whatsapp-image-2020-11-08-at-8-01-08-pm

ਨਵਜੋਤ ਸਿੰਘ ਸ਼ੇਰਗਿੱਲ

(ਸਟ੍ਰਾਬੇਰੀ ਦੀ ਖੇਤੀ)

ਵਿਦੇਸ਼ੋਂ ਆ ਕੇ ਪੰਜਾਬ ਵਿੱਚ ਸਟ੍ਰਾਬੇਰੀ ਦੀ ਖੇਤੀ ਨਾਲ ਨਾਮ ਬਣਾਉਣ ਵਾਲਾ ਨੌਜਵਾਨ ਕਿਸਾਨ

ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਕਿਸੇ ਵੀ ਖੇਤਰ ਦੇ ਵਿੱਚ ਤਰੱਕੀ ਅਤੇ ਵੱਖਰਾ ਕਰਨ ਬਾਰੇ ਜ਼ਰੂਰ ਸੋਚਦਾ ਹੈ ਅਤੇ ਇਹੀ ਵਿਭਿੰਨਤਾ ਇਨਸਾਨ ਨੂੰ ਧਰਤੀ ਤੋਂ ਚੁੱਕ ਕੇ ਅੰਬਰਾਂ ਤੱਕ ਲੈ ਜਾ ਸਕਦੀ ਹੈ, ਜੇਕਰ ਗੱਲ ਕਰੀਏ ਵਿਭਿੰਨਤਾ ਦੀ ਤਾਂ ਇਹ ਗੱਲ ਖੇਤੀ ਦੇ ਖੇਤਰ ਵਿੱਚ ਵੀ ਲਾਗੂ ਹੁੰਦੀ ਹੈ ਕਿਉਂਕਿ ਕਾਮਯਾਬ ਹੋਏ ਕਿਸਾਨਾਂ ਦੀ ਸਫਲਤਾ ਦਾ ਮੁੱਢ ਰਵਾਇਤੀ ਤਰੀਕਿਆਂ ਤੋ ਹੱਟ ਕੇ ਕੁੱਝ ਨਵਾਂ ਕਰਨ ਦਾ ਜ਼ਜ਼ਬਾ ਹੀ ਰਿਹਾ ਹੈ।

ਇਹ ਕਹਾਣੀ ਅਜਿਹੇ ਹੀ ਇੱਕ ਨੌਜਵਾਨ ਕਿਸਾਨ ਦੀ ਹੈ, ਜਿਸ ਨੇ ਰਵਾਇਤੀ ਖੇਤੀ ਦਾ ਰਸਤਾ ਨਾ ਚੁਣ ਕੇ ਅਜਿਹੀ ਖੇਤੀ ਦੇ ਵੱਲ ਪੈਰ ਵਧਾਇਆ ਜਿਸ ਬਾਰੇ ਬਹੁਤ ਘੱਟ ਕਿਸਾਨਾਂ ਨੂੰ ਜਾਣਕਾਰੀ ਸੀ। ਇਸ ਨੌਜਵਾਨ ਕਿਸਾਨ ਦਾ ਨਾਮ ਹੈ ਨਵਜੋਤ ਸਿੰਘ ਸ਼ੇਰਗਿੱਲ ਜੋ ਪਟਿਆਲਾ ਜ਼ਿਲੇ ਦੇ ਪਿੰਡ ਮਜਾਲ ਖੁਰਦ ਦਾ ਵਸਨੀਕ ਹੈ, ਨਵਜੋਤ ਸਿੰਘ ਦੁਆਰਾ ਅਪਣਾਈ ਖੇਤੀ ਵਿਭਿੰਨਤਾ ਅਜਿਹੀ ਮਿਸਾਲ ਬਣਕੇ ਕਿਸਾਨਾਂ ਦੇ ਸਾਹਮਣੇ ਆਈ ਕਿ ਸਭਨਾਂ ਦੇ ਮਨਾਂ ਵਿੱਚ ਇਕ ਵੱਖਰੀ ਹੋਂਦ ਬਣ ਗਈ।

ਮੇਰਾ ਹਮੇਸ਼ਾਂ ਤੋਂ ਇਹੀ ਸੁਪਨਾ ਸੀ ਜਦੋਂ ਕਦੇ ਵੀ ਖੇਤੀ ਦੇ ਖੇਤਰ ਵਿੱਚ ਜਾਵਾਂ ਤਾਂ ਕੁਝ ਅਜਿਹਾ ਕਰਾਂ ਕਿ ਲੋਕ ਮੈਨੂੰ ਮੇਰੇ ਨਾਮ ਤੋਂ ਨਹੀਂ ਸਗੋਂ ਮੇਰੇ ਕੰਮ ਤੋਂ ਜਾਣੇ, ਇਸ ਲਈ ਮੈਂ ਕੁਝ ਨਵਾਂ ਕਰਨ ਦਾ ਫੈਸਲ਼ਾ ਕੀਤਾ -ਨਵਜੋਤ ਸਿੰਘ ਸ਼ੇਰਗਿੱਲ

ਨਵਜੋਤ ਸਿੰਘ ਸ਼ੇਰਗਿੱਲ ਯੂ ਕੇ ਵਿੱਚ ਹੀ ਜੰਮਿਆ ਪਲਿਆ ਹੈ, ਪਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਓਵੇਂ ਉਸਦੇ ਅੰਦਰ ਇੱਕ ਘਾਟ ਮਹਿਸੂਸ ਹੁੰਦੀ ਗਈ ਜੋ ਕਿ ਉਨ੍ਹਾਂ ਦੇ ਵਤਨ ਦੀ ਮਿੱਟੀ ਦੀ ਖੁਸ਼ਬੂ ਨਾਲ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਉਹ ਵਾਪਿਸ ਪੰਜਾਬ,ਇੰਡੀਆ ਦੇ ਵਿੱਚ ਆ ਗਏ। ਫਿਰ ਉਨ੍ਹਾਂ ਨੇ ਪਹਿਲਾਂ ਆ ਕੇ ਐੱਮ.ਬੀ.ਏ. ਦੀ ਪੜ੍ਹਾਈ ਪੂਰੀ ਕੀਤੀ ਅਤੇ ਪੜਾਈ ਪੂਰੀ ਕਰਨ ਤੋ ਬਾਅਦ ਫੈਸਲਾ ਕੀਤਾ ਕਿ ਖੇਤੀਬਾੜੀ ਨੂੰ ਹੀ ਵੱਡੇ ਪੱਧਰ ਤੇ ਕੀਤਾ ਜਾਵੇ, ਖੇਤੀ ਦੇ ਨਾਲ ਸਹਾਇਕ ਕਿੱਤਾ ਸ਼ੁਰੂ ਕਰਨ ਦੇ ਉਦੇਸ਼ ਨਾਲ ਈਮੂ ਫਾਰਮਿੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਪੰਜਾਬ ਵਿੱਚ ਈਮੂ ਦਾ ਮੰਡੀਕਰਨ ਨਾ ਹੋਣ ਕਰਕੇ ਉਹ ਇਸ ਕਿੱਤੇ ਵਿੱਚ ਸਫਲ ਨਹੀਂ ਹੋ ਪਾਏ, ਅਸਫਲਤਾ ਸਮੇਂ ਨਿਰਾਸ਼ਾ ਜਰੂਰ ਹੋਈ ਪਰ ਨਵਜੋਤ ਸਿੰਘ ਨੇ ਹੋਂਸਲਾ ਨਹੀ ਛੱਡਿਆ, ਇਸ ਸਮੇਂ ਨਵਜੋਤ ਸਿੰਘ ਸ਼ੇਰਗਿੱਲ ਨੂੰ ਹੱਲਾਸ਼ੇਰੀ ਮਿਲੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੋ ਕਿ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੂੰ ਪੰਜਾਬ ਵਿੱਚ ਫੁੱਲਾਂ ਦੇ ਸਹਿਨਸ਼ਾਹ ਨਾਮ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੁੱਲਾਂ ਦੀ ਖੇਤੀ ਕਰਕੇ ਖੇਤੀਬਾੜੀ ਦੇ ਵਿੱਚ ਕ੍ਰਾਂਤੀ ਲੈ ਕੇ ਆਏ ਸਨ। ਜੋ ਕੋਈ ਸੋਚ ਨਹੀਂ ਸਕਦਾ ਸੀ ਉਨ੍ਹਾਂ ਨੇ ਸਾਬਿਤ ਕਰ ਕੇ ਰੱਖ ਦਿੱਤਾ ਸੀ।

ਨਵਜੋਤ ਸਿੰਘ ਸ਼ੇਰਗਿੱਲ ਨੇ ਆਪਣੇ ਭਰਾ ਦੇ ਦਿੱਤੇ ਸੁਝਾਵਾਂ ਤੇ ਚੱਲਦਿਆਂ, ਸਟ੍ਰਾਬੇਰੀ ਦੀ ਖੇਤੀ ਕਰਨ ਬਾਰੇ ਸੋਚਿਆ, ਫਿਰ ਸਟ੍ਰਾਬੇਰੀ ਦੀ ਖੇਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡਿਆ ਦੇ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਰ ਪ੍ਰੈਕਟੀਕਲ ਕਰਨ ਬਾਰੇ ਸੋਚਿਆ, ਕਿਉਂਕਿ ਖੇਤੀ ਕਿਸੇ ਵੀ ਤਰਾਂ ਦੀ ਹੋਵੇ ਉਸ ਲਈ ਖੁਦ ਕਰਕੇ ਦੇਖੇ ਬਿਨਾਂ ਤਜ਼ਰਬਾ ਨਹੀ ਹੁੰਦਾ ।

ਮੈਂ ਫਿਰ ਪ੍ਰੈਕਟੀਕਲ ਦੇਖਣ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਪੂਨੇ, ਮਹਾਰਾਸ਼ਟਰ ਗਿਆ, ਉੱਥੇ ਜਾ ਕੇ ਮੈਂ ਬਹੁਤ ਸਾਰੇ ਫਾਰਮਾਂ ਤੇ ਗਿਆ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਮਿਲ ਕੇ ਆਇਆ -ਨਵਜੋਤ ਸਿੰਘ ਸ਼ੇਰਗਿੱਲ

ਉੱਥੇ ਉਨ੍ਹਾਂ ਨੇ ਸਟ੍ਰਾਬੇਰੀ ਦੀ ਖੇਤੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਜਾਣਕਾਰੀ ਹਾਸਿਲ ਕੀਤੀ, ਜਿਵੇਂ ਸਟ੍ਰਾਬੇਰੀ ਨੂੰ ਵਧਣ ਫਲਣ ਦੇ ਲਈ ਤਾਪਮਾਨ ਦੀ ਕਿੰਨੀ ਜ਼ਰੂਰਤ ਹੈ, ਇੱਕ ਪਲਾਂਟ ਤੋਂ ਹੋਰ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਅਤੇ ਇਸਦਾ ਦਾ ਪ੍ਰਮੁੱਖ ਪੌਦਾ ਕਿਹੜਾ ਹੈ ਅਤੇ ਇਹ ਇੰਡੀਆ ਦੇ ਵਿੱਚ ਕਿਹੜੀ ਜਗ੍ਹਾ ਤੋਂ ਆਉਂਦਾ ਹੈ।

ਸਾਡੇ ਇੰਡੀਆ ਦੇ ਵਿੱਚ ਕੈਲੀਫੋਰਨੀਆ ਤੋਂ ਮਦਰ ਪਲਾਂਟ ਆਉਂਦਾ ਹੁੰਦਾ ਹੈ ਅਤੇ ਫਿਰ ਉਸ ਪੌਦੇ ਤੋਂ ਅੱਗੇ ਹੋਰ ਪੌਦੇ ਤਿਆਰ ਕੀਤੇ ਜਾਂਦੇ ਹਨ -ਨਵਜੋਤ ਸਿੰਘ ਸ਼ੇਰਗਿੱਲ

ਪੂਨੇ ਤੋਂ ਆ ਕੇ ਉਨ੍ਹਾਂ ਨੇ ਪੰਜਾਬ ਵਿੱਚ ਸਟ੍ਰਾਬੇਰੀ ਦੇ ਮੁੱਖ ਪਹਿਲੂਆਂ ਬਾਰੇ ਪੂਰੀ ਪੜਤਾਲ ਕੀਤੀ। ਪੜਤਾਲ ਕਰਨ ਮਗਰੋਂ ਉਨ੍ਹਾਂ ਨੇ ਪੂਨੇ ਤੋਂ ਫਿਰ 14 ਤੋਂ 15 ਹਜ਼ਾਰ ਪੌਦੇ ਲੈ ਕੇ ਆਏ ਅਤੇ ਅੱਧੇ ਕਿੱਲੇ ਵਿੱਚ ਲਾਏ ਸਨ, ਜਿਸ ਦਾ ਕੁੱਲ ਖਰਚਾ 2 ਤੋਂ 3 ਲੱਖ ਰੁਪਏ ਤੱਕ ਆਇਆ ਸੀ। ਉਨ੍ਹਾਂ ਨੂੰ ਇਹ ਕੰਮ ਕਰਕੇ ਖੁਸ਼ੀ ਹੈ ਤਾਂ ਸੀ ਪਰ ਡਰ ਇਸ ਗੱਲ ਦਾ ਸੀ ਕਿ ਦੁਬਾਰਾ ਫਿਰ ਮੰਡੀਕਰਨ ਦੀ ਸਮੱਸਿਆ ਨਾ ਆ ਜਾਵੇ, ਪਰ ਜਦੋਂ ਫਲ ਪੱਕ ਕੇ ਤਿਆਰ ਹੋਇਆ ਅਤੇ ਮੰਡੀਆਂ ਵਿੱਚ ਵੇਚਣ ਦੇ ਲਈ ਲੈ ਕੇ ਗਏ ਤਾਂ ਉੱਥੇ ਫਲ ਦੀ ਮੰਗ ਦੇਖ ਕੇ ਅਤੇ ਇੰਨਾ ਜ਼ਿਆਦਾ ਫਲ ਵਿਕਿਆ ਜੋ ਉਨ੍ਹਾਂ ਲਈ ਸਮੱਸਿਆ ਲੱਗਦੀ ਸੀ ਉਹ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ।

ਮੈਂ ਇੰਨਾ ਖੁਸ਼ ਹੋਇਆ ਕਿ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਸਟ੍ਰਾਬੇਰੀ ਦਾ ਕਿੱਤਾ ਕਰਨ ਤੋਂ ਰੋਕਿਆ ਸੀ ਅੱਜ ਓਹੀ ਮੇਰੀਆਂ ਸਿਫ਼ਤਾਂ ਕਰ-ਕਰ ਕੇ ਥੱਕਦੇ ਨਹੀਂ, ਕਿਉਂਕਿ ਇਸ ਕਿੱਤੇ ਵਿੱਚ ਪੈਸਾ ਤੇ ਸਮਾਂ ਦੋਨੋਂ ਚਾਹੀਦਾ ਹੈ -ਨਵਜੋਤ ਸਿੰਘ ਸ਼ੇਰਗਿੱਲ

ਲਗਤਾਰ ਸਫਲ ਤਰੀਕੇ ਨਾਲ ਜਦੋਂ ਸਟ੍ਰਾਬੇਰੀ ਦੀ ਕਾਸ਼ਤ ਚੱਲ ਰਹੀ ਸੀ ਤਾਂ ਨਵਜੋਤ ਸਿੰਘ ਸੇਰਗਿੱਲ ਨੇ ਇੱਕ ਗੱਲ ਨੋਟ ਕੀਤੀ ਕਿ ਜਦੋਂ ਫਲ ਪਕ ਕੇ ਤਿਆਰ ਹੁੰਦੇ ਹਨ, ਤਾਂ ਉਹਨਾਂ ਵਿੱਚ ਕੁੱਝ ਫਲ ਛੋਟੇ ਰਹਿ ਜਾਂਦੇ ਸੀ ਜਿਸ ਕਾਰਨ ਮਾਰਕੀਟ ਵਿੱਚ ਉਸ ਫਰੂਟ ਦਾ ਰੇਟ ਬਹੁਤ ਘੱਟ ਮਿਲਦਾ ਸੀ, ਇਸ ਲਈ ਇਸ ਦਾ ਹੱਲ ਹੋਣਾ ਬਹੁਤ ਜਰੂਰੀ ਸੀ।

ਇੱਕ ਕਹਾਵਤ ਹੈ, ਬੰਦਾ ਜਦੋਂ ਡਿੱਗ ਕੇ ਉੱਠਦਾ ਹੈ ਤਾਂ ਉਹ ਉੱਚੀਆਂ ਮੰਜ਼ਿਲਾਂ ਤੇ ਕਾਮਯਾਬੀ ਪ੍ਰਾਪਤ ਕਰ ਹੀ ਲੈਂਦਾ ਹੈ।

ਬਾਅਦ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਇਸਦੀ ਪ੍ਰੋਸੈਸਿੰਗ ਕੀਤੀ ਜਾਵੇ, ਫਿਰ ਉਨ੍ਹਾਂ ਨੇ ਛੋਟੇ ਫਲਾਂ ਦੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ।

ਪ੍ਰੋਸੇਸਿੰਗ ਕਰਨ ਤੋਂ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਤੋਂ ਟ੍ਰੇਨਿੰਗ ਲੈ ਕੇ ਫਿਰ ਮੈਂ 2 ਤੋਂ 3 ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ -ਨਵਜੋਤ ਸਿੰਘ ਸ਼ੇਰਗਿੱਲ

ਜਦੋਂ ਫਲ ਪੱਕ ਕੇ ਤਿਆਰ ਹੁੰਦੇ ਸੀ ਤਾਂ ਇਸਦੀ ਤੋੜ ਤੁੜਾਈ ਦੇ ਲਈ ਲੇਬਰ ਦੀ ਜਰੂਰਤ ਪੈਂਦੀ ਸੀ ਫਿਰ ਉਨ੍ਹਾਂ ਨੇ ਪਿੰਡ ਦੇ ਮੁੰਡਿਆਂ ਅਤੇ ਕੁੜੀਆਂ ਨੂੰ ਖੇਤਾਂ ਦੇ ਵਿੱਚ ਫਲ ਦੀ ਤੁੜਾਈ ਅਤੇ ਛਾਂਟ-ਛਾਂਟਾਈ ਦੇ ਲੈ ਕੇ ਆਉਂਦੇ ਹਨ, ਜਿਸ ਨਾਲ ਉਨ੍ਹਾਂ ਕਰਕੇ ਪਿੰਡ ਦੀ ਕੁੜੀਆਂ ਅਤੇ ਮੁੰਡਿਆਂ ਨੂੰ ਰੋਜ਼ਗਾਰ ਮਿਲਿਆ। ਜਿਸ ਵਿੱਚ ਉਹ ਛੋਟੇ ਫਲਾਂ ਨੂੰ ਅਲੱਗ ਕਰਕੇ ਉਹਨਾਂ ਦੀ ਸਫਾਈ ਕਰਦੇ ਹਨ ਅਤੇ ਫਿਰ ਫਲਾਂ ਦੀ ਪ੍ਰੋਸੈਸਿੰਗ ਕਰਦੇ ਹਨ। ਫਿਰ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਉਤਪਾਦ ਤਿਆਰ ਕਰਨ ਦੇ ਲਈ ਛੋਟੇ ਪੱਧਰ ਤੇ ਮਸ਼ੀਨ ਲਗਾਈ ਜਾਵੇ, ਮਸ਼ੀਨ ਲਗਾਉਣ ਉਪਰੰਤ ਉਹ ਉੱਥੇ ਹੀ ਸਟ੍ਰਾਬੇਰੀ ਦੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਬ੍ਰਾਂਡ ਨਾ ਨਾਮ Coco-Orchard ਰੱਖਿਆ ਹੋਇਆ ਹੈ।

ਉਹ ਜੋ ਉਤਪਾਦ ਬਣਾਉਂਦੇ ਹਨ ਉਹ ਇਸ ਤਰ੍ਹਾਂ ਹਨ-

  • ਸਟ੍ਰਾਬੇਰੀ ਕਰੱਸ਼
  • ਸਟ੍ਰਾਬੇਰੀ ਜੈਮ
  • ਸਟ੍ਰਾਬੇਰੀ ਦੀ ਬਰਫੀ।

ਉਹ ਪ੍ਰੋਸਸਸਿੰਗ ਤੋਂ ਪੈਕਿੰਗ ਤੱਕ ਦਾ ਕਾਰਜ ਖੁਦ ਦੇਖਦੇ ਹਨ ਅਤੇ ਕਰਦੇ ਹਨ। ਉਹਨਾਂ ਨੇ ਪੈਕਿੰਗ ਦੇ ਲਈ ਜੈਮ ਅਤੇ ਕਰੱਸ਼ ਨੂੰ ਕੱਚ ਦੀ ਬੋਤਲਾਂ ਦੇ ਵਿੱਚ ਪਾਇਆ ਹੋਇਆ ਹੈ ਅਤੇ ਸਟ੍ਰਾਬੇਰੀ ਜਿਵੇਂ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ ਵਿੱਚ ਜਾਂਦੀ ਹੈ ਤਾਂ ਉਹ ਗੱਤੇ ਦੇ ਡੱਬੇ ਵਿੱਚ ਪੈਕਿੰਗ ਕਰਦੇ ਹਨ ਜੋ 2 ਕਿਲੋ ਦੀ ਟਰੇਅ ਹੁੰਦੀ ਹੈ ਉਨ੍ਹਾਂ ਦਾ ਰੇਟ ਘੱਟੋਂ-ਘੱਟ 500 ਤੋਂ 600 ਰੁਪਏ ਹੈ। ਸਟ੍ਰਾਬੇਰੀ ਦੀ 2 ਕਿਲੋ ਦੀ ਪੈਕਿੰਗ ਦੇ ਵਿੱਚ 250-250 ਗ੍ਰਾਮ ਦੇ ਪਨਟ ਬਣੇ ਹੁੰਦੇ ਹਨ।

ਮੈਂ ਫਿਰ ਕਿਸਾਨ ਮੇਲਿਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਸਟਾਲ ਲਗਾਉਣਾ ਸ਼ੁਰੂ ਕਰ ਦਿੱਤਾ -ਨਵਜੋਤ ਸਿੰਘ ਸ਼ੇਰਗਿੱਲ

ਕਿਸਾਨ ਮੇਲੇ ਵਿੱਚ ਸਟਾਲ ਲਗਾਉਣ ਦੇ ਨਾਲ ਉਹਨਾਂ ਦੀ ਮਾਰਕੀਟਿੰਗ ਵਿੱਚ ਇੰਨੀ ਜ਼ਿਆਦਾ ਪਹਿਚਾਣ ਬਣ ਗਈ ਕਿ ਅਗਲੇ ਆਉਣ ਵਾਲੇ ਮੇਲਿਆਂ ਦੇ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗ ਗਏ। ਮੇਲਿਆਂ ਦੇ ਵਿੱਚ ਉਨ੍ਹਾਂ ਦੀ ਪਹਿਚਾਣ ਇੱਕ ਖੇਤੀ ਵਿਭਾਗ ਦੇ ਡਾਕਟਰ ਨਾਲ ਹੋਈ ਜੋ ਕਿ ਉਨ੍ਹਾਂ ਦੇ ਲਈ ਬਹੁਤ ਹੀ ਕੀਮਤੀ ਪਲ ਹੈ। ਜਦੋਂ ਖੇਤੀ ਵਿਭਾਗ ਦੇ ਡਾਕਟਰ ਨੇ ਉਨ੍ਹਾਂ ਤੋਂ ਜੈਮ ਬਾਰੇ ਪੁੱਛਿਆ ਕਿ ਸਟ੍ਰਾਬੇਰੀ ਦੇ ਬਾਰੇ ਵਿੱਚ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਪਰ ਤੁਸੀਂ ਤਾਂ ਇਸ ਦਾ ਜੈਮ ਵੀ ਤਿਆਰ ਕਰ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ਤੇ Coco-Orchard ਨਾਮ ਦਾ ਇੱਕ ਪੇਜ ਵੀ ਹੈ ਜਿੱਥੇ ਕਿ ਉਹ ਸਟ੍ਰਾਬੇਰੀ ਦੇ ਬਾਰੇ ਵਿੱਚ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ ਅਤੇ ਸਟ੍ਰਾਬੇਰੀ ਦੇ ਬਣਾਏ ਗਏ ਉਤਪਾਦਾਂ ਨੂੰ ਸੋਸ਼ਲ ਮੀਡਿਆ ਰਾਹੀਂ ਮੰਡੀਕਰਨ ਵੀ ਕਰਦੇ ਹਨ।

ਅੱਜ ਨਵਜੋਤ ਸਿੰਘ ਸ਼ੇਰਗਿੱਲ ਇਸ ਮੁਕਾਮ ਤੇ ਪਹੁੰਚ ਗਏ ਹਨ ਜਿੱਥੇ ਉਹਨਾਂ ਦੀ ਇੱਕ ਤਾਂ ਮਾਰਕੀਟਿੰਗ ਵਿੱਚ ਇੰਨੀ ਜ਼ਿਆਦਾ ਪਹਿਚਾਣ ਬਣ ਗਈ ਹੈ ਕਿ ਹਰ ਰੋਜ਼ ਉਹਨਾਂ ਦੀ ਸਟ੍ਰਾਬੇਰੀ ਅਤੇ ਉਨ੍ਹਾਂ ਦੇ ਉਤਪਾਦ ਦੀ ਵਿਕਰੀ ਇੰਨੇ ਵੱਡੇ ਪੱਧਰ ‘ਤੇ ਫੈਲ ਚੁੱਕੀ ਹੈ ਕਿ ਉਨ੍ਹਾਂ ਨੂੰ ਆਪਣੇ ਉਤਪਾਦ ਜਾਂ ਸਟ੍ਰਾਬੇਰੀ ਵੇਚਣ ਦੇ ਲਈ ਮਾਰਕੀਟਿੰਗ ਦੇ ਵਿੱਚ ਜਾਣਾ ਨਹੀਂ ਪੈਂਦਾ।

ਭਵਿੱਖ ਦੀ ਯੋਜਨਾ

ਉਹ ਆਪਣੇ ਸਟ੍ਰਾਬੇਰੀ ਦੇ ਕਿੱਤੇ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ 4 ਕਿੱਲੇ ਵਿੱਚ ਖੇਤੀ ਕਰਨਾ ਚਾਹੁੰਦੇ ਹਨ। ਉਹ ਆਪਣੇ ਉਤਪਾਦ ਨੂੰ ਬਾਹਰ ਦੁਬਈ ਵਿੱਚ ਮਿਡਲ ਈਸਟ ਦੇ ਵਿੱਚ ਵੀ ਪਹੁੰਚਾਉਣ ਦਾ ਸੋਚ ਰਹੇ ਹਨ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਟ੍ਰਾਬੇਰੀ ਦੀ ਮੰਗ ਜ਼ਿਆਦਾ ਹੈ।

ਸੰਦੇਸ਼

“ਜੋ ਵੀ ਕਿਸਾਨ ਸਟ੍ਰਾਬੇਰੀ ਦੀ ਖੇਤੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਉਹ ਪਹਿਲਾ ਸਟ੍ਰਾ ਬੇਰੀ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਅਤੇ ਫਿਰ ਹੀ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਸਟ੍ਰਾਬੇਰੀ ਦੀ ਖੇਤੀ ਵਿੱਚ ਬੇਸ਼ੱਕ ਲਾਗਤ ਵੀ ਜ਼ਿਆਦਾ ਹੈ ਅਤੇ ਇਸ ਲਈ ਸਮਾਂ ਵੀ ਚਾਹੀਦਾ ਹੈ, ਕਿਉਕਿ ਇਹ ਇੱਕ ਅਜਿਹੀ ਫਸਲ ਹੈ ਜਿਸ ਨੂੰ ਬਿਨਾਂ ਦੇਖ ਰੇਖ ਦੇ ਨਹੀਂ ਕੀਤਾ ਜਾ ਸਕਦਾ।”