ਦਿਨ ਪਹਿਲਾਂ ਮਿਟੀ ਵਿਚ ਸਰੋ੍ਹਾ ਦੀ ਖਲ੍ਹ 100 ਗ੍ਰਾਮ ਪ੍ਰਤੀ ਵਰਗ + ਨਿੰਮ ਦੀ ਖਲ੍ਹ 100 ਗ੍ਰਾਮ ਪ੍ਰਤੀ ਵਰਗ ਅਤੇ ਰੂੜੀ 250 ਗ੍ਰਾਂਮ ਪ੍ਰਤੀ ਵਰਗ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਜ਼ਮੀਨ ਨੂੰ ਹਲਕਾ ਪਾਣੀ ਲਗਾ ਦੇਵੋ | ਬਾਅਦ ਵਿਚ ਖੀਰੇ ਦੀ ਬਿਜਾਈ ਕਰੋ | ਇਸ ਨਾਲ ਜ਼ਮੀਨ ਵਿਚ ਨੀਮਾਟੋਢ ਦੀ ਸੰਖਿਆ ਘਟ ਜਾਂਦੀ ਹੈ ਤੇ ਫ਼ਸਲ ਦਾ ਨੁਕਸਾਨ ਘਟ ਹੁੰਦਾ ਹੈ |

-ਸੁਖਜੀਤ ਕੌਰ ਅਤੇ ਨਰਪਿੰਦਰਜੀਤ ਕੌਰ ਢਿੱਲੋਂ