harpreet-bajwa pb

ਹਰਪ੍ਰੀਤ ਸਿੰਘ ਬਾਜਵਾ

(ਘੋੜਸਵਾਰੀ)

ਘੋੜਸਵਾਰੀ ਸਿੱਖਣ ਦੇ ਸ਼ੌਕੀਨ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਲਾ ਨੌਜਵਾਨ ਪਸ਼ੂ-ਪ੍ਰੇਮੀ ਹਰਪ੍ਰੀਤ ਸਿੰਘ ਬਾਜਵਾ

ਘੋੜਿਆਂ ਨੂੰ ਮੁੱਢ ਤੋਂ ਹੀ ਮਨੁੱਖ ਦਾ ਪਸੰਦੀਦਾ ਜਾਨਵਰ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਘੋੜੇ ਹੀ ਇੱਕ ਥਾਂ ਤੋਂ ਦੂਜੀ ਥਾਂ ਆਉਣ-ਜਾਣ ਦਾ ਸਾਧਨ ਹੁੰਦੇ ਸਨ। ਅੱਜ ਵੀ ਕਈ ਅਜਿਹੇ ਪਸ਼ੂ-ਪ੍ਰੇਮੀ ਹਨ, ਜੋ ਪਸ਼ੂਆਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਸਮਝਦੇ ਹਨ।

ਇਹ ਕਹਾਣੀ ਹੈ ਇੱਕ ਅਜਿਹੇ ਹੀ ਪਸ਼ੂ-ਪ੍ਰੇਮੀ ਹਰਪ੍ਰੀਤ ਸਿੰਘ ਬਾਜਵਾ ਜੀ ਦੀ, ਜਿਹਨਾਂ ਨੇ ਆਪਣੀ ਇਸੇ ਪਸੰਦ ਨੂੰ ਸਾਰਥਕ ਰੂਪ ਦਿੰਦੇ ਹੋਏ, ਆਪਣਾ ਇੱਕ ਘੋੜਿਆਂ ਦਾ ਸਟੱਡ ਫਾਰਮ ਬਣਾਇਆ ਹੈ।

ਫੌਜੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪੰਜਾਬ, ਮੋਹਾਲੀ ਦੇ ਨੇੜਲੇ ਇਲਾਕੇ ਖਰੜ ਦੇ ਰਹਿਣ ਵਾਲੇ ਹਰਪ੍ਰੀਤ ਜੀ 10-11 ਸਾਲਾਂ ਦੀ ਉਮਰ ਤੋਂ ਘੋੜਸਵਾਰੀ ਕਰਦੇ ਸਨ। ਹਰਪ੍ਰੀਤ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਫੌਜ ਵਿੱਚ ਹੁੰਦੇ ਹੋਏ ਉਹ ਘੋੜਸਵਾਰੀ ਕਰਦੇ ਸਨ। ਹਰਪ੍ਰੀਤ ਜੀ ਨੂੰ ਵੀ ਬਚਪਨ ਤੋਂ ਹੀ ਘੋੜਸਵਾਰੀ ਦਾ ਸ਼ੌਂਕ ਸੀ।

ਆਪਣੀ B.Com ਦੀ ਪੜ੍ਹਾਈ ਕਰਨ ਤੋਂ ਬਾਅਦ ਅਤੇ ਫ਼ੌਜੀ ਪਰਿਵਾਰ ਵਿੱਚ ਹੁੰਦੇ ਹੋਏ ਹਰਪ੍ਰੀਤ ਵੀ ਦੇਸ਼ ਦੀ ਸੇਵਾ ਕਰਨ ਦੇ ਇਰਾਦੇ ਨਾਲ ਫੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਘੋੜਸਵਾਰੀ ਵੀ ਸਿੱਖੀ। ਪਰ ਕਿਸੇ ਕਾਰਨ ਫੌਜ ਵਿੱਚ ਭਰਤੀ ਨਾ ਹੋਣ ਕਾਰਨ ਉਹਨਾਂ ਨੇ ਦਿੱਲੀ ਅਤੇ ਮੋਹਾਲੀ ਵਿੱਚ 10-12 ਸਾਲ ਨੌਕਰੀ ਕੀਤੀ।

ਨੌਕਰੀ ਦੌਰਾਨ ਸਾਨੂੰ ਕਈ ਕੰਮ ਅਜਿਹੇ ਕਰਨੇ ਪੈਂਦੇ ਹਨ, ਜਿਸਦੀ ਇਜ਼ਾਜਤ ਸਾਡਾ ਦਿਲ ਨਹੀਂ ਦਿੰਦਾ। ਇਸ ਲਈ ਮੈਂ ਹਮੇਸ਼ਾ ਆਪਣੀ ਇੱਛਾ ਮੁਤਾਬਿਕ ਕੁੱਝ ਵੱਖਰਾ ਅਤੇ ਆਪਣੀ ਪਸੰਦ ਦਾ ਕਰਨਾ ਚਾਹੁੰਦਾ ਸੀ। – ਹਰਪ੍ਰੀਤ ਸਿੰਘ ਬਾਜਵਾ

ਛੋਟੀ ਉਮਰੇ ਹੀ ਘੋੜਿਆਂ ਨਾਲ ਲਗਾਅ ਅਤੇ ਘੋੜਸਵਾਰੀ ਵਿੱਚ ਲਗਭਗ 20 ਸਾਲ ਦਾ ਤਜ਼ਰਬਾ ਹੋਣ ਦੇ ਕਾਰਨ ਹਰਪ੍ਰੀਤ ਜੀ ਆਪਣੇ ਸ਼ੌਂਕ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦੇ ਹਨ।

ਜਿਵੇਂ ਕਿ ਕਿਹਾ ਹੀ ਜਾਂਦਾ ਹੈ ਕਿ ਘੋੜਿਆਂ ਦਾ ਸ਼ੌਂਕ ਬਹੁਤ ਮਹਿੰਗਾ ਹੈ। ਇਸੇ ਕਾਰਨ ਕਈ ਘੋੜਿਆਂ ਦੇ ਸ਼ੌਕੀਨ ਖਰਚਾ ਵੱਧ ਹੋਣ ਕਾਰਨ, ਇਸ ਕਿੱਤੇ ਤੋਂ ਦੂਰੀ ਬਣਾਈ ਰੱਖਦੇ ਹਨ। ਇਸੇ ਤਰ੍ਹਾਂ ਇੱਕ ਸਾਧਾਰਨ ਪਰਿਵਾਰ ਤੋਂ ਹੋਣ ਦੇ ਕਾਰਨ ਹਰਪ੍ਰੀਤ ਜੀ ਵੱਧ ਤਾਂ ਨਹੀਂ ਕਰ ਸਕਦੇ ਸਨ, ਪਰ ਆਪਣੇ ਨੌਕਰੀ ਦੇ ਸਮੇਂ ਦੌਰਾਨ ਉਹਨਾਂ ਨੇ ਜੋ ਬੱਚਤ ਕੀਤੀ ਸੀ, ਉਸ ਪੈਸੇ ਨਾਲ ਉਹਨਾਂ ਨੇ ਘੋੜਿਆਂ ਦਾ ਫਾਰਮ ਖੋਲ੍ਹਣ ਦਾ ਫੈਸਲਾ ਕੀਤਾ।

ਮੈਂ ਹਮੇਸ਼ਾ ਤੋਂ ਹੀ ਇੱਕ ਅਜਿਹਾ ਕੰਮ ਕਰਨਾ ਚਾਹੁੰਦਾ ਸੀ, ਜਿਸ ਨਾਲ ਮੇਰੇ ਮਨ ਨੂੰ ਸੰਤੁਸ਼ਟੀ ਮਿਲੇ। ਘੋੜਿਆਂ ਅਤੇ ਘੋੜਸਵਾਰੀ ਨਾਲ ਆਪਣੇ ਪਿਆਰ ਦੇ ਕਾਰਨ ਹੀ ਮੈਂ ਘੋੜਿਆਂ ਲਈ ਫਾਰਮ ਖੋਲ੍ਹਣ ਦਾ ਮਨ ਬਣਾਇਆ। – ਹਰਪ੍ਰੀਤ ਸਿੰਘ ਬਾਜਵਾ

ਅਜਿਹੇ ਕਈ ਖੇਤਰ ਹਨ ਜਿਹਨਾਂ ਵਿੱਚ ਸ਼ਾਮਿਲ ਹੋਣ ਲਈ ਘੋੜਸਵਾਰੀ ਆਉਣੀ ਲਾਜ਼ਮੀ ਹੁੰਦੀ ਹੈ। ਇਸ ਉਦੇਸ਼ ਨਾਲ ਉਹਨਾਂ ਨੇ ਠੇਕੇ ‘ਤੇ ਜ਼ਮੀਨ ਲਈ। ਫਾਰਮ ਸ਼ੁਰੂ ਕਰਨ ਲਈ ਉਹਨਾਂ ਦਾ ਲਗਭਗ 7 ਤੋਂ 8 ਲੱਖ ਰੁਪਏ ਦਾ ਖਰਚਾ ਆਇਆ। ਆਪਣੇ ਇਸ ਫਾਰਮ ਦਾ ਨਾਮ ਉਹਨਾਂ ਨੇ DKPS ਰੱਖਿਆ। ਹਰਪ੍ਰੀਤ ਸਿੰਘ ਬਾਜਵਾ ਜੀ ਨੇ ਆਪਣੇ ਇਸ ਸਕੂਲ ਦਾ ਨਾਮ ਆਪਣੇ ਮਾਤਾ ਪਿਤਾ ਦਵਿੰਦਰ ਕੌਰ ਅਤੇ ਪ੍ਰਕਾਸ਼ ਸਿੰਘ ਦੇ ਨਾਮ ‘ਤੇ ਰੱਖਿਆ। ਇਸ ਫਾਰਮ ਵਿੱਚ ਉਹਨਾਂ ਨੇ ਥੋਰੋ ਬਰੈੱਡ ਨਸਲ ਦੇ ਘੋੜੇ ਰੱਖੇ ਹਨ। ਥੋਰੋ ਬਰੈੱਡ ਘੋੜਿਆਂ ਦੀ ਅਜਿਹੀ ਨਸਲ ਹੈ ਜੋ ਰੇਸਿੰਗ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਇਸ ਸਮੇਂ ਉਹਨਾਂ ਕੋਲ ਫਾਰਮ ਵਿੱਚ 5 ਘੋੜੀਆਂ ਅਤੇ 1 ਘੋੜਾ ਹੈ। ਸ਼ੁਰੂਆਤੀ ਦੌਰ ਵਿੱਚ ਉਹਨਾਂ ਕੋਲ ਘੋੜਸਵਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਚਾਹਵਾਨ ਆਏ, ਜਿਹਨਾਂ ਵਿੱਚ ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ। ਉਹਨਾਂ ਦੇ ਇਸ ਫਾਰਮ ਵਿੱਚ ਘੋੜਸਵਾਰੀ ਸਿੱਖਣ ਦੀ ਫੀਸ ਵੀ ਕਾਫੀ ਘੱਟ ਹੈ, ਜਿਸ ਕਾਰਨ ਅੱਜ ਵੀ ਉਹਨਾਂ ਕੋਲ ਕਾਫੀ ਲੋਕ ਘੋੜਸਵਾਰੀ ਸਿੱਖਣ ਆਉਂਦੇ ਹਨ।

ਸਾਡੇ ਫਾਰਮ ‘ਤੇ 7 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੇ ਘੋੜਸਵਾਰੀ ਦੇ ਸ਼ੌਕੀਨ ਆਉਂਦੇ ਹਨ। ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਜੀ ਵੀ ਸਾਡੇ ਫਾਰਮ ‘ਤੇ ਘੋੜਸਵਾਰੀ ਕਰਨ ਆਉਂਦੇ ਰਹਿੰਦੇ ਹਨ। – ਹਰਪ੍ਰੀਤ ਸਿੰਘ ਬਾਜਵਾ

ਹਰਪ੍ਰੀਤ ਜੀ ਆਪਣੇ ਸਕੂਲ ਦੇ ਬੱਚਿਆਂ ਨੂੰ ਘੋੜਸਵਾਰੀ ਦੀ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਲਈ ਵੀ ਤਿਆਰ ਕਰਦੇ ਹਨ। ਉਹਨਾਂ ਦੇ ਸਕੂਲ ਦੇ ਬੱਚੇ ਕਈ ਖੇਤਰੀ ਅਤੇ ਰਾਜ ਪੱਧਰੀ ਲੈਵਲ ਦੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਕਈ ਅਵਾਰਡ ਵੀ ਹਾਸਿਲ ਕਰ ਚੁੱਕੇ ਹਨ।

ਘੋੜਾ ਇੱਕ ਅਜਿਹਾ ਜਾਨਵਰ ਹੈ ਜਿਸਦਾ ਆਪਣਾ ਦਿਲ ਅਤੇ ਦਿਮਾਗ ਹੁੰਦਾ ਹੈ। ਘੋੜਸਵਾਰ ਆਪਣੇ ਇਸ਼ਾਰਿਆਂ ਨਾਲ ਘੋੜੇ ਨੂੰ ਸਮਝਾਉਂਦਾ ਹੈ। ਅਸੀਂ ਆਪਣੇ ਸਕੂਲ ਵਿੱਚ ਹੀ ਇਹ ਸਾਰੇ ਹੁਨਰ ਘੋੜਸਵਾਰਾਂ ਨੂੰ ਸਿਖਾਉਂਦੇ ਹਾਂ। – ਹਰਪ੍ਰੀਤ ਸਿੰਘ ਬਾਜਵਾ

ਹਰਪ੍ਰੀਤ ਜੀ ਦਾ ਘੋੜਸਵਾਰੀ ਸਕੂਲ ਖੋਲ੍ਹਣ ਦਾ ਫੈਸਲਾ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ, ਕਿਉਂਕਿ ਜੋ ਲੋਕ ਵੱਧ ਪੈਸੇ ਖਰਚ ਕੇ ਘੋੜਸਵਾਰੀ ਨਹੀਂ ਸਿੱਖ ਸਕਦੇ, ਉਹ DKPS ਦੇ ਜ਼ਰੀਏ ਆਪਣੀ ਇਸ ਇੱਛਾ ਨੂੰ ਪੂਰਾ ਕਰ ਸਕਦੇ ਹਨ।

ਭਵਿੱਖ ਦੀ ਯੋਜਨਾ

ਹਰਪ੍ਰੀਤ ਜੀ ਘੋੜਸਵਾਰੀ ਸਿੱਖਣ ਵਾਲੇ ਲੋਕਾਂ ਨੂੰ ਸਿਖਲਾਈ ਦੇ ਕੇ ਇੱਕ ਵਧੀਆ ਅਤੇ ਸਿਹਤਮੰਦ ਪੀੜ੍ਹੀ ਦੀ ਸਿਰਜਣਾ ਕਰਨਾ ਚਾਹੁੰਦੇ ਹਨ।

ਸੰਦੇਸ਼
“ਸਾਨੂੰ ਆਪਣੇ ਜਨੂੰਨ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ। ਮਿਹਨਤ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਚੱਕਰ ਨਾ ਪੈ ਕੇ ਆਪਣੀ ਮਿਹਨਤ ਦੇ ਨਾਲ ਆਪਣੇ ਅਤੇ ਆਪਣੇ ਮਾਤਾ-ਪਿਓ ਦੇ ਸੁਪਨਿਆਂ ਨੂੰ ਸੱਚ ਕਰਨਾ ਚਾਹੀਦਾ ਹੈ।”