yadvinder-pa

ਯਾਦਵਿੰਦਰ ਸਿੰਘ

(ਸਬਜ਼ੀਆਂ ਦੀ ਖੇਤੀ)

ਪੰਜਾਬ ਦੇ ਇਸ ਕਿਸਾਨ ਨੇ ਕਣਕ-ਝੋਨੇ ਦੀ ਰਵਾਇਤੀ ਖੇਤੀ ਦੀ ਥਾਂ ਸਭ ਤੋਂ ਉੱਤਮ ਵਿਕਲਪ ਚੁਣਿਆ ਅਤੇ ਉਹ ਇਸ ਤੋਂ ਦੋਹਰਾ ਲਾਭ ਕਮਾ ਰਿਹਾ ਹੈ

ਪੰਜਾਬ ਵਿੱਚ ਜਿੱਥੇ ਅੱਜ ਵੀ ਝੋਨੇ ਅਤੇ ਕਣਕ ਦੀ ਖੇਤੀ ਜਾਰੀ ਹੈ, ਉੱਥੇ ਹੀ ਕੁੱਝ ਕਿਸਾਨਾਂ ਕੋਲ ਅਜੇ ਵੀ ਵਿਕਲਪਾਂ ਦੀ ਕਮੀ ਹੈ। ਕਿਸਾਨਾਂ ਕੋਲ ਜ਼ਮੀਨ ਦਾ ਇੱਕ ਛੋਟਾ ਟੁਕੜਾ ਹੁੰਦਾ ਹੈ ਅਤੇ ਘੱਟ ਜਾਗਰੂਕਤਾ ਵਾਲੇ ਕਿਸਾਨ ਅਜੇ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਪਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਦੀ ਪੁਰਾਣੀ ਤਕਨੀਕ ਨੂੰ ਛੱਡ ਕੇ ਨਰਸਰੀ ਤਿਆਰ ਕੀਤੀ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਆਪਣੇ ਲੱਖਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਨੌਜਵਾਨ ਯਾਦਵਿੰਦਰ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੇ ਬਾਅਦ ਹੋਟਲ ਮੈਨੇਜਮੈਂਟ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਦੋ ਸਾਲ ਲਈ ਸਿੰਗਾਪੁਰ ਵਿੱਚ ਇੱਕ ਮਸ਼ਹੂਰ ਸ਼ੈੱਫ ਰਹੇ। ਪਰ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸਨ ਅਤੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਆਪਣੇ ਜੀਵਨ ਵਿੱਚ ਕੋਈ ਕਮੀ ਮਹਿਸੂਸ ਕਰ ਰਹੇ ਸਨ। ਇਸ ਲਈ ਉਹ ਵਾਪਸ ਪੰਜਾਬ ਆ ਗਏ ਅਤੇ ਪੂਰੇ ਇਰਾਦੇ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ।

2015 ਵਿੱਚ ਉਨ੍ਹਾਂ ਨੇ ਆਪਣਾ ਜੈਵਿਕ ਉੱਦਮ ਸ਼ੁਰੂ ਕੀਤਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਵਿੱਖ ਦੇ ਨੁਕਸਾਨ ਤੋਂ ਬਚਣ ਲਈ ਬੁੱਧੀਮਾਨੀ ਤੋਂ ਕੰਮ ਲਿਆ। ਆਪਣੀ ਚਤੁਰਾਈ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਲਈ ਅਤੇ ਕਿਸਾਨ ਮੇਲਿਆਂ ਵਿੱਚ ਭਾਗ ਲਿਆ ਅਤੇ ਜੈਵਿਕ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ। ਆਪਣੇ ਬ੍ਰੈਂਡ ਨੂੰ ਵਧਾਉਣ ਲਈ ਯਾਦਵਿੰਦਰ ਜੀ ਨੇ ਆਪਣੇ ਵਪਾਰ ਦਾ ਲੋਗੋ (LOGO) ਵੀ ਡਿਜ਼ਾਈਨ ਕੀਤਾ।

ਆਪਣੇ ਖੇਤੀਬਾੜੀ ਦੇ ਉੱਦਮ ਦੇ ਪਹਿਲੇ ਸਾਲ ਉਨ੍ਹਾਂ ਨੇ 1 ਲੱਖ ਦਾ ਮੁਨਾਫ਼ਾ ਖੱਟਿਆ ਅਤੇ ਅੱਜ ਉਹ ਕੇਵਲ 2 ਕਨਾਲ ‘ਚੋਂ 2.5 ਲੱਖ ਤੋਂ ਵੀ ਜ਼ਿਆਦਾ ਕਮਾਈ ਕਰ ਰਹੇ ਹਨ। ਖੇਤੀਬਾੜੀ ਦੇ ਨਾਲ ਉਨ੍ਹਾਂ ਨੇ ਨਰਸਰੀ ਪ੍ਰਬੰਧਨ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਬੀਜ ਦੀ ਤਿਆਰੀ, ਮਿੱਟੀ ਪ੍ਰਬੰਧਨ ਸ਼ਾਮਲ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਨਵੇਂ ਪੌਦੇ ਵੇਚਣ ਲਈ ਮਾਰਕਿਟ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੌਦੇ ਖਰੀਦਣ ਲਈ ਕਿਸਾਨ ਖੁਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਅੱਜ ਯਾਦਵਿੰਦਰ ਸਿੰਘ ਜੀ ਆਪਣੇ ਕਾਰੋਬਾਰ ਅਤੇ ਆਪਣੀ ਆਮਦਨ ਤੋਂ ਬਹੁਤ ਖੁਸ਼ ਹਨ। ਭਵਿੱਖ ਵਿੱਚ ਉਹ ਆਪਣੀ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਣ ਲਈ ਕੁੱਝ ਹੋਰ ਫ਼ਸਲਾਂ ਉਗਾਉਣਾ ਚਾਹੁੰਦੇ ਹਨ।

ਸੰਦੇਸ਼:
ਅਸੀਂ ਜਾਣਦੇ ਹਾਂ ਕਿ ਸਰਕਾਰ ਸਧਾਰਨ ਕਿਸਾਨਾਂ ਦੇ ਹੱਕ ਲਈ ਲੋੜੀਂਦੇ ਯਤਨ ਨਹੀਂ ਕਰਦੀ। ਪਰ ਕਿਸਾਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਜ਼ਬੂਤ ਇਰਾਦਾ ਅਤੇ ਸਹੀ ਦ੍ਰਿਸ਼ਟੀਕੋਣ ਨਾਲ ਉਹ ਜੋ ਚਾਹੁਣ ਪ੍ਰਾਪਤ ਕਰ ਸਕਦੇ ਹਨ।