babloo_pb

ਬਬਲੂ ਸ਼ਰਮਾ

(ਸਬਜ਼ੀਆਂ ਦੀ ਪਨੀਰੀ ਅਤੇ ਮਾਰਕੀਟਿੰਗ)

2 ਕਨਾਲਾਂ ਤੋਂ ਕੀਤਾ ਸੀ ਸ਼ੁਰੂ ਅਤੇ ਅੱਜ 2 ਕਿੱਲਿਆਂ ਵਿੱਚ ਫੈਲ ਚੁੱਕਿਆ ਹੈ ਇਸ ਨੌਜਵਾਨ ਅਗਾਂਹਵਧੂ ਕਿਸਾਨ ਦਾ ਪਨੀਰੀ ਵੇਚਣ ਦਾ ਕੰਮ

ਕਠਿਨਾਈਆਂ ਕਿਸ ਕਿੱਤੇ ਵਿੱਚ ਨਹੀਂ ਆਉਂਦੀਆਂ, ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜੋ ਬਿਨਾਂ ਕਠਿਨਾਈਆਂ ਤੋਂ ਪੂਰਾ ਹੋਵੇ। ਇਸ ਲਈ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਔਕੜਾਂ ਭਰੀ ਬੇੜੀ ਵਿੱਚ ਸਵਾਰ ਹੋ ਜਾਏ ਤੇ ਬਸ ਕਿਨਾਰੇ ਲੱਗਣ ਤੱਕ ਮਿਹਨਤ ਕਰੀ ਜਾਵੇ, ਜਿਸ ਦਿਨ ਬੇੜੀ ਕਿਨਾਰੇ ਲੱਗ ਗਈ ਸਮਝੋ ਇਨਸਾਨ ਨੇ ਕਾਮਯਾਬੀ ਹਾਸਿਲ ਕਰ ਲਈ ਹੈ।

ਅਜਿਹਾ ਹੀ ਜਜ਼ਬਾ ਲੈ ਕੇ ਇੱਕ ਨੌਜਵਾਨ ਕਿਸਾਨ ਬਬਲੂ ਸ਼ਰਮਾ, ਜੋ ਪਿੰਡ ਖੂੰਨਣ ਕਲਾਂ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਅਜਿਹਾ ਕਿੱਤਾ ਹੱਥ ਵਿੱਚ ਲੈ ਲਿਆ ਜਿਸ ਬਾਰੇ ਥੋੜੀ ਬਹੁਤ ਹੀ ਜਾਣਕਾਰੀ ਸੀ ਤੇ ਉਹ ਥੋੜੀ-ਥੋੜੀ ਜਾਣਕਾਰੀ ਉਹਨਾਂ ਲਈ ਤਜ਼ੁਰਬੇਕਾਰ ਬਣਦੀ ਗਈ ਤੇ ਅਖੀਰ ਵਿਚ ਕਾਮਯਾਬ ਹੋ ਕੇ ਦਿਖਾਇਆ, ਉਹਨਾਂ ਨੇ ਖੁਦ ਨੂੰ ਹਿੰਮਤ ਨਹੀਂ ਹਾਰਨ ਦਿੱਤੀ, ਬਸ ਨਿਰੰਤਰ ਆਪਣੇ ਕੰਮ ਵਿੱਚ ਰੁੱਝੇ ਰਹੇ ਤੇ ਅੱਜ ਕੱਲ੍ਹ ਉਹਨਾਂ ਨੂੰ ਹਰ ਕੋਈ ਭਲੀ-ਭਾਂਤੀ ਜਾਣਦਾ ਹੈ।

ਸਾਲ 2012 ਦੀ ਗੱਲ ਹੈ ਜਦੋਂ ਬਬਲੂ ਸ਼ਰਮਾ ਕੋਲ ਕੋਈ ਨੌਕਰੀ ਬਗੈਰਾ ਨਹੀਂ ਸੀ ਤੇ ਉਹ ਇਸ ਤਰ੍ਹਾਂ ਹੀ ਕਦੇ ਕਿਸੇ ਕੋਲ ਜਾ ਕੇ ਕੋਈ ਨਾ ਕੋਈ ਨਾ ਕੰਮ ਸਿੱਖਦੇ ਰਹਿੰਦੇ ਸਨ, ਪਰ ਇਹ ਵੀ ਕਦੋਂ ਤੱਕ ਚੱਲਣਾ ਸੀ, ਇੱਕ ਨਾ ਇੱਕ ਦਿਨ ਆਪਣੇ ਪੈਰਾਂ ‘ਤੇ ਖੜੇ ਤਾਂ ਹੋਣਾ ਹੀ ਸੀ। ਸੋ ਮੁਸ਼ਕਿਲਾਂ ਨਾਲ ਲੜਦੇ ਗਏ ਤੇ ਇੱਕ ਦਿਨ ਅਚਾਨਕ ਬੈਠੇ ਹੋਏ ਸਨ ਤਾਂ ਆਪਣੇ ਪਿਤਾ ਜੀ ਨਾਲ ਗੱਲ ਛੇੜੀ ਕਿ ਪਿਤਾ ਜੀ ਅਜਿਹਾ ਕਿਹੜਾ ਕੰਮ ਹੋ ਸਕਦਾ ਹੈ, ਜੋ ਕਿ ਖੇਤੀ ਦਾ ਹੋਵੇ ਤੇ ਦੂਸਰਾ ਉੱਥੋਂ ਆਮਦਨ ਵੀ ਹੋਵੇ।ਪਿਤਾ ਜੀ ਨੂੰ ਤਾਂ ਖੇਤੀ ਵਿੱਚ ਪਹਿਲਾਂ ਹੀ ਤਜ਼ੁਰਬਾ ਸੀ ਕਿਉਂਕਿ ਉਹ ਖੇਤੀ ਕਰਦੇ ਆਏ ਹਨ ਤੇ ਹੁਣ ਵੀ ਖੇਤੀ ਕਰ ਰਹੇ ਹਨ। ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਦੇਖਦਿਆਂ ਬਬਲੂ ਨੇ ਆਪਣੇ ਪਿਤਾ ਜੀ ਨੇ ਦੀ ਸਲਾਹ ਨਾਲ ਸਬਜ਼ੀਆਂ ਦੀ ਪਨੀਰੀ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।

ਕੰਮ ਸ਼ੁਰੂ ਤਾਂ ਕਰ ਲਿਆ ਪਰ ਪੈਸੇ ਲਗਾ ਕੇ ਵੀ ਫੇਲ ਹੋਣ ਦਾ ਚਿੰਤਾ ਵੀ ਖਾਈ ਜਾ ਰਹੀ ਸੀ- ਬਬਲੂ ਸ਼ਰਮਾ

ਪਿਤਾ ਪਵਨ ਕੁਮਾਰ ਜੀ ਨੇ ਕਿਹਾ, ਕੋਈ ਨਾ ਅੱਗੇ ਦੇਖਦੇ ਹਾਂ, ਤੂੰ ਕੰਮ ਸ਼ੁਰੂ ਕਰ, ਜਦੋਂ ਬਬਲੂ ਸ਼ਰਮਾ ਨੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਪਹਿਲੀ ਵਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਘੱਟੋਂ-ਘੱਟ 35000 ਦੇ ਕਰੀਬ ਖਰਚਾ ਆਇਆ ਸੀ ਜਿਸ ਵਿੱਚ ਉਹਨਾਂ ਨੇ ਪਿਆਜ਼, ਮਿਰਚ, ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ ਚੂਚ ਆਦਿ ਦੀਆਂ ਪਨੀਰੀਆਂ ਤੋਂ, ਜੋ ਕਿ 2 ਕਨਾਲ ਵਿੱਚ ਸ਼ੁਰੂ ਕੀਤਾ ਸੀ, ਪਰ ਸਾਂਭ-ਸੰਭਾਲ ਬਾਰੇ ਘੱਟ ਜਾਣਕਾਰੀ ਬਬਲੂ ਲਈ ਪਹਿਲੀ ਸਮੱਸਿਆ ਬਣ ਕੇ ਸਾਹਮਣੇ ਆਈ, ਪਰ ਉਹ ਜਿਵੇਂ-ਜਿਵੇਂ ਥੋੜਾ ਬਹੁਤ ਪਤਾ ਚੱਲਦਾ ਰਿਹਾ, ਉਹ ਉਸ ਤਰ੍ਹਾਂ ਹੀ ਖੇਤੀ ਦੇ ਵਿੱਚ ਤਰੀਕੇ ਅਪਣਾਉਂਦੇ ਰਹੇ ਤੇ ਇਸ ਵਿੱਚ ਉਹਨਾਂ ਦੇ ਪਿਤਾ ਪਵਨ ਕੁਮਾਰ ਜੀ ਨੇ ਵੀ ਬਬਲੂ ਦਾ ਪੂਰਾ ਸਾਥ ਦਿੱਤਾ।

ਜਦੋਂ ਸਮੇਂ ਅਨੁਸਾਰ ਪਨੀਰੀ ਤਿਆਰ ਹੋਈ ਤਾਂ ਉਸ ਤੋਂ ਬਾਅਦ ਜੋ ਮੁਸ਼ਕਿਲ ਉਨ੍ਹਾਂ ਸਾਹਮਣੇ ਇਹ ਆ ਕੇ ਖੜੀ ਹੋਈ ਕਿ ਇਸ ਨੂੰ ਵੇਚਾਂਗੇ ਕਿੱਥੇ ਤੇ ਕੌਣ ਇਸਨੂੰ ਖਰੀਦੇਗਾ। ਬੇਸ਼ੱਕ ਪਨੀਰੀ ਨੂੰ ਸਾਂਭ ਕੇ ਰੱਖ ਸਕਦੇ ਹਨ, ਹਾਂ ਪਰ ਥੋੜੇ ਸਮੇਂ ਲਈ ਹੀ, ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਈ।

ਜਦੋਂ ਸ਼ਾਮ ਨੂੰ ਬਬਲੂ ਘਰ ਆਇਆ ਤਾਂ ਇਹੀ ਚਿੰਤਾ ਵਾਰ-ਵਾਰ ਦਿਮਾਗ ਖਾਈ ਜਾ ਰਹੀ ਸੀ ਕਿ ਕਿਵੇਂ ਕੀ ਕੀਤਾ ਜਾ ਸਕਦਾ ਹੈ। ਇਸ ਮੁਸ਼ਕਿਲ ਦਾ ਹੱਲ ਲੱਭਣ ਲਈ ਉਹਨਾਂ ਨੇ ਬਹੁਤ ਰਿਸਰਚ ਕੀਤੀ ਅਤੇ ਉਸ ਵਕਤ ਇੰਟਰਨੈੱਟ ਵੀ ਇੰਨਾ ਨਹੀਂ ਹੁੰਦਾ ਸੀ, ਫਿਰ ਬਹੁਤ ਸੋਚਣ ਤੋਂ ਬਾਅਦ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਖੁਦ ਹੀ ਪਿੰਡਾਂ ਵਿੱਚ ਜਾ ਕੇ ਵੇਚ ਕੇ ਆਇਆ ਕਰੀਏ।

ਇਸ ਗੱਲ ਉੱਤੇ ਪਿਤਾ ਜੀ ਨੇ ਹਾਮੀ ਭਰਦੇ ਹੋਏ ਕਿਹਾ, ਬੇਟਾ ਜਿਵੇਂ ਤੈਨੂੰ ਸਹੀ ਲੱਗਦਾ ਹੈ, ਤੂੰ ਉਸ ਤਰ੍ਹਾਂ ਹੀ ਕਰ। ਫਿਰ ਉਸ ਤੋਂ ਬਾਅਦ ਬਬਲੂ ਨੇ ਕਦੇ ਛੋਟੀਆਂ ਗੱਡੀਆਂ ਜਿਵੇਂ ਆਟੋ, ਛੋਟਾ ਹਾਥੀ ਵਿੱਚ ਪਨੀਰੀ ਰੱਖ ਕੇ ਆਪਣੇ ਪਿੰਡ ਦੇ ਨੇੜਲੇ ਲੱਗਦੇ ਪਿੰਡਾਂ ਵਿੱਚ ਹੋਕੇ ਮਾਰ-ਮਾਰ ਕੇ ਵੇਚਣ ਜਾਣ ਲੱਗ ਗਏ, ਕਦੇ ਤਾਂ ਗੁਰਦੁਆਰੇ ਦੇ ਰਾਹੀਂ ਸੰਦੇਸ਼ ਪਹੁੰਚਾਉਣਾ, ਕਦੇ ਕਿਸੇ ਹੋਰ ਤਰੀਕੇ ਨਾਲ ਪਨੀਰੀ ਵੇਚਣੀ, ਇਸ ਤਰ੍ਹਾਂ ਘੱਟੋਂ-ਘੱਟ 3 ਤੋਂ 4 ਸਾਲ ਕਰਦੇ ਰਹੇ ਤੇ ਪਨੀਰੀ ਦੀ ਮਾਰਕੀਟਿੰਗ ਹੋਣ ਲੱਗੀ, ਜਿਸ ਨਾਲ ਉਹਨਾਂ ਬਾਰੇ ਲੋਕਾਂ ਨੂੰ ਪਤਾ ਤਾਂ ਬੇਸ਼ੱਕ ਲੱਗਣ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਮੁਨਾਫ਼ਾ ਵੀ ਹੋਣ ਲੱਗ ਗਿਆ ਸੀ, ਪਰ ਬਬਲੂ ਖੁਸ਼ ਨਹੀਂ ਸੀ ਕਿ ਇਸ ਤਰ੍ਹਾਂ ਹੀ ਮਾਰਕੀਟਿੰਗ ਕਰਦੇ ਰਹਾਂਗੇ ਜਾਂ ਫਿਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ, ਜਿਸ ਨਾਲ ਲੋਕ ਉਨ੍ਹਾਂ ਕੋਲ ਪਨੀਰੀ ਖਰੀਦਣ ਲਈ ਆਵੇ ਅਤੇ ਨਰਸਰੀ ਬੈਠੇ ਹੀ ਪਨੀਰੀ ਵੇਚੀਏ।

ਇਸ ਵਾਰ ਜਦੋਂ ਪਹਿਲਾ ਦੀ ਤਰ੍ਹਾਂ ਬਬਲੂ ਪਨੀਰੀ ਵੇਚਣ ਗਿਆ ਤਾਂ ਇੱਕ ਥਾਂ ਤੋਂ ਉਨ੍ਹਾਂ ਨੂੰ ਕਿਸੇ ਨੇ ਸ਼ਰਮਾ ਨਰਸਰੀ ਦੇ ਨਾਮ ਤੋਂ ਬੁਲਾਇਆ, ਜਿਸ ਨੂੰ ਸੁਣ ਕੇ ਬਬਲੂ ਬਹੁਤ ਖੁਸ਼ ਹੋਇਆ ਅਤੇ ਜਦੋਂ ਉਹ ਪਨੀਰੀ ਵੇਚ ਕੇ ਵਾਪਿਸ ਆਇਆ ਤਾਂ ਉਸ ਦੇ ਮਨ ਵਿੱਚ ਓਹੀ ਗੱਲ ਵਾਰ-ਵਾਰ ਘੁੰਮਦੀ ਜਾ ਰਹੀ ਸੀ ਅਤੇ ਇਸ ਉੱਤੇ ਉਸਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੀ, ਫਿਰ ਬਬਲੂ ਨੇ ਪਿਤਾ ਜੀ ਨਾਲ ਸਲਾਹ ਕਰਕੇ ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਬਣਾਉਣ ਬਾਰੇ ਸੋਚਿਆ। ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਛਪਵਾਉਣ ਲਈ ਦੇ ਦਿੱਤੇ, ਉਸ ਉੱਤੇ ਹਰ ਇੱਕ ਉਹ ਜਾਣਕਾਰੀ ਦੇ ਦਿੱਤੀ ਜਿਸ ਵਿੱਚ ਉਨ੍ਹਾਂ ਦੇ ਪਿੰਡ ਦਾ ਨਾਮ, ਫੋਨ ਨੰਬਰ, ਪਨੀਰੀ ਜਿਸ ਸਬਜ਼ੀਆਂ ਦੀਆਂ ਪਨੀਰੀ ਉਹ ਲਾਉਂਦੇ ਹਨ।

ਜਦੋਂ ਫਿਰ ਉਹ ਪਨੀਰੀ ਵੇਚਣ ਲਈ ਗਏ ਤਾਂ ਉਹ ਛਪਵਾਏ ਹੋਏ ਕਾਰਡ ਆਪਣੇ ਨਾਲ ਲੈ ਗਏ। ਜਦੋਂ ਉਹ ਪਨੀਰੀ ਜਿਸ ਕਿਸਾਨ ਜਾਂ ਇਨਸਾਨ ਨੂੰ ਵੇਚ ਰਹੇ ਸਨ, ਨਾਲ-ਨਾਲ ਉਨ੍ਹਾਂ ਨੇ ਆਪਣੇ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਛਪਵਾਏ ਹੋਏ ਕਾਰਡ ਕਈ ਥਾਵਾਂ ‘ਤੇ ਵੰਡ ਆਏ।

ਵਾਪਿਸ ਜਦੋਂ ਘਰ ਆਏ ਤਾਂ ਉਹ ਜੋ ਕਾਰਡ ਵੰਡ ਕੇ ਆਏ ਸਨ ਉਸ ਦੇ ਇੰਤਜ਼ਾਰ ਵਿੱਚ ਸਨ ਕਿ ਕੋਈ ਨਾ ਕੋਈ ਜ਼ਰੂਰ ਕਾਰਡ ਦੇਖ ਕੇ ਫੋਨ ਕਰੂਗਾ, ਕਈ ਦਿਨ ਇੰਝ ਹੀ ਲੰਘ ਗਏ ਪਰ ਉਹ ਦਿਨ ਆ ਹੀ ਗਿਆ ਜਦੋਂ ਸਫਲਤਾ ਨੇ ਫੋਨ ‘ਤੇ ਆ ਕੇ ਦਸਤਕ ਦਿੱਤੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਅੱਗੋਂ ਇੱਕ ਕਿਸਾਨ ਉਨ੍ਹਾਂ ਤੋਂ ਪਨੀਰੀ ਮੰਗ ਰਿਹਾ ਸੀ, ਜਿਸ ‘ਤੇ ਬਹੁਤ ਖੁਸ਼ ਹੋਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਇੰਝ ਹੀ ਮਾਰਕੀਟਿੰਗ ਹੁੰਦੀ ਚਲੀ ਗਈ। ਉਨ੍ਹਾਂ ਨੇ ਫਿਰ ਪਿੰਡ-ਪਿੰਡ ਜਾ ਕੇ ਪਨੀਰੀ ਵੇਚਣੀ ਬੰਦ ਕਰ ਦਿੱਤੀ, ਇਸ ਦੇ ਨਾਲ ਉਨ੍ਹਾਂ ਦੇ ਛਪਵਾਏ ਹੋਏ ਕਾਰਡ ਜਦੋਂ ਪਿੰਡ ਤੋਂ ਬਾਹਰ ਸ਼ਹਿਰ ਸ਼੍ਰੀ ਮੁਕਤਸਰ ਵਿਖੇ ਕਿਸੇ ਨੂੰ ਮਿਲੇ ਤਾਂ ਓਥੋਂ ਵੀ ਲੋਕਾਂ ਨੇ ਪਨੀਰੀ ਮੰਗਵਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹ ਬੱਸ ਜਾਂ ਕਿਸੇ ਗੱਡੀ ਰਾਹੀਂ ਸ਼ਹਿਰ ਵਿਖੇ ਪਹੁੰਚਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਫੋਨ ‘ਤੇ ਹੀ ਪਨੀਰੀ ਦੇ ਲਈ ਆਰਡਰ ਆਉਣ ਲੱਗ ਗਏ ਤੇ ਫਿਰ ਉਨ੍ਹਾਂ ਨੂੰ ਇੱਕ ਮਿੰਟ ਦੀ ਵੀ ਵਿਹਲ ਵੀ ਨਹੀਂ ਮਿਲਦੀ ਅਤੇ ਅਖੀਰ ਉਨ੍ਹਾਂ ਨੂੰ 2018 ਵਿੱਚ ਸਫਲਤਾ ਹਾਸਿਲ ਹੋਈ।

ਜਦੋਂ ਉਹ ਪੂਰੀ ਤਰ੍ਹਾਂ ਸਫਲ ਹੋ ਗਏ ਅਤੇ ਕੰਮ ਕਰਦੇ-ਕਰਦੇ ਤਜ਼ੁਰਬਾ ਹੋ ਗਿਆ ਤਾਂ ਉਨ੍ਹਾਂ ਨੇ ਹੌਲੀ-ਹੌਲੀ ਕਰਦੇ 2 ਕਨਾਲਾਂ ਤੋਂ ਸ਼ੁਰੂ ਕੀਤੇ ਕੰਮ ਨੂੰ 2020 ਤੱਕ 2 ਕਿੱਲਿਆਂ ਦੇ ਵਿੱਚ ਅਤੇ ਨਰਸਰੀ ਨੂੰ ਵੱਡੇ ਪੱਧਰ ‘ਤੇ ਤਿਆਰ ਕਰ ਲਿਆ, ਜਿਸ ਵਿੱਚ ਉਹਨਾਂ ਨੇ ਬਾਅਦ ਵਿੱਚ ਕੱਦੂ, ਤੋਰੀ, ਕਰੇਲਾ, ਖੀਰਾ,ਪੇਠਾ, ਜੁਗਨੀ ਪੇਠਾ ਆਦਿ ਦੀ ਵੀ ਪਨੀਰੀ ਲਗਾ ਦਿੱਤੀ ਅਤੇ ਪਨੀਰੀ ਵਿੱਚ ਕੁਆਲਿਟੀ ਵਜੋਂ ਵੀ ਸੁਧਾਰ ਲੈ ਕੇ ਆਏ ਅਤੇ ਦੇਸੀ ਤਰੀਕੇ ਨਾਲ ਪਨੀਰੀਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਨਾਲ ਉਹਨਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਅੱਜ ਉਨ੍ਹਾਂ ਨੂੰ ਮਾਰਕੀਟਿੰਗ ਕਰਨ ਲਈ ਕੀਤੇ ਨਹੀਂ ਜਾਣਾ ਪੈਂਦਾ, ਸਗੋਂ ਫੋਨ ‘ਤੇ ਆਰਡਰ ਆ ਜਾਂਦਾ ਹੈ ਅਤੇ ਨਾਲ ਦੇ ਪਿੰਡਾਂ ਵਾਲੇ ਖੁਦ ਆ ਕੇ ਲੈ ਜਾਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬੈਠੇ- ਬੈਠੇ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ। ਇਸ ਕਾਮਯਾਬੀ ਦਾ ਸਾਰਾ ਧੰਨਵਾਦ ਉਹ ਆਪਣੇ ਪਿਤਾ ਪਵਨ ਕੁਮਾਰ ਜੀ ਦਾ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਨਰਸਰੀ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਤੇ ਸੋਲਰ ਸਿਸਟਮ ਨਾਲ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਕੰਮ ਹਮੇਸ਼ਾਂ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਅੰਦਰ ਜ਼ਜਬਾ ਹੈ ਤਾਂ ਤੁਸੀ ਕੁੱਝ ਵੀ ਹਾਸਿਲ ਕਰ ਸਕਦੇ ਹੋ, ਜੋ ਤੁਸੀਂ ਸੋਚ ਲਿਆ ਹੈ।