yad-pb

ਯਾਦਵਿੰਦਰ ਸਿੰਘ

(ਘੋੜਸਵਾਰੀ)

ਇੱਕ ਅਜਿਹਾ ਉੱਦਮੀ ਇਨਸਾਨ ਜਿਸ ਨੇ ਬਜ਼ੁਰਗਾਂ ਦੇ ਸ਼ੌਂਕ ਨੂੰ ਸੰਭਾਲਿਆ ਅਤੇ ਕਿੱਤੇ ਵਿੱਚ ਅਪਣਾ ਕੇ ਹੋਇਆ ਕਾਮਯਾਬ

ਦਾਦਿਆਂ-ਪਰਦਾਦਿਆਂ ਵੱਲੋਂ ਚੱਲੀ ਆ ਰਹੀ ਪਰੰਪਰਾ ਨੂੰ ਬਣਾ ਕੇ ਰੱਖਣਾ ਤੇ ਮੁੜ ਕੇ ਉਸ ਪਰੰਪਰਾ ਨੂੰ ਸ਼ੌਂਕ ਤੇ ਕਿੱਤੇ ਵਿੱਚ ਬਦਲਣਾ ਕੋਈ ਆਸਾਨ ਗੱਲ ਨਹੀਂ ਹੈ, ਕਿਉਂਕਿ ਅੱਜ ਕੱਲ ਕੋਈ ਵਿਰਲਾ ਹੀ ਆਪਣੇ ਬਜ਼ੁਰਗਾਂ ਦੀ ਪੁਰਾਣੀ ਪਰੰਪਰਾ ਨੂੰ ਨਿਭਾ ਰਿਹਾ ਹੈ ਨਹੀਂ ਤਾਂ ਸਭ ਪਰੰਪਰਾ ਨੂੰ ਤਾਂ ਕੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਭੁੱਲ ਕੇ ਹੀ ਬੈਠੇ ਹਨ ਫਿਰ ਉਨ੍ਹਾਂ ਨੂੰ ਉਹਨਾਂ ਦੇ ਕਿੱਤੇ ਕਿੱਥੋਂ ਯਾਦ ਰਹਿ ਜਾਣਗੇ।

ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਇੱਕ ਅਜਿਹੇ ਇਨਸਾਨ ਯਾਦਵਿੰਦਰ ਸਿੰਘ ਨਾਲ ਜੋ ਪਿੰਡ ਬਰਕੰਦੀ, ਜ਼ਿਲਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜਿਹਨਾਂ ਨੇ ਆਪਣੇ ਬਾਰੇ ਨਹੀਂ ਆਪਣੇ ਦਾਦਿਆਂ ਪਰਦਾਦਿਆਂ ਦੀ ਪਰੰਪਰਾ ਨੂੰ ਮੁੜ ਜਾਗ੍ਰਿਤ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਖੜੇ ਹੋ ਕੇ ਵੀ ਦਿਖਾਇਆ। ਅੱਜ ਕੱਲ ਹਰ ਕੋਈ ਉਨ੍ਹਾਂ ਉੱਤੇ ਮਾਣ ਕਰਦਾ ਹੈ। ਇਸ ਕੰਮ ਵਿੱਚ ਹਮੇਸ਼ਾਂ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਸਰਦਾਰ ਹਰਪਾਲ ਸਿੰਘ ਜੀ ਦਿੰਦੇ ਹਨ।

ਆਜ਼ਾਦੀ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਬਹੁਤ ਸਾਰੇ ਘਰਾਣੇ ਅਜਿਹੇ ਸਨ ਜਿਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਸੀ ਤੇ ਘੋੜੇ ਵੀ ਬਹੁਤ ਵਧੀਆ ਨਸਲ ਦੇ ਰੱਖਦੇ ਸਨ। ਅਮੀਰ ਲੋਕਾਂ ਵਿੱਚ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਵੀ ਅਤੇ ਜ਼ਰੂਰਤ ਵੀ ਸੀ। ਪੁਰਾਣੇ ਸਮਿਆਂ ਵਿੱਚ ਘੋੜਸਵਾਰੀ ਦਾ ਸ਼ੋਂਕ ਹੋਣ ਕਰਕੇ 5 ਤੋਂ 6 ਘੋੜੇ ਤਕਰੀਬਨ ਹਰ ਇੱਕ ਨੇ ਰੱਖੇ ਹੁੰਦੇ ਸਨ। ਪਰ ਉਸ ਵਕਤ ਇਹ ਲੋਕ ਘੋੜਿਆਂ ਦਾ ਵਪਾਰ ਨਹੀਂ ਸੀ ਕਰਦੇ।

ਉਨ੍ਹਾਂ ਘੋੜਸਵਾਰੀ ਦੇ ਸ਼ੌਕੀਨਾਂ ਵਿੱਚ ਯਾਦਵਿੰਦਰ ਦੇ ਦਾਦਾ ਜੀ ਦਾ ਵੀ ਨਾਮ ਆਉਂਦਾ ਹੈ, ਜਿਨ੍ਹਾਂ ਨੇ ਘੋੜਸਵਾਰੀ ਦੇ ਸ਼ੌਂਕ ਨੂੰ ਹਮੇਸ਼ਾਂ ਬਣਾਈ ਰੱਖਿਆ ਅਤੇ ਘੋੜੇ ਪਾਲਦੇ ਅਤੇ ਘੋੜਸਵਾਰੀ ਕਰਦੇ ਰਹੇ। ਉਸ ਤੋਂ ਬਾਅਦ ਇਹੀ ਸ਼ੌਂਕ ਉਨ੍ਹਾਂ ਦੇ ਪਿਤਾ ਸਰਦਾਰ ਹਰਪਾਲ ਜੀ ਨੂੰ ਪੈ ਗਿਆ। ਹਰਪਾਲ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਘੋੜਸਵਾਰੀ ਦੇ ਸ਼ੌਂਕ ਨੂੰ ਅੱਗੇ ਤੋਰਿਆ ਅਤੇ ਹੁਣ ਤੱਕ ਉਨ੍ਹਾਂ ਦਾ ਘੋੜਸਵਾਰੀ ਦਾ ਸ਼ੌਂਕ ਚੱਲਿਆ ਆ ਰਿਹਾ ਹੈ। ਸਾਲ 1990 ਦੇ ਦੌਰਾਨ ਜਦੋਂ ਯਾਦਵਿੰਦਰ ਦੇ ਪਿਤਾ ਘੋੜਸਵਾਰੀ ਕਰਨ ਜਾਂਦੇ ਸਨ ਤਾਂ ਯਾਦਵਿੰਦਰ ਉਦੋਂ ਨਿੱਕੇ ਹੀ ਹੁੰਦੇ ਸਨ ਪਰ ਉਹ ਹਮੇਸ਼ਾਂ ਆਪਣੇ ਪਿਤਾ ਜੀ ਨੂੰ ਘੋੜਸਵਾਰੀ ਕਰਦੇ ਦੇਖਦੇ ਰਹਿੰਦੇ ਸਨ।

ਜਦੋਂ ਉਹ ਥੋੜੇ ਵੱਡੇ ਹੋਏ ਤਾਂ ਉਨ੍ਹਾਂ ਨੇ ਹੌਲੀ-ਹੌਲੀ ਫਾਰਮ ‘ਤੇ ਸਾਰਾ-ਸਾਰਾ ਦਿਨ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਓਥੇ ਜਾ ਕੇ ਯਾਦਵਿੰਦਰ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਤਾ ਨਹੀਂ ਉਹ ਕਿਹੜੀ ਅਜਿਹੀ ਜ਼ਿੰਦਗੀ ਦੇ ਵਿੱਚ ਆ ਗਿਆ ਜਿੱਥੇ ਸਿਰਫ ਸਕੂਨ ਹੀ ਸਕੂਨ ਹੈ ਫਿਰ ਯਾਦਵਿੰਦਰ ਨੇ ਮਨ ਬਣਾ ਲਿਆ ਕਿ ਵੱਡਾ ਹੋ ਕੇ ਇਹੀ ਕੰਮ ਕਰਨਾ ਹੈ, ਜਿਸ ਦੀ ਤਸਵੀਰ ਦਿਲ ਤੇ ਦਿਮਾਗ ਉੱਤੇ ਚੰਗੀ ਤਰ੍ਹਾਂ ਛੱਪ ਚੁੱਕੀ ਸੀ।

ਜਦੋਂ ਯਾਦਵਿੰਦਰ ਨੂੰ ਜ਼ਿੰਦਗੀ ਦੀ ਚੰਗੀ ਤਰ੍ਹਾਂ ਸਮਝ ਆਉਣ ਲੱਗੀ ਤਦ ਉਹਨਾਂ ਨੇ 1995 ਦੇ ਕਰੀਬ ਘੋੜਸਵਾਰੀ ਨੂੰ ਸ਼ੌਂਕ ਵੱਜੋਂ ਅਪਨਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਵਕ਼ਤ ਉਨ੍ਹਾਂ ਦੀ ਉਮਰ 12 ਸਾਲ ਦੀ ਹੀ ਸੀ ਤੇ ਫਾਰਮ ‘ਤੇ ਦਿਨ ਰਾਤ ਫਾਰਮ ‘ਤੇ ਹੀ ਰਹਿ ਕੇ ਕੰਮ ਕਰਨ ਲੱਗੇ ਕਿਉਂ ਕਿ ਪਿਆਰ ਹੀ ਇੰਨਾ ਹੋ ਗਿਆ ਸੀ, ਇੰਝ ਲੱਗਦਾ ਸੀ ਕਿ ਯਾਦਵਿੰਦਰ ਇਹਨਾਂ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਿਆ ਹੈ।

ਜਿਵੇਂ-ਜਿਵੇਂ ਦਿਨ ਨਿਕਲਦੇ ਗਏ ਯਾਦਵਿੰਦਰ ਨੂੰ ਮੇਲਿਆਂ ਵਿੱਚ ਜਾਣ ਦੀ ਤਾਂਘ ਲੱਗੀ ਰਹਿੰਦੀ ਸੀ ਕਿ ਕਦੋਂ ਮੇਲਿਆਂ ਵਿੱਚ ਜਾਈਏ ਅਤੇ ਇਨਾਮ ਜਿੱਤੀਏ। ਉਹਨਾਂ ਨੇ ਨੁਕਰਾ ਅਤੇ ਮਾਰਵਾੜੀ ਕਿਸਮ ਦੇ ਘੋੜੇ ਰੱਖੇ ਹੋਏ ਹਨ, ਜੋ ਕਿ ਸਭ ਤੋਂ ਵਧੀਆ ਨਸਲ ਵਿੱਚ ਮੰਨੇ ਜਾਂਦੇ ਹਨ। ਦੋਨੋਂ ਨਸਲ ਦੇ ਘੋੜੇ ਬਹੁਤ ਸੋਹਣੇ ਹਨ ਕਿਉਂਕਿ ਇਨ੍ਹਾਂ ਦਾ ਕੱਦ ਕਾਠ ਵੀ ਬਾਕੀ ਘੋੜਿਆਂ ਨਾਲੋਂ ਉੱਚਾ ਤੇ ਲੰਬਾ ਹੁੰਦਾ ਹੈ।

ਹੌਲੀ-ਹੌਲੀ ਉਹ ਮੇਲਿਆਂ ਵਿੱਚ ਜਾਣ ਲੱਗ ਗਏ ਤੇ ਘੋੜਸਵਾਰੀ ਕਰਨ ਲੱਗੇ ਪਰ ਉਨ੍ਹਾਂ ਨੂੰ ਉਸ ਸਮੇਂ ਉਦੋਂ ਮੁਸ਼ਕਿਲ ਆਉਂਦੀ ਸੀ ਜਦੋਂ ਉਨ੍ਹਾਂ ਤੋਂ ਘੋੜਿਆਂ ਬਾਰੇ ਪੁੱਛਿਆ ਜਾਂਦਾ ਸੀ, ਬੇਸ਼ੱਕ ਬਜ਼ੁਰਗ ਇਹ ਕੰਮ ਕਰਦੇ ਆਏ ਸਨ ਉਹਨਾਂ ਨੂੰ ਪਤਾ ਸੀ ਪਰ ਯਾਦਵਿੰਦਰ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਮੁਸ਼ਕਿਲ ਵਿੱਚ ਆ ਜਾਂਦੇ ਸਨ, ਉੱਥੇ ਹੀ ਉਹਨਾਂ ਨੇ ਮਨ ਵਿੱਚ ਘੋੜਿਆਂ ਦਾ ਵਪਾਰ ਕਰਨ ਦਾ ਵਿਚਾਰ ਆਇਆ ਜੋ ਕਿ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਪਰ ਉਹਨਾਂ ਨੇ ਇਸ ਉੱਤੇ ਚੰਗੀ ਤਰ੍ਹਾਂ ਉਸ ਵਕਤ ਧਿਆਨ ਨਹੀਂ ਦਿੱਤਾ।

ਉਹਨਾਂ ਨੇ ਘਰ ਵਿੱਚ ਘੋੜੇ ਰੱਖੇ ਹੋਏ ਸਨ ਤੇ ਜਿਸ ਤਰ੍ਹਾਂ ਪਿੰਡ ਵਿੱਚ ਸਭ ਨੂੰ ਪਤਾ ਸੀ ਤਾਂ ਪਿੰਡ ਤੋਂ ਬਾਹਰ ਦੇ ਲੋਕਾਂ ਨੂੰ ਜਿਵੇਂ ਪਤਾ ਲੱਗਾ ਤਾਂ ਲੋਕ ਉਹਨਾਂ ਤੋਂ ਘੋੜੇ ਖਰੀਦਣ ਆਉਣ ਲੱਗ ਗਏ ਤੇ ਇਸ ਨਾਲ ਉਹਨਾਂ ਦਾ ਇੱਕ ਘੋੜਾ ਜਾਂ ਘੋੜੇ ਦਾ ਬੱਚਾ 5 ਲੱਖ ਦੇ ਕਰੀਬ ਵਿਕਿਆ ਜਿਸ ਨੂੰ ਦੇਖ ਕੇ ਓਹ ਹੈਰਾਨ ਹੋ ਗਏ। ਵੈਸੇ ਤਾਂ ਘੋੜੇ ਘੋੜੀਆਂ ਤੋਂ ਬੱਚੇ ਪੈਦਾ ਹੋ ਰਹੇ ਸਨ ਜੋ ਬਾਅਦ ਵਿੱਚ ਉਹਨਾਂ ਦੇ ਵਪਾਰ ਦਾ ਹਿੱਸਾ ਬਣਿਆ।

ਯਾਦਵਿੰਦਰ ਸਿੰਘ ਦੇ ਮਨ ਵਿਚ ਵਿਚਾਰ ਆਇਆ ਕਿਉਂ ਨਾ ਸ਼ੌਂਕ ਦੇ ਨਾਲ-ਨਾਲ ਵਪਾਰ ਵੀ ਕੀਤਾ ਜਾਵੇ, ਫਿਰ ਉਹਨਾਂ ਨੇ ਆਪਣੇ ਪਿਤਾ ਜੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਹ ਸਹੀ ਲੱਗਾ ਅਤੇ ਹਾਂ ਕਰ ਦਿੱਤੀ। ਜਿਸ ਤਰ੍ਹਾਂ ਉਹ ਮੇਲੇ ਵਿਚ ਜਾਂਦੇ ਸਨ ਅਤੇ ਮੇਲਿਆਂ ਵਿੱਚ ਜਾਣ ਕਰਕੇ ਹੌਲ਼ੀ-ਹੌਲੀ ਘੋੜਿਆਂ ਬਾਰੇ ਪੂਰੀ ਜਾਣਕਾਰੀ ਹੋ ਗਈ ਸੀ। ਇਸ ਵਾਰ ਜਦੋਂ ਉਹ ਮੇਲੇ ਗਏ ਤਾਂ ਉੱਥੇ ਉਹਨਾਂ ਤੋਂ ਘੋੜਿਆਂ ਬਾਰੇ ਪੁੱਛਣ ਲੱਗੇ ਤਾਂ ਉਹਨਾਂ ਨੇ ਹਰ ਇੱਕ ਦੀ ਜਾਣਕਾਰੀ ਬੜੀ ਤਰਤੀਬ ਨਾਲ ਦਿੱਤੀ ਤੇ ਗ੍ਰਾਹਕ ਵੀ ਘੋੜਾ ਖਰੀਦਣ ਨੂੰ ਝੱਟ ਮੰਨ ਗਿਆ ਜਿਸ ਨਾਲ ਯਾਦਵਿੰਦਰ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਉਹ ਮੇਲੇ ਵਿੱਚ ਜਾਂਦੇ ਅਤੇ ਘੋੜੇ ਦਾ ਮੁੱਲ ਲੈ ਕੇ ਆਉਂਦੇ। ਇਸ ਨਾਲ ਇਹ ਹੋਇਆ ਕਿ ਜਿੱਥੇ ਉਹਨਾਂ ਨੂੰ ਜਾਣਦੇ ਤਾਂ ਹੈ ਸੀ ਪਹਿਲਾ ਪਰ ਲੋਕਾਂ ਨੂੰ ਉਹਨਾਂ ਬਾਰੇ ਹੋਰ ਜਾਣਕਾਰੀ ਹੋ ਗਈ ਤੇ ਇੱਥੇ ਹੀ ਉਹਨਾਂ ਦੇ ਹੋਰ ਗ੍ਰਾਹਕ ਬਣ ਗਏ।

ਗ੍ਰਾਹਕ ਬਣਨ ਦੇ ਨਾਲ-ਨਾਲ ਲੋਕ ਫਿਰ ਉਹਨਾਂ ਦੇ ਹੀ ਘਰ ਘੋੜੇ ਖਰੀਦਣ ਆਉਣ ਲੱਗ ਗਏ ਜਿਸ ਦਾ ਕੋਈ ਇੱਕ ਮੁੱਲ ਨਹੀਂ ਲੈ ਸਕਦੇ ਕਿਉਂਕਿ ਖਰੀਦਣ ਵਾਲੇ ‘ਤੇ ਨਿਰਭਰ ਕਰਦਾ ਹੈ ਕਿ ਘੋੜੇ ਦਾ ਬੱਚਾ ਕਿੰਨੇ ਮਹੀਨਿਆਂ ਦਾ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਦੇ-ਕਰਦੇ 1995 ਤੋਂ ਬਾਅਦ ਉਹ 2005 ਵਿੱਚ ਚੰਗੀ ਤਰ੍ਹਾਂ ਕਾਮਯਾਬ ਹੋਏ।

ਅੱਜ ਉਨ੍ਹਾਂ ਦੇ ਘੋੜਿਆਂ ਦਾ ਵਪਾਰ ਇੰਨਾ ਪ੍ਰਸਾਰ ਕਰ ਚੁੱਕਿਆ ਹੈ ਕਿ ਹਰ ਕੋਈ ਇਹਨਾਂ ਕੋਲੋ ਨੁਕਰਾ ਤੇ ਮਾਰਵਾੜੀ ਦਾ ਘੋੜਾ ਲੈਣ ਦੂਰੋਂ ਆਉਂਦੇ ਹਨ, ਜਿਸ ਨਾਲ ਉਹਨਾਂ ਨੂੰ ਘਰ ਬੈਠੇ ਹੀ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ।

ਉਹਨਾਂ ਨੇ 10 ਦੇ ਕਰੀਬ ਘੋੜੇ-ਘੋੜੀਆਂ ਰੱਖੇ ਹੋਏ ਹਨ ਜਿਸ ਤੋਂ ਅੱਗੇ ਬੱਚੇ ਪੈਦਾ ਕਰ ਰਹੇ ਹਨ ਅਤੇ ਵੇਚ ਰਹੇ ਹਨ। ਉਹਨਾਂ ਨੇ ਮੁੱਖ ਤੌਰ ‘ਤੇ 2 ਕਨਾਲ ਵਿੱਚ ਫਾਰਮ ਤਿਆਰ ਕੀਤਾ ਹੋਇਆ ਹੈ, ਜੋ ਕਿ ਬਿਲਕੁਲ ਹਵਾਦਾਰ ਹੈ। ਇਸ ਤੋਂ ਇਲਾਵਾ ਉਹ ਸਵੇਰੇ ਘੋੜਿਆਂ ਨੂੰ ਸੈਰ ਲਈ ਲੈ ਕੇ ਜਾਂਦੇ ਹਨ ਅਤੇ ਘੋੜਸਵਾਰੀ ਵੀ ਕਰਦੇ ਹਨ। ਇਸ ਕੰਮ ਵਿੱਚ ਉਹਨਾਂ ਦਾ ਸਾਥ ਉਹਨਾਂ ਦਾ ਪਰਿਵਾਰ ਨਿਭਾਉਂਦਾ ਹੈ ਤੇ ਘੋੜਿਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਉਹਨਾਂ ਨੇ ਇੱਕ ਪੱਕੇ ਤੌਰ ‘ਤੇ ਡਾਕਟਰ ਨਾਲ ਗੱਲਬਾਤ ਕੀਤੀ ਹੋਈ ਹੈ ਜੋ ਸਮੇਂ-ਸਮੇਂ ਜਾਂਚ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਘੋੜਿਆਂ ਨੂੰ ਅੱਗੇ ਪ੍ਰਤੀਯੋਗਿਤਾ ਲਈ ਤਿਆਰ ਕਰ ਰਹੇ ਹਨ ਤਾਂ ਜੋ ਦੌੜਾਂ ਵਿੱਚ ਹਿੱਸਾ ਲਿਆ ਜਾ ਸਕੇ ਤੇ ਜਿਸ ਦੀ ਤਿਆਰੀ ਹਰ ਰੋਜ਼ ਕਰਦੇ ਹਨ।

ਸੰਦੇਸ਼

ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ ਬਸ ਉਸਨੂੰ ਪਹਿਲਾਂ ਸਿੱਖਣਾ ਤੇ ਫਿਰ ਕਰਨਾ ਚਾਹੀਦਾ ਹੈ ਤਾਂ ਹੀ ਇਨਸਾਨ ਕਾਮਯਾਬ ਹੋ ਸਕਦਾ ਹੈ।