l-prasad-pb

ਲਿੰਗਾਰੇਡੀ ਪ੍ਰਸ਼ਾਦ

(ਦੇਸੀ ਬੀਜ ਅਤੇ ਆਰਗੈਨਿਕ ਖੇਤੀ)

ਸਫਲ ਕਿਸਾਨ ਹੋਣਾ ਹੀ ਕਾਫੀ ਨਹੀਂ, ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਸਫਲ ਕਰਨਾ ਇਸ ਉੱਦਮੀ ਦਾ ਸੁਪਨਾ ਸੀ ਅਤੇ ਸੱਚ ਵੀ ਕਰਕੇ ਦਿਖਾਇਆ- ਲਿੰਗਾਰੇਡੀ ਪ੍ਰਸ਼ਾਦ

ਖੇਤੀ ਦੀ ਕਦਰ ਉਹੀ ਇਨਸਾਨ ਨੂੰ ਪਤਾ ਹੁੰਦੀ ਹੈ ਜੋ ਖੁਦ ਖੇਤੀ ਕਰਦਾ ਹੈ, ਖੇਤੀ ਕਰਦਿਆਂ ਫ਼ਸਲ ਨੂੰ ਉਗਾਉਣਾ ਤੇ ਸਾਂਭ-ਸੰਭਾਲ ਸਮੇਂ ਧਰਤੀ ਮਾਂ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ, ਜੇਕਰ ਹਰ ਇੱਕ ਇਨਸਾਨ ਵਿੱਚ ਖੇਤੀ ਪ੍ਰਤੀ ਪਿਆਰ ਪੈਦਾ ਹੋ ਜਾਵੇ ਤਾਂ ਉਹ ਹਰ ਚੀਜ਼ ਨੂੰ ਕੁਦਰਤ ਦੇ ਅਨੁਸਾਰ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਹਰ ਇਨਸਾਨ ਨੂੰ ਚਾਹੀਦਾ ਹੈ। ਉਹ ਰਸਾਇਣਿਕ ਖੇਤੀ ਨਾ ਕਰਕੇ ਕੁਦਰਤੀ ਖੇਤੀ ਨੂੰ ਪਹਿਲ ਦੇਵੇ ਤੇ ਫਿਰ ਕੁਦਰਤ ਵੀ ਗੱਫੇ ਭਰ-ਭਰ ਕੇ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ।

ਇੱਕ ਅਜਿਹੇ ਹੀ ਉੱਦਮੀ ਕਿਸਾਨ ਹਨ, ਜੋ ਖੇਤੀ ਨਾਲ ਇੱਥੋਂ ਤੱਕ ਜੁੜੇ ਹੋਏ ਹਨ ਕਿ ਖੇਤੀ ਨੂੰ ਇਕੱਲੀ ਖੇਤੀ ਨਹੀਂ ਕੁਦਰਤ ਵੱਲੋਂ ਮਿਲਿਆ ਉਪਹਾਰ ਸਮਝਦੇ ਹਨ। ਇਸ ਉਪਹਾਰ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ। ਉਸ ਉੱਦਮੀ ਕਿਸਾਨ ਦਾ ਨਾਮ ਲਿੰਗਾਰੇਡੀ ਪ੍ਰਸ਼ਾਦ ਹੈ, ਜੋ ਚਿਤੂਰ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸ਼ੁਰੂ ਤੋਂ ਖੇਤੀ ਨਾਲ ਪੂਰਾ ਪਰਿਵਾਰ ਜੁੜਿਆ ਹੋਇਆ ਸੀ ਅਤੇ ਜੈਵਿਕ ਖੇਤੀ ਕਰ ਰਿਹਾ ਸੀ ਪਰ ਲਿੰਗਾਰੇਡੀ ਪ੍ਰਸ਼ਾਦ ਕੁਝ ਹੋਰ ਵੱਖਰਾ ਕਰਨਾ ਚਾਹੁੰਦੇ ਸੀ, ਲਿੰਗਾਰੇਡੀ ਪ੍ਰਸ਼ਾਦ ਨੂੰ ਲੱਗਦਾ ਸੀ ਕਿ ਅਸਲ ਵਿੱਚ ਉਹ ਉਦੋਂ ਸਫਲ ਹੋਣਗੇ ਜਦੋਂ ਉਹਨਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਖੇਤੀ ਵਿਚ ਸਫਲ ਹੋਣ। ਰਵਾਇਤੀ ਖੇਤੀ ਵਿੱਚ ਉਹ ਸਫਲਤਾ ਪੂਰਵਕ ਅੰਬਾਂ ਦੇ ਬਾਗ਼ ਤੇ ਇਸਦੇ ਨਾਲ ਸਬਜ਼ੀਆਂ, ਹਲਦੀ ਤੇ ਹੋਰ ਕਈ ਫ਼ਸਲਾਂ ਦੀ ਖੇਤੀ ਕਰ ਰਹੇ ਸੀ।

ਫਸਲੀ ਵਿਭਿੰਨਤਾ ਕਾਫੀ ਨਹੀਂ ਸੀ ਕਿਉਂਕਿ ਇਹ ਤਾਂ ਸਭ ਕਰਦੇ ਹਨ- ਲਿੰਗਾਰੇਡੀ ਪ੍ਰਸਾਦ

ਇੱਕ ਦਿਨ ਉਹ ਬੈਠੇ ਹੋਏ ਸਨ ਅਤੇ ਪੁਰਾਣੇ ਸਮਿਆਂ ਬਾਰੇ ਸੋਚਣ ਲੱਗੇ, ਸੋਚਦਿਆਂ-ਸੋਚਦਿਆਂ ਉਹਨਾਂ ਦਾ ਮਿਲਟ ਦੇ ਵੱਲ ਧਿਆਨ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਬਜ਼ੁਰਗ ਮਿਲਟ ਦੀ ਖੇਤੀ ਕਰਿਆ ਕਰਦੇ ਸਨ ਜੋ ਕਿ ਸਿਹਤ ਲਈ ਵੀ ਫਾਇਦੇਮੰਦ ਹੈ ਤੇ ਪਸ਼ੂਆਂ ਲਈ ਵੀ ਵਧੀਆ ਆਹਾਰ ਹੋਣ ਦੇ ਨਾਲ ਅਨੇਕਾਂ ਫਾਇਦੇ ਸਨ। ਆਖਿਰ ਉਨ੍ਹਾਂ ਨੇ ਮਿਲਟ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਇੱਕ ਤੇ ਜਿੱਥੇ ਉਹ ਰਹਿੰਦੇ ਸਨ, ਉੱਥੇ ਮਿਲਟ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ, ਦੂਸਰਾ ਇਸ ਨਾਲ ਅਲੋਪ ਹੋ ਚੁੱਕੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚ ਰਹੇ ਸਨ।

ਸ਼ੁਰੂਆਤੀ ਦੌਰ ਵਿਚ ਲਿੰਗਾਰੇਡੀ ਪ੍ਰਸ਼ਾਦ ਨੂੰ ਇਹ ਨਹੀਂ ਪਤਾ ਸੀ, ਇਸ ਫਸਲ ਲਈ ਤਾਪਮਾਨ ਕਿੰਨਾ ਚਾਹੀਦਾ ਹੈ, ਕਿੰਨੇ ਸਮੇਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ, ਕਿੱਥੋਂ ਬੀਜ ਮਿਲਦੇ ਹਨ, ਕਿਵੇਂ ਬੀਜ ਤਿਆਰ ਕੀਤੇ ਜਾਂਦੇ ਹਨ। ਫਿਰ ਸਮਾਂ ਨਾ ਵਿਅਰਥ ਕਰਦੇ ਹੋਏ ਮਿਲਟ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੋਸ਼ਲ ਮੀਡਿਆ ਦਾ ਬਹੁਤ ਸਹਾਰਾ ਲਿਆ। ਫਿਰ ਇੱਕ ਆਪਣੇ ਪਿੰਡ ਦੇ ਬਜ਼ੁਰਗ ਨਾਲ ਗੱਲ ਕੀਤੀ ਜਿਸ ਤੋਂ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਤੇ ਬਜ਼ੁਰਗ ਨੇ ਬਿਜਾਈ ਤੋਂ ਲੈ ਕੇ ਵੱਢਣ ਤੱਕ ਦਾ ਸਾਰਾ ਤਰੀਕਾ ਲਿੰਗਾਰੇਡੀ ਪ੍ਰਸ਼ਾਦ ਨੂੰ ਦੱਸਿਆ। ਜਿੰਨੀ ਜਾਣਕਾਰੀ ਮਿਲਦੀ ਗਈ ਉਹ ਮਿਲਟ ਪ੍ਰਤੀ ਮੋਹਿਤ ਹੁੰਦੇ ਗਏ ਅਤੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਾਲ ਦਾ ਸਮਾਂ ਲੱਗ ਗਿਆ। ਜਦੋਂ ਜਾਣਕਾਰੀ ਸੰਪੂਰਨ ਹੋਈ ਤਾਂ ਉਸ ਤੋਂ ਬਾਅਦ ਉਹ ਤੇਲੰਗਾਨਾ ਤੋਂ ਮਿਲਟ ਦੇ 4 ਤੋਂ 5 ਕਿਸਮਾਂ ਦੇ ਬੀਜ ( ਪਰਲ ਮਿਲਟ, ਫਿੰਗਰ ਮਿਲਟ, ਬਰਨਯਾਰਡ ਮਿਲਟ ਆਦਿ) ਲੈ ਕੇ ਆਏ ਅਤੇ ਆਪਣੇ ਖੇਤਾਂ ਦੇ ਵਿੱਚ ਬਿਜਾਈ ਕਰ ਦਿੱਤੀ।

ਸਮੇਂ ‘ਤੇ ਲੋੜ ਮੁਤਾਬਿਕ ਜੋ-ਜੋ ਫਸਲ ਨੂੰ ਵੱਧਣ ਫੁੱਲਣ ਦੇ ਲਈ ਚਾਹੀਦਾ ਸੀ ਉਹ ਹਮੇਸ਼ਾਂ ਤਿਆਰ ਰਹਿੰਦੇ ਤੇ ਨਾਲ-ਨਾਲ ਪਾਉਂਦੇ ਰਹੇ। ਬਸ ਫਿਰ ਕੀ ਸੀ ਉਹ ਫਸਲ ਪੱਕਣ ਦੀ ਦੇਰ ਵਿੱਚ ਸੀ। ਜਦੋਂ ਸਮੇਂ ‘ਤੇ ਪਹਿਲੀ ਫ਼ਸਲ ਪੱਕ ਕੇ ਤਿਆਰ ਹੋਈ ਤਾਂ ਮਨ ਖੁਸ਼ੀਆਂ ਨਾਲ ਭਰ ਗਿਆ ਕਿਉਂਕਿ ਜਿਸ ਦਿਨ ਦੀ ਉਡੀਕ ਸੀ ਉਹ ਸਾਹਮਣੇ ਆ ਗਿਆ ਤੇ ਉਨ੍ਹਾਂ ਨੇ ਅਗਲੀ ਕਾਰਵਾਈ ਬਾਰੇ ਪਹਿਲਾ ਹੀ ਸੋਚ ਰੱਖਿਆ ਸੀ ਕਿਵੇਂ ਕੀ ਕਰਨਾ ਹੈ।

ਫਿਰ ਲਿੰਗਾਰੇਡੀ ਪ੍ਰਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਮਿਲਟ ਦੀ ਖੇਤੀ ਦੇ ਨਾਲ ਉਹਨਾਂ ਨੇ ਫਸਲ ਦੀ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਕੰਮ ਕਰਨ ਲੱਗੇ। ਪਹਿਲੀ ਬਾਰ ਉਨ੍ਹਾਂ ਨੇ ਫਸਲ ਦੇ ਬੀਜ ਲੈ ਕੇ ਮਿਕਸੀ ਦੇ ਵਿੱਚ ਪੀਸ ਕੇ ਪ੍ਰੋਸੈਸਿੰਗ ਕਰਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜੋ ਕਿ ਸਫਲ ਹੋਈ ਅਤੇ ਪੀਸ ਕੇ ਜੋ ਆਟਾ (ਉਤਪਾਦ) ਬਣਾਇਆ, ਉਨ੍ਹਾਂ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਦਾ ਕਰਵਾਇਆ। ਜਿਸ ਦਾ ਫਾਇਦਾ ਇਹ ਹੋਇਆ ਲੋਕਾਂ ਨੂੰ ਉਤਪਾਦ ਬਹੁਤ ਪਸੰਦ ਆਇਆ, ਜਿਸ ਨਾਲ ਹੌਂਸਲਾ ਬਹੁਤ ਵੱਧ ਗਿਆ ਤੇ ਇਸ ਕੰਮ ਉੱਤੇ ਜ਼ੋਰ ਦੇਣ ਲੱਗੇ।

ਜਦੋਂ ਉਨ੍ਹਾਂ ਨੂੰ ਲੱਗਾ ਉਸ ਵਿੱਚ ਕਾਮਯਾਬ ਹੋਣ ਲੱਗ ਗਏ ਤਾਂ ਉਨ੍ਹਾਂ ਨੂੰ ਉਸ ਕੰਮ ਨੂੰ ਥੋੜੇ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਉਹਨਾਂ ਨਾਲ ਸਿੱਧੇ ਤੌਰ ‘ਤੇ ਗ੍ਰਾਹਕ ਪਹਿਲਾ ਤੋਂ ਹੀ ਜੁੜੇ ਹਨ ਕਿਉਂਕਿ ਅੰਬ ਤੇ ਹਲਦੀ ਦੀ ਕਾਸ਼ਤ ਕਰਕੇ ਉਹਨਾਂ ਦੀ ਜਾਣ-ਪਹਿਚਾਣ ਬਣੀ ਹੋਈ ਸੀ।

ਲਿੰਗਾਰੇਡੀ ਪ੍ਰਸ਼ਾਦ ਦੇ ਮੰਡੀਕਰਨ ਦਾ ਤਰੀਕਾ ਸੀ ਕਿ ਉਹ ਗ੍ਰਾਹਕਾਂ ਨੂੰ ਮਿਲਟ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਂਦੇ ਅਤੇ ਫਿਰ ਲੋਕ ਮਿਲਟ ਦਾ ਆਟਾ ਖਰੀਦਣ ਲੱਗੇ ਤੇ ਮਾਰਕੀਟ ਵੱਡੀ ਹੋ ਗਈ।

ਸਾਲ 2019 ਦੇ ਵਿੱਚ ਉਨ੍ਹਾਂ ਨੇ ਨਾਲ ਫਿਰ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਰਕੀਟਿੰਗ ਕਰਨ ਲੱਗੇ। ਸਫਲ ਹੋਣ ਦੇ ਬਾਵਜੂਦ ਵੀ ਉਹ ਉਸ ਜਗ੍ਹਾ ‘ਤੇ ਖੜੇ ਨਹੀਂ ਰਹੇ ਸਗੋਂ ਹੋਰ ਕੁਝ ਨਾਲ-ਨਾਲ ਕਰਨ ਬਾਰੇ ਸੋਚਿਆ ਤੇ ਅੱਜ ਉਹ ਹੋਰ ਸਹਾਇਕ ਕਿੱਤਿਆਂ ਵਿਚ ਵੀ ਸਫਲ ਕਿਸਾਨ ਦੇ ਵਜੋਂ ਜਾਣੇ ਜਾਂਦੇ ਹਨ।

ਨੌਕਰੀ ਦੇ ਬਾਵਜੂਦ ਉਹ ਆਪਣੇ ਫਾਰਮ ‘ਤੇ ਵਰਮੀ ਕੰਪੋਸਟ ਯੂਨਿਟ, ਮੱਛੀ ਪਾਲਣ ਵੀ ਕਰ ਰਹੇ ਹਨ, ਖਾਸ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਉਨ੍ਹਾਂ ਦੀ ਸਫਲਤਾ ਦੇ ਕਾਰਨ ਉੱਥੋਂ ਦੀਆਂ ਯੂਨੀਵਰਸਿਟੀ ਵਿਖੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਿਉਕਿ ਉਹਨਾਂ ਕੋਲ 2 ਰੰਗਾਂ ਦੀ ਮੱਛੀ ਹੈ। ਆਪਣੇ ਸਫਲਤਾ ਦਾ ਸਿਹਰਾ ਉਹ ਆਪਣੀ ਖੇਤੀ ਐੱਪ ਨੂੰ ਵੀ ਦਿੰਦੇ ਹਨ, ਕਿਉਂਕਿ ਉਹ ਆਪਣੀ ਖੇਤੀ ਐੱਪ ਦੇ ਰਾਹੀਂ ਨਵੀਂ-ਨਵੀਂ ਤਕਨੀਕਾਂ ਨਾਲ ਜਾਣੂ ਹੁੰਦੇ ਰਹਿੰਦੇ ਹਨ।

ਹੁਣ ਉਹਨਾਂ ਨੇ ਆਪਣੇ ਖੇਤ ਦੇ ਮਾਡਲ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਕਿ ਉਹਨਾਂ ਨੂੰ ਪੂਰਾ ਸਾਲ ਹਰ ਰੋਜ਼ ਘਰ ਬੈਠ ਕੇ ਆਮਦਨ ਹੁੰਦੀ ਹੈ।

ਭਵਿੱਖ ਦੀ ਯੋਜਨਾ

ਉਹ ਮੁਰਗੀ ਪਾਲਣ ਤੇ ਝੀਂਗਾ ਮੱਛੀ ਪਾਲਣ ਦਾ ਵੀ ਕਿੱਤਾ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਹਰ ਇੱਕ ਕਿੱਤੇ ਦੇ ਵਿੱਚ ਮੁਹਾਰਤ ਹਾਸਿਲ ਕਰ ਸਕੇ ਅਤੇ ਵੱਧ ਤੋਂ ਵੱਧ ਹੋਰ ਦੇਸੀ ਬੀਜਾਂ ਤੇ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਇਨਸਾਨ ਆਪਣੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਇੱਕ ਤਾਂ ਧਰਤੀ ਮਾਂ ਸੁਰੱਖਿਤ ਰਹੇਗੀ ਦੂਜਾ ਇਨਸਾਨ ਦੀ ਸਿਹਤ ਨਾਲ ਵੀ ਕੋਈ ਖਿਲਵਾੜ ਨਹੀਂ ਹੋਵੇਗਾ।