rishab pb

ਰਿਸ਼ਭ ਸਿੰਗਲਾ

(ਉਤਪਾਦ ਪ੍ਰੋਸੇਸਿੰਗ)

ਹਰਿਆਣਾ ਦਾ 23 ਸਾਲਾਂ ਨੌਜਵਾਨ ਬਣ ਰਿਹਾ ਹੈ ਦੂਜੇ ਨੌਜਵਾਨਾਂ ਲਈ ਮਿਸਾਲ

ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਇੱਕ ਪਾਸੇ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਜਾਂ ਵਿਦੇਸ਼ਾਂ ਵਿੱਚ ਵੱਸਣ ਬਾਰੇ ਸੋਚ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਰਿਆਣਾ ਦਾ 23 ਸਾਲਾਂ ਨੌਜਵਾਨ ਕੁੱਝ ਨਵੇਕਲਾ ਕਰਕੇ ਬਾਕੀ ਲੋਕਾਂ ਲਈ ਪ੍ਰੇਰਣਾਸਰੋਤ ਬਣ ਰਿਹਾ ਹੈ। ਜੀ ਹਾਂ, ਹਰਿਆਣਾ ਦੇ ਰਿਸ਼ਭ ਸਿੰਗਲਾ, ਜੋ ਕਿ ਆਪਣੀ BBA ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਆਪਣੀ ਜ਼ਿੰਦਗੀ ਵਿੱਚ ਕੁੱਝ ਅਲੱਗ ਕਰਨ ਦੀ ਇੱਛਾ ਰੱਖਦੇ ਸਨ। ਅੱਜ-ਕੱਲ੍ਹ ਬੱਚੇ ਤੋਂ ਲੈ ਕੇ ਬਜ਼ੁਰਗ ਸਾਰੇ ਹੀ ਚਾਕਲੇਟ ਖਾਣ ਦੇ ਸ਼ੌਕੀਨ ਹਨ। ਇਸ ਲਈ ਰਿਸ਼ਭ ਚਾਕਲੇਟ ਬਣਾਉਣ ਬਾਰੇ ਸੋਚਣ ਲੱਗੇ। ਰਿਸ਼ਭ ਨੂੰ ਪੜ੍ਹਾਈ ਕਰਦੇ ਹੋਏ ਹੀ ਪਤਾ ਚੱਲਿਆ ਕਿ ਕੋਕੋ ਪਲਾਂਟਸ ਦੀ ਆਰਗੈਨਿਕ ਖੇਤੀ ਕਰਨਾਟਕ ਵਿੱਚ ਹੁੰਦੀ ਹੈ, ਪਰ ਉਹਨਾਂ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਕਿਉਂਕਿ ਰਿਸ਼ਭ ਦੇ ਪਿਤਾ ਧੂਫ਼-ਅਗਰਬੱਤੀ ਦੀ ਟਰੇਡਿੰਗ ਦਾ ਕਾਰੋਬਾਰ ਕਰਦੇ ਹਨ। ਇਸ ਲਈ ਕੋਕੋ ਪਲਾਂਟਸ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਉਹ COORG (ਕਰਨਾਟਕ) ਗਏ। ਪੂਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੇ ਚਾਕਲੇਟ ਤਿਆਰ ਕਰਨ ਦਾ ਮਨ ਬਣਾਇਆ।

ਫਰਵਰੀ 2018 ਵਿੱਚ ਪਹਿਲੀ ਵਾਰ ਕਰਨਾਟਕ ਦੇ ਕਿਸਾਨਾਂ ਤੋਂ ਆਰਗੈਨਿਕ ਕੋਕੋ ਬੀਨਸ ਲੈ ਕੇ ਰਿਸ਼ਭ ਨੇ ਘਰ ਵਿੱਚ ਹੀ ਮਿਕਸਰ ਗਰਾਈਂਡਰ ਨਾਲ ਕੋਕੋ ਬੀਨਸ ਪੀਸ ਕੇ ਚਾਕਲੇਟ ਤਿਆਰ ਕੀਤੀ। ਭਾਵੇਂ ਪਹਿਲਾਂ-ਪਹਿਲ ਉਹਨਾਂ ਨੂੰ ਇਸ ਕੰਮ ਵਿੱਚ ਬਹੁਤ ਦਿੱਕਤ ਆਈ ਪਰ ਉਹਨਾਂ ਨੇ ਹੋਂਸਲਾ ਨਹੀਂ ਛੱਡਿਆ। ਰਿਸ਼ਭ ਨੇ ਹੋਰ ਕਈ ਕਿਸਮਾਂ ਦੀਆ ਚਾਕਲੇਟ ਤਿਆਰ ਕੀਤੀਆਂ ਅਤੇ ਉਹਨਾਂ ਨੂੰ ਇਸ ਕੰਮ ਵਿੱਚ ਸਫ਼ਲਤਾ ਵੀ ਮਿਲੀ। ਇਸ ਤਰ੍ਹਾਂ ਉਹਨਾਂ ਦੁਆਰਾ ਘਰ ਵਿੱਚ ਹੀ ਚਾਕਲੇਟ ਤਿਆਰ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਹੀ ਇਸ ਕੰਮ ਵਿੱਚ ਉਹਨਾਂ ਦੀ ਮਦਦ ਕਰਦੇ ਸਨ, ਪਰ ਕੰਮ ਜ਼ਿਆਦਾ ਹੋਣ ਕਾਰਨ ਉਹਨਾਂ ਨੇ 8 ਹੋਰ ਘਰੇਲੂ ਔਰਤਾਂ ਨੂੰ ਆਪਣੇ ਕੰਮ ਵਿੱਚ ਸ਼ਾਮਿਲ ਕਰ ਲਿਆ ਅਤੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ।

“ਮੇਰੇ ਮੁਤਾਬਿਕ ਭਾਵੇਂ ਇਸ ਕਾਰੋਬਾਰ ਵਿੱਚ ਮੁਨਾਫ਼ਾ ਘੱਟ ਹੋਵੇ ਪਰ ਚਾਕਲੇਟ ਦੀ ਗੁਣਵੱਤਾ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ ਅੱਜ-ਕੱਲ੍ਹ ਦੇ ਦੌਰ ਵਿੱਚ ਮਿਲਾਵਟੀ ਚੀਜ਼ਾਂ ਬਹੁਤ ਜ਼ਿਆਦਾ ਵਿਕਦੀਆਂ ਹਨ, ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।” – ਰਿਸ਼ਭ ਸਿੰਗਲਾ

ਆਪਣੀ ਸੋਚ ਦੇ ਸਦਕਾ ਰਿਸ਼ਭ ਸਿਰਫ਼ ਆਰਗੈਨਿਕ ਤੌਰ ‘ਤੇ ਤਿਆਰ ਕੋਕੋ ਬੀਨਸ ਹੀ ਖਰੀਦਦੇ ਹਨ ਅਤੇ ਇਨ੍ਹਾਂ ਤੋਂ ਹੀ ਚਾਕਲੇਟ ਤਿਆਰ ਕਰਦੇ ਹਨ। ਹੁਣ ਰਿਸ਼ਭ ਬੰਗਾਲ ਵਿੱਚ ਤਿਆਰ ਕੀਤੇ ਆਰਗੈਨਿਕ ਕੋਕੋ ਬੀਨਸ ਚਾਕਲੇਟ ਤਿਆਰ ਕਰਨ ਲਈ ਖਰੀਦਦੇ ਹਨ।

ਕੋਕੋ ਬੀਨਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਅਤੇ ਉਹਨਾਂ ਤੋਂ ਚਾਕਲੇਟ ਤਿਆਰ ਕਰਨ ਤੋਂ ਬਾਅਦ ਰਿਸ਼ਭ ਹੁਣ ਚਾਕਲੇਟ ਦੀ ਪੈਕਿੰਗ ਵੀ ਖੁਦ ਕਰਦੇ ਹਨ। ਰਿਸ਼ਭ ਚਾਕਲੇਟ ਦੀ ਪੈਕਿੰਗ ਇੰਨੇ ਆਕਰਸ਼ਕ ਢੰਗ ਨਾਲ ਕਰਦੇ ਹਨ ਕਿ ਚਾਕਲੇਟ ਦੀ ਪੈਕਿੰਗ ਦੇਖ ਕੇ ਹੀ ਉਸਦੀ ਗੁਣਵੱਤਾ ਦਾ ਅੰਦਾਜ਼ਾ ਲੱਗ ਜਾਂਦਾ ਹੈ। ਉਹ ਚਾਕਲੇਟ ਦੀ ਪੈਕਿੰਗ ਇਸ ਤਰੀਕੇ ਨਾਲ ਕਰਦੇ ਹਨ ਕਿ ਜੋ ਵੀ ਉਸ ਨੂੰ ਦੇਖਦਾ ਹੈ ਚਾਕਲੇਟ ਖਾਣ ਤੋਂ ਬਗੈਰ ਨਹੀਂ ਰਹਿ ਸਕਦਾ।

ਨੌਜਵਾਨ ਹੋਣ ਦੇ ਕਾਰਨ ਰਿਸ਼ਭ ਸਾਰਿਆਂ ਦੀ ਜ਼ਿੰਦਗੀ ਵਿੱਚ ਸੋਸ਼ਲ ਮੀਡਿਆ ਦੀ ਮਹੱਤਤਾ ਨੂੰ ਭਲੀ-ਭਾਂਤੀ ਸਮਝਦੇ ਹਨ। ਸੋ, ਉਹਨਾਂ ਨੇ ਸੋਸ਼ਲ ਮੀਡਿਆ ਦਾ ਸਾਰਥਕ ਇਸਤੇਮਾਲ ਕਰਦੇ ਹੋਏ ਆਪਣੇ ਬ੍ਰਾਂਡ “ਸ਼ਿਆਮ ਜੀ ਚਾਕਲੇਟ” ਦੀ ਮਾਰਕੀਟਿੰਗ ਆਨਲਾਈਨ ਕਰਨੀ ਸ਼ੁਰੂ ਕੀਤੀ। ਇਸ ਨਾਲ ਉਹਨਾਂ ਦੇ ਕਾਰੋਬਾਰ ਨੂੰ ਇੱਕ ਨਵੀ ਦਿਸ਼ਾ ਮਿਲੀ।

“ਜੋ ਕੰਮ ਹੱਥਾਂ ਨਾਲ ਜ਼ਿਆਦਾ ਚੰਗੀ ਤਰ੍ਹਾਂ ਅਤੇ ਸਫ਼ਾਈ ਨਾਲ ਹੋ ਸਕਦਾ ਹੈ, ਉਹ ਕੰਮ ਮਸ਼ੀਨਾਂ ਨਾਲ ਨਹੀਂ ਕੀਤਾ ਜਾ ਸਕਦਾ। ਪਰ ਮਸ਼ੀਨਾਂ ਕਾਫੀ ਹੱਦ ਤੱਕ ਕੰਮ ਨੂੰ ਸੁਖਾਲਾ ਕਰ ਦਿੰਦੀਆਂ ਹਨ।” – ਰਿਸ਼ਭ ਸਿੰਗਲਾ

ਸ਼ਿਆਮ ਜੀ ਚਾਕਲੇਟ ਦੁਆਰਾ ਤਿਆਰ ਕੀਤੇ ਗਏ ਉਤਪਾਦ:

  • 85% ਆਰਗੈਨਿਕ ਡਾਰਕ ਚਾਕਲੇਟ ਬਾਰ
  • 75% ਆਰਗੈਨਿਕ ਡਾਰਕ ਚਾਕਲੇਟ ਬਾਰ
  • 55% ਆਰਗੈਨਿਕ ਡਾਰਕ ਚਾਕਲੇਟ ਬਾਰ
  • 19% ਆਰਗੈਨਿਕ ਡਾਰਕ ਚਾਕਲੇਟ ਬਾਰ ਇਨ ਡਿਫਰੇਂਟ ਫਲੈਵਰਸ
  • ਸੀ ਸਾਲਟ ਆਰਗੈਨਿਕ ਚਾਕਲੇਟ ਬਾਰ

ਖੋਜ

  • ਮਾਈਂਡ ਬੂਸਟਰ ਚਾਕਲੇਟ ਬਾਰ
  • ਜੈਗਰੀ ਚਾਕਲੇਟ ਬਾਰ
  • ਚਿਆ ਸੀਡਜ਼ ਚਾਕਲੇਟ ਬਾਰ
  • ਫਾਈਬਰ ਬੂਸਟਰ ਚਾਕਲੇਟ ਬਾਰ
  • ਬਲੈਕ ਪੈਪਰ ਚਾਕਲੇਟ ਬਾਰ
  • ਫਲੇਕਸ ਸੀਡਜ਼ ਚਾਕਲੇਟ ਬਾਰ

ਫੈਸਟੀਵਲ ਆਈਟਮ

  • ਫੈਸਟਿਵ ਸੇਲੀਬ੍ਰੇਸ਼ਨ ਐਸੋਰਟਿਡ 15 ਪੀਸ ਚਾਕਲੇਟ ਬਾਕਸ

ਭਵਿੱਖ ਦੀ ਯੋਜਨਾ:

ਰਿਸ਼ਭ ਹੁਣ ਵੀ ਘਰ ਵਿੱਚ ਹੀ ਚਾਕਲੇਟ ਤਿਆਰ ਕਰਦੇ ਹਨ, ਪਰ ਭਵਿੱਖ ਵਿੱਚ ਉਹ ਆਪਣੀ ਚਾਕਲੇਟ ਦੀ ਫੈਕਟਰੀ ਲਗਾਉਣਾ ਚਾਹੁੰਦੇ ਹਨ, ਜਿਸ ਵਿੱਚ ਉਹ ਪ੍ਰੋਸੈਸਸਿੰਗ ਲਈ ਨਵੀਆਂ ਮਸ਼ੀਨਾਂ ਅਤੇ ਤਕਨੀਕ ਇਸਤੇਮਾਲ ਕਰਨਗੇ।

ਭਾਵੇਂ ਰਿਸ਼ਭ ਨੂੰ ਇਸ ਕੰਮ ਨੂੰ ਸ਼ੁਰੂ ਕੀਤਿਆਂ ਹਾਲੇ ਇੱਕ ਸਾਲ ਦਾ ਸਮਾਂ ਹੀ ਹੋਇਆ ਹੈ, ਪਰ ਉਹ ਅੱਗੇ ਵੀ ਇਸ ਖੇਤਰ ਵਿੱਚ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ ਅਤੇ ਚਾਕਲੇਟ ਦੀ ਗੁਣਵੱਤਾ ਨੂੰ ਹੋਰ ਵਧਾਉਣਾ ਚਾਹੁੰਦੇ ਹਨ।

ਸੰਦੇਸ਼
“ਰਿਸ਼ਭ ਸਿੰਗਲਾ ਆਰਗੈਨਿਕ ਉਤਪਾਦ ਤਿਆਰ ਕਰਦੇ ਹਨ ਅਤੇ ਉਹ ਦੂਜੇ ਨੌਜਵਾਨਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਆਰਗੈਨਿਕ ਤੌਰ ‘ਤੇ ਤਿਆਰ ਕੀਤੇ ਗਏ ਉਤਪਾਦਾਂ ਦੀ ਵਰਤੋਂ ਕਰਨ ਅਤੇ ਬਿਮਾਰੀਆਂ ਤੋਂ ਦੂਰ ਰਹਿਣ, ਕਿਉਂਕਿ “ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ।”