Update Details

2250-hahha.jpg
Posted by *ਮੈਨੇਜਰ ਮਿਲਕਫੈੱਡ, ਪੰਜਾਬ। ਸੰਪਰਕ: 98884-88060
2018-04-23 04:42:02

ਪਸ਼ੂਆਂ ਦੀ ਖ਼ੁਰਾਕ ’ਚ ਧਾਤਾਂ ਦੇ ਚੂਰੇ ਦਾ ਮਹੱਤਵ

ਪਸ਼ੂਆਂ ਦੇ ਸਰੀਰਕ ਵਾਧੇ ਨੂੰ ਬਰਕਰਾਰ ਰੱਖਣ ਅਤੇ ਦੁੱਧ ਦੀ ਪੈਦਾਵਾਰ ਨੂੰ ਬਣਾਏ ਰੱਖਣ ਲਈ ਪਸ਼ੂਆਂ ਦੇ ਸਰੀਰ ਲਈ ਧਾਤਾਂ ਦੀ ਜ਼ਰੂਰਤ ਹੁੰਦੀ ਹੈ। ਪਸ਼ੂ ਦੇ ਸਰੀਰ ਦੇ ਅੰਗਾਂ ਦੀ ਬਣਤਰ ਲਈ ਜਿੱਥੇ ਗੁਣਵੱਤਾ ਭਰਪੂਰ ਖ਼ੁਰਾਕ ਦੀ ਲੋੜ ਹੁੰਦੀ ਹੈ, ਉੱਥੇ ਭਿੰਨ ਭਿੰਨ ਧਾਂਤਾ ਅਤੇ ਵਿਟਾਮਿਨ ਪ੍ਰਮੁੱਖ ਰੋਲ ਅਦਾ ਕਰਦੇ ਹਨ। ਪਸ਼ੂ ਪਾਲਣ ਦੇ ਕਿੱਤੇ ਵਿੱਚ ਭਰਪੂਰ ਆਰਥਿਕ ਲਾਭ ਕਮਾਉਣ ਲਈ ਪਸ਼ੂ ਦੇ ਪਾਲਣ ਪੋਸ਼ਣ ਦੇ ਪ੍ਰਬੰਧਨ ਦੀ ਮੁੱਖ ਭੂਮਿਕਾ ਹੁੰਦੀ ਹੈ। ਪਸ਼ੂਆਂ ਦੇ ਸਰੀਰ ਵਿੱਚ ਕਿਸੇ ਵੀ ਇੱਕ ਧਾਤ ਦੇ ਤੱਤ ਜਾਂ ਵਿਟਾਮਿਨ ਦੀ ਘਾਟ ਨਾਲ ਪਸ਼ੂ ਦੇ ਪ੍ਰਬੰਧਨ ਦਾ ਪੂਰਾ ਢਾਂਚਾ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਪਸ਼ੂਆਂ ਨੂੰ ਦਿਨ ਭਰ ਦੀ ਖ਼ੁਰਾਕ ਕੇਵਲ ਪੇਟ ਭਰਨ ਲਈ ਹੀ ਨਹੀਂ ਦਿੱਤੀ ਜਾਂਦੀ ਬਲਕਿ ਪਸ਼ੂ ਦੀਆਂ ਸਰੀਰਕ ਲੋੜਾਂ ਦਾ ਪੂਰਤੀ ਲਈ ਹੁੰਦੀ ਹੈ। ਕਿਸਾਨਾਂ ਵੱਲੋਂ ਆਪਣੇ ਰਵਾਇਤੀ ਤਰੀਕੇ ਨਾਲ ਤਿਆਰ ਕਰਵਾਈ ਜਾਂਦੀ ਖ਼ੁਰਾਕ ਵਿੱਚ ਧਾਤਾਂ ਅਤੇ ਵਿਟਾਮਿਨ ਦੀ ਘਾਟ ਨਾਲ ਪਸ਼ੂਆਂ ਵਿੱਚ ਸਰੀਰਕ ਵਿਕਾਰ ਪੈਦਾ ਹੁੰਦੇ ਹਨ।

ਬਦਲਵੇਂ ਖੇਤੀ ਪ੍ਰਬੰਧਾਂ ਵਿੱਚ ਜ਼ਮੀਨ ਤੋਂ ਕਈ ਫ਼ਸਲਾਂ ਪ੍ਰਾਪਤ ਕਰਨ ਕਰਕੇ ਜ਼ਮੀਨ ਵਿੱਚ ਜ਼ਰੂਰੀ ਤੱਤਾਂ ਦੀ ਘਾਟ ਹੁੰਦੀ ਜਾ ਰਹੀ ਹੈ ਜਿਸ ਕਾਰਨ ਅਨਾਜ ਅਤੇ ਹਰੇ ਚਾਰੇ ਤੋਂ ਪਸ਼ੂਆਂ ਦੀ ਸਰੀਰ ਲਈ ਲੋੜੀਦੇਂ ਤੱਤਾਂ ਦੀ ਪੂਰਤੀ ਨਹੀਂ ਹੁੰਦੀ। ਪਸ਼ੂਆਂ ਵਿੱਚ ਤੱਤਾਂ ਦੀ ਘਾਟ ਦਾ ਮੁੱਖ ਕਾਰਨ ਖੁੱਲ੍ਹੀਆਂ ਚਰਾਦਾਂ ਦੇ ਖ਼ਤਮ ਹੋਣ ਕਾਰਨ ਪਸ਼ੂਆਂ ਦਾ ਘਰਾਂ ਅਤੇ ਫਾਰਮਾਂ ਤੱਕ ਸੀਮਤ ਹੋਣਾ ਹੈ।

ਵਿਗਿਆਨਕ ਤੌਰ ’ਤੇ ਦੇਖਿਆ ਗਿਆ ਹੈ ਕਿ ਪਸ਼ੂਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਅਤੇ ਉਤਪਾਦਨ ਪ੍ਰਾਪਤ ਕਰਨ ਲਈ ਧਾਤਾਂ ਤੋਂ ਤਿਆਰ ਚੂਰੇ ਦਾ ਲਗਾਤਾਰ ਸੇਵਨ ਕਰਵਾਉਣਾ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਪਸ਼ੂਆਂ ਦਾ ਬਾਰ ਬਾਰ ਫਿਰਨਾ ਭਾਵ ਗੱਭਣ ਨਾ ਹੋਣਾ ਵਰਗੀ ਬਿਮਾਰੀ ਦਾ ਮੁੱਖ ਕਾਰਨ ਪਸ਼ੂਆਂ ਦੀ ਖ਼ੁਰਾਕ ਵਿੱਚ ਧਾਤਾਂ ਦੀ ਘਾਟ ਹੋਣਾ ਹੈ। ਪਸ਼ੂਆਂ ਦੇ ਪਾਲਣ ਪੋਸ਼ਣ ਦੌਰਾਨ ਧਾਤਾਂ ਦੇ ਚੂਰੇ ਦੇ ਲਗਾਤਾਰ ਕੀਤੇ ਜਾਂਦੇ ਸੇਵਨ ਸਦਕਾ ਪਸ਼ੂਆਂ ਦਾ ਸਮੇਂ ਸਿਰ ਗੱਭਣ ਹੋਣਾ ਯਕੀਨੀ ਬਣਿਆ ਹੈ।

ਪਸ਼ੂਆਂ ਦੀ ਖ਼ੁਰਾਕ ਵਿੱਚ ਵਿਟਾਮਿਨਾਂ ਤੋਂ ਇਲਾਵਾ ਦੋ ਕਿਸਮ ਦੇ ਧਾਤਾਂ ਦੇ ਤੱਤਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੁੰਦਾ ਹੈ। ਪਹਿਲੀ ਕਿਸਮ ਦੇ ਤੱਤਾਂ ਵਿੱਚ ਉਹ ਤੱਤ ਸ਼ਾਮਲ ਹਨ ਜਿਨ੍ਹਾਂ ਦੀ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ। ਇਨਾਂ ਤੱਤਾਂ ਨੂੰ ਗ਼ੈਰ-ਸੂਖਮ ਤੱਤ ਕਹਿੰਦੇ ਹਨ। ਦੂਜੀ ਕਿਸਮ ਦੇ ਤੱਤ ਸੂਖ਼ਮ ਤੱਤ ਹੁੰਦੇ ਹਨ ਜੋ ਕਿ ਬਹੁਤ ਹੀ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ। ਪਹਿਲੀ ਕਿਸਮ ਦੇ ਤੱਤਾਂ ਵਿੱਚ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਕਲੋਰੀਨ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਆਉਂਦੇ ਹਨ। ਪਸ਼ੂ ਦੇ ਸਰੀਰ ਵਿੱਚ ਮੌਜੂਦ ਧਾਤਾਂ ਦੀ ਕੁੱਲ ਮਾਤਰਾ ਵਿੱਚ 70 ਫ਼ੀਸਦੀ ਕੈਲਸ਼ੀਅਮ ਅਤੇ ਫਾਸਫੋਰਸ ਤੱਤਾਂ ਦੀ ਮੌਜੂਦਗੀ ਹੁੰਦੀ ਹੈ। 98 ਫ਼ੀਸਦੀ ਕੈਲਸ਼ੀਅਮ ਅਤੇ 80 ਫ਼ੀਸਦੀ ਫਾਸਫੋਰਸ ਹੱਡੀਆਂ ਅਤੇ ਦੰਦਾਂ ਵਿੱਚ ਮੌਜੂਦ ਹੁੰਦੇ ਹਨ। ਇਨ੍ਹਾਂ ਦੀ ਜ਼ਿਆਦਾ ਜ਼ਰੂਰਤ ਦੇ ਮੱਦੇਨਜ਼ਰ ਇਨ੍ਹਾਂ ਤੱਤਾਂ ਨੂੰ ਪਸ਼ੂਆਂ ਦੀ ਖ਼ੁਰਾਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਕੈਲਸ਼ੀਅਮ ਖ਼ੂਨ ਜੰਮਣ, ਮਾਸਪੇਸ਼ੀਆਂ ਦੀ ਬਣਤਰ ਆਦਿ ਲਈ ਲਾਭਕਾਰੀ ਹੁੰਦਾ ਹੈ। ਇਸ ਤੱਤ ਦੀ ਘਾਟ ਨਾਲ ਪਸ਼ੂਆਂ ਨੂੰ ਸੂਤਕੀ ਬੁਖਾਰ ਨਾਂ ਦੀ ਬਿਮਾਰੀ ਹੁੰਦੀ ਹੈ। ਇਨ੍ਹਾਂ ਦੋਵਾਂ ਤੱਤਾਂ ਦੀ ਘਾਟ ਨਾਲ ਪਸ਼ੂਆਂ ਅਤੇ ਮਨੁੱਖਾਂ ਵਿੱਚ ਹੱਡੀਆਂ ਦੇ ਰੋਗ ਹੋ ਜਾਂਦੇ ਹਨ ਅਤੇ ਕੈਲਸ਼ੀਅਮ ਅਤੇ ਫਾਸਫੋਰਸ ਧਾਤਾਂ ਦੀ ਘਾਟ ਦੇ ਚਲਦਿਆਂ ਵਿਟਾਮਿਨ ‘ਡੀ’ ਦੀ ਘਾਟ ਵੀ ਹੱਡੀਆਂ ਦੇ ਰੋਗ ਵਿੱਚ ਵਾਧੇ ਦਾ ਕਾਰਨ ਬਣਦੀ ਹੈ ਅਤੇ ਰਿਕਟਸ ਨਾਮੀ ਬਿਮਾਰੀ ਦਾ ਕਾਰਨ ਬਣਦੀ ਹੈ। ਇਹ ਪਸ਼ੂ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਨ ਤੋਂ ਇਲਾਵਾ ਪਸ਼ੂ ਦੀ ਸਮੁੱਚੀ ਸਰੀਰਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਨਾਂ ਤੱਤਾਂ ਦੀ ਘਾਟ ਨਾਲ ਪਸ਼ੂਆਂ ਦਾ ਦੁੱਧ ਉਤਪਾਦਨ ਘਟ ਜਾਂਦਾ ਹੈ।

ਸੋਡੀਅਮ ਤੇ ਕਲੋਰੀਨ ਪਸ਼ੂ ਦੇ ਸਰੀਰ ਵਿਚਲੇ ਤਰਲ ਤੇ ਤੇਜ਼ਾਬੀ ਮਾਦੇ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੁੰਦੇ ਹਨ। ਕਲੋਰੀਨ ਦੀ ਘਾਟ ਨਾਲ ਪਸ਼ੂ ਥੱਕਿਆ ਥੱਕਿਆ ਰਹਿੰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਘਟ ਜਾਂਦੀ ਹੈ। ਇਸੇ ਤਰ੍ਹਾਂ ਪੋਟਾਸ਼ੀਅਮ ਸਰੀਰ ਦੇ ਤੇਜ਼ਾਬੀ ਪੱਧਰ ਨੂੰ ਬਣਾਈ ਰੱਖਣ ਦੇ ਨਾਲ ਨਾਲ ਸਰੀਰ ਵਿਚਲੀਆਂ ਕਈ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਕਿਰਿਆਵਾਂ ਨੂੰ ਚਲਦਾ ਅਤੇ ਤੇਜ਼ ਰੱਖਣ ਲਈ ਜ਼ਰੂਰੀ ਹੁੰਦਾ ਹੈ। ਸੋਡੀਅਮ ਅਤੇ ਪੋਟਾਸ਼ੀਅਮ ਤੱਤਾਂ ਦੀ ਘਾਟ ਨਾਲ ਭੁੱਖ ਘਟ ਜਾਂਦੀ ਹੈ ਅਤੇ ਪਸ਼ੂ ਓਪਰੀਆਂ ਚੀਜ਼ਾਂ ਜਿਵੇਂ ਇੱਟਾਂ, ਰੱਸਾ ਤੇ ਲੱਕੜਾਂ ਆਦਿ ਚੱਬਣ ਲੱਗ ਜਾਂਦਾ ਹੈ।

ਜਿੰਕ ਤੱਤ ਦੀ ਘਾਟ ਵਾਧੇ ’ਚ ਕਮੀ, ਚਮੜੀ ਰੋਗ ਤੇ ਪ੍ਰਜਨਣ ਰੋਗ ਦਾ ਕਾਰਨ ਬਣਦੀ ਹੈ। ਜਿੰਕ ਪਸ਼ੂ ਦੇ ਪ੍ਰਜਨਣ ਅੰਗਾਂ ਦੇ ਵਿਕਾਸ ਲਈ ਸਹਾਈ ਹੁੰਦਾ ਹੈ। ਪਸ਼ੂ ਦੀ ਖ਼ੁਰਾਕ ਵਿੱਚ ਜਿੰਕ ਤੱਤ ਦੀ ਮਾਤਰਾ ਪੂਰੀ ਹੋਣ ਕਾਰਨ ਪਸ਼ੂਆਂ ਵਿੱਚ ਲੰਗੜੇਪਣ ਅਤੇ ਲੇਵੇ ਦੀ ਸਮੱਸਿਆ ਘਟਦੀ ਹੈ। ਤਾਂਬੇ ਤੱਤ ਦੀ ਘਾਟ ਪਸ਼ੂਆਂ ਵਿੱਚ ਅਨੀਮੀਆ, ਵਾਲਾਂ ਦੇ ਰੰਗ ਵਿੱਚ ਬਦਲਾਅ, ਹੇਹੇ ਵਿੱਚ ਨਾ ਆਉਣਾ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦੀ ਹੈ। ਲੋਹਾ ਤੱਤ ਪਸ਼ੂ ਦੇ ਸਰੀਰ ਵਿੱਚ 60 ਤੋਂ 70 ਫ਼ੀਸਦੀ ਖ਼ੂਨ ਵਿਚਲੇ ਹੀਮੋਗਲੋਬਨ ਵਿੱਚ ਹੁੰਦਾ ਹੈ। ਲੋਹਾ ਤੱਤ ਦੀ ਘਾਟ ਖ਼ੂਨ ਵਿੱਚ ਕਮੀ ਤੇ ਪਸ਼ੂ ਦੇ ਸਰੀਰਕ ਵਾਧੇ ਵਿੱਚ ਰੁਕਾਵਟ ਬਣਦੀ ਹੈ। ਲੋਹਾ ਤੱਤ ਕਿਉਂਕਿ ਸਰੀਰ ਵਿੱਚ ਖ਼ੂਨ ਦੀ ਲਗਾਤਾਰ ਬਣਤਰ ਕਾਰਨ ਖ਼ਤਮ ਹੁੰਦਾ ਰਹਿੰਦਾ ਹੈ, ਇਸ ਕਰਕੇ ਸਰੀਰ ਵਿੱਚ ਲੋਹੇ ਦੀ ਘਾਟ ਹੁੰਦੀ ਰਹਿੰਦੀ ਹੈ। ਜ਼ਮੀਨ ਵਿੱਚ ਲੋਹਾ, ਤਾਂਬਾ ਅਤੇ ਕੋਬਾਲਟ ਤੱਤਾਂ ਦੀ ਘਾਟ ਕਾਰਨ ਇਹ ਤੱਤ ਪਸ਼ੂਆਂ ਦੀ ਖ਼ੁਰਾਕ ਅਤੇ ਹਰੇ ਚਾਰੇ ਵਿੱਚ ਯੋਗ ਮਾਤਰਾ ਵਿੱਚ ਉਪਲਬਧ ਨਹੀਂ ਹੁੰਦੇ। ਮੈਗਨੀਜ ਦੀ ਘਾਟ ਦਾ ਹੱਡੀਆਂ ਦੇ ਵਾਧੇ ਵਿੱਚ ਰੁਕਾਵਟ ਤੇ ਪ੍ਰਜਨਣ ਸ਼ਕਤੀ ’ਤੇ ਬੁਰਾ ਅਸਰ ਪੈਂਦਾ ਹੈ। ਇਸ ਤੱਤ ਦੀ ਘਾਟ ਨਾਲ ਪਸ਼ੂਆਂ ਦੇ ਸਰੀਰਕ ਵਾਧੇ ਵਿੱਚ ਰੁਕਾਵਟ ਆਉਂਦੀ ਹੈ। ਕੋਬਾਲਟ ਤੱਤ ਪੇਟ ਵਿੱਚ ਵਿਟਾਮਿਨ ‘ਬੀ-12’ ਦੇ ਬਣਨ ਵਿੱਚ ਮਦਦ ਕਰਦਾ ਹੈ। ਪਸ਼ੂਆਂ ਦੇ ਸਰੀਰ ਵਿੱਚ ਥਾਇਰੌਇਡ ਨਾਮਕ ਗ੍ਰੰਥੀ ਦਾ ਸਰੀਰਕ ਕਰਿਆਵਾਂ ਨੂੰ ਚਲਦਾ ਰੱਖਣ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ। ਇਸ ਵਿੱਚ ਪਸ਼ੂ ਦਾ ਵਾਧਾ, ਸਰੀਰਕ ਵਿਕਾਸ ਅਤੇ ਪ੍ਰਜਨਣ ਵਿਕਾਸ ਸ਼ਾਮਲ ਹਨ। ਥਾਇਰੌਇਡ ਗ੍ਰੰਥੀ ਦੁਆਰਾ ਸਰੀਰਕ ਕਰਿਆਵਾਂ ਨੂੰ ਚਲਦਾ ਰੱਖਣ ਲਈ ਪੈਦਾ ਕੀਤੇ ਜਾਂਦੇ ਤਰਲ ਥਾਈਰੋਕਸਿਨ ਵਿੱਚ ਆਇਓਡੀਨ 65 ਫ਼ੀਸਦੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਕਾਰਨ ਆਇਓਡੀਨ ਤੱਤ ਦੀ ਉਪਲਬਧਤਾ ਪਸ਼ੂ ਦੀ ਖ਼ੁਰਾਕ ਜ਼ਰੂਰੀ ਹੁੰਦੀ ਹੈ। ਆਇਉਡੀਨ ਦੀ ਘਾਟ ਨਾਲ ਕੱਟੜੂ ਵਛੜੂ ਕਮਜ਼ੋਰ ਜਾਂ ਮਰੇ ਹੋਏ ਪੈਦਾ ਹੁੰਦੇ ਹਨ।

ਪਸ਼ੂਆਂ ਦੀ ਖ਼ੁਰਾਕ ਵਿੱਚ ਸੂਖਮ ਅਤੇ ਗ਼ੈਰ-ਸੂੂਖਮ ਧਾਤਾਂ ਅਤੇ ਵਿਟਾਮਿਨਾਂ ਦੀ ਲੋੜੀਂਦੀ ਮਾਤਰਾ ਨੂੰ ਸ਼ਾਮਲ ਕਰਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਉਤਪਾਦਨ ਵਧਾਇਆ ਜਾ ਸਕਦਾ ਹੈ। ਧਾਤਾਂ ਦੇ ਚੂਰੇ ਦੇ ਪਸ਼ੂਆਂ ਨੂੰ ਲਗਾਤਾਰ ਸੇਵਨ ਕਰਵਾਉਣ ਨਾਲ ਛੋਟੇ ਕਟੜੂਆਂ ਅਤੇ ਵਛੜੂਆਂ ਵਿੱਚ ਜਿੱਥੇ ਤੇਜ਼ੀ ਨਾਲ ਵਾਧਾ ਦੇਖਣ ਵਿੱਚ ਆਉਂਦਾ ਹੈ ਉੱਥੇ ਝੋਟੀਆਂ ਵਿੱਚ ਪ੍ਰਜਨਣ ਸ਼ਕਤੀ ਦੇ ਵਧੀਆ ਨਤੀਜੇ ਸਾਹਮਣੇ ਆਏ      ਹਨ ਅਤੇ ਪਸ਼ੂਆਂ ਦੇ ਸੂਇਆਂ ਵਿੱਚ ਅੰਤਰ ਸਮਾਂ ਘਟਣ ਦੇ ਕਾਰਨ ਦੁੱਧ ਉਤਪਾਦਨ ਵਿੱਚ ਵਾਧਾ ਹੋਇਆ ਹੈ। ਧਾਤਾਂ ਦਾ ਚੂਰਾ ਜਾਂ ਮਿਨਰਲ ਮਿਕਸਚਰ ਹੁਣ ਚੀਲੇਟਿਡ ਮਿਨਰਲ ਮਿਕਸਚਰ    ਦੇ ਰੂਪ ਵਿੱਚ ਵੀ ਉਪਲਬਧ ਹੈ ਜੋ ਕਿ ਪਸ਼ੂ ਦੇ ਸਰੀਰ ਨੂੰ ਪੂਰਣ ਰੂਪ ਵਿੱਚ ਉਪਲਬਧ ਹੁੰਦਾ ਹੈ। ਪਸ਼ੂ ਦੇ ਸੂਣ ਤੋਂ 2 ਤੋਂ 3 ਹਫ਼ਤੇ ਪਹਿਲਾਂ ਧਾਤਾਂ ਦੇ ਚੂਰੇ ਸਣੇ ਕੈਲਸ਼ੀਅਮ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।