nanil_pb

ਨਨਿਲ ਚੌਧਰੀ

(ਫੁੱਲਾਂ ਦੀ ਖੇਤੀ)

ਮਿਲੋ ਅਗਲੀ ਪੀੜ੍ਹੀ ਦੇ ਉਤਸ਼ਾਹੀ ਕਿਸਾਨ ਨਾਲ ਜੋ ਉੱਤਰ ਪ੍ਰਦੇਸ਼ ਦੇ ਸਥਾਨਕ ਰੁਜ਼ਗਾਰ ਨੂੰ ਵਧਾਵਾ ਦੇ ਰਿਹਾ ਹੈ

ਨਨਿਲ ਚੌਧਰੀ ਦੇ ਖੇਤ ਦੀ ਦਿੱਖ ਕਿਸੇ ਵੀ ਵਿਅਕਤੀ ਨੂੰ ਸੁਪਨਿਆਂ ਵਾਲੀ ਸੁਗੰਧਤ ਦੁਨੀਆਂ ਵਿੱਚ ਲੈ ਜਾਵੇਗੀ… ਖੈਰ, ਤੁਸੀਂ ਸੋਚ ਰਹੇ ਹੋਵੋਗੇ ਕਿ ਉੱਥੇ ਫ਼ਸਲਾਂ, ਗਾਵਾਂ, ਮੱਝਾਂ, ਗੰਦਗੀ ਅਤੇ ਗੋਬਰ ਤੋਂ ਇਲਾਵਾ ਹੋਰ ਕੀ ਹੋ ਸਕਦਾ ਹੈ? ਪਰ ਤੁਸੀਂ ਗਲਤ ਹੋ, ਕਿਉਂਕਿ ਨਨਿਲ ਚੌਧਰੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਇੱਕ ਉੱਭਰਦੇ ਕਿਸਾਨ ਹਨ ਜੋ ਫੁੱਲਾਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਦੇ ਫਾਰਮ ਵਿੱਚ ਤੁਹਾਨੂੰ ਸਿਰਫ਼ ਜਰਬੇਰਾ, ਰਜਨੀਗੰਧਾ, ਗਲੇਡਿਓਲਸ ਅਤੇ ਕਈ ਹੋਰ ਰੰਗਦਾਰ ਫੁੱਲ ਦੇਖਣ ਨੂੰ ਮਿਲਣਗੇ।

ਰਵਾਇਤੀ ਖੇਤੀ ਵਾਲੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਨਨਿਲ ਚੌਧਰੀ ਦੀ ਖੇਤੀ ਦੀ ਯਾਤਰਾ ਹੋਰ ਕਿਸਾਨਾਂ ਦੀ ਤਰ੍ਹਾਂ ਕਣਕ, ਬਾਜਰਾ, ਆਲੂ, ਜੌਂ ਅਤੇ ਸਰ੍ਹੋਂ ਦੀ ਖੇਤੀ ਤੋਂ ਸ਼ੁਰੂ ਹੋਈ, ਜੋ ਕਿ 2014-15 ਤੱਕ ਜਾਰੀ ਰਹੀ। ਭਾਵੇਂ ਕਿ ਉਨ੍ਹਾਂ ਨੇ ਇੱਕ ਰਵਾਇਤੀ ਕਿਸਾਨ ਦੀ ਤਰ੍ਹਾਂ ਸ਼ੁਰੂਆਤ ਕੀਤੀ, ਫਿਰ ਵੀ ਉਨ੍ਹਾਂ ਨੇ ਕਦੇ ਵੀ ਮਨ ਵਿੱਚ ਉਸ ਰੂੜੀਵਾਦੀ ਸੋਚ ਨੂੰ ਸੀਮਿਤ ਨਹੀਂ ਰੱਖਿਆ ਅਤੇ ਸਾਲ 2015-2016 ਵਿੱਚ, ਉਹ ਫੁੱਲਾਂ ਦੀ ਖੇਤੀ ਦੇ ਖੇਤਰ ਵੱਲ ਆ ਗਏ।

ਨਨਿਲ ਚੌਧਰੀ ਨੂੰ ਅਲੀਗੜ੍ਹ ਜ਼ਿਲ੍ਹੇ ਵਿੱਚ ਇਗਲਾਸ ਤਹਿਸੀਲ ਦੇ ਨੇੜੇ ਪਾੱਲੀਹਾਊਸ ਵਿੱਚ ਜਰਬੇਰਾ ਪੌਦੇ ਬਾਰੇ ਪਤਾ ਲੱਗਾ। ਥੋੜ੍ਹੀ ਪੁੱਛ-ਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੂੰ ਸਥਾਪਿਤ ਕਰਨ ਲਈ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਦੇ ਮਾਤਾ, ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ ਜੀ ਦੇ ਨਾਮ ‘ਤੇ ਬਹੁਤ ਜ਼ਮੀਨ ਸੀ, ਇਸ ਲਈ ਉਨ੍ਹਾਂ ਦੀ ਮਾਤਾ ਦੇ ਨਾਮ ‘ਤੇ ਪ੍ਰੋਜੈੱਕਟ ਮਨਜ਼ੂਰ ਕੀਤਾ ਗਿਆ ਅਤੇ ਇਸ ਤਰ੍ਹਾਂ ਕ੍ਰਿਸ਼ਨਾ ਬਾਇਓਟੈੱਕ ਦੀ ਸਥਾਪਨਾ ਹੋਈ।

“ਜਲਵਾਯੂ ਨਿਯੰਤਰਣ ਪਾੱਲੀਹਾਊਸ ਦੀ ਸਥਾਪਨਾ ਲਈ ਮੈਂ ਲਗਭਗ 1.10 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਵਿੱਚੋਂ 75 ਲੱਖ ਰੁਪਏ ਆਰ.ਬੀ.ਐੱਲ. ਬੈਂਕ ਲਿਮਟਿਡ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਇਹ ਮੇਰੇ ਲਈ ਬਹੁਤ ਵੱਡੀ ਮਦਦ ਸੀ।”

ਪੇਂਡੂ ਆਰਥਿਕਤਾ ਵਿੱਚ ਸੁਧਾਰ ਲਈ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਉਹ ਫੁੱਲਾਂ ਦੀ ਖੇਤੀ ਵੱਲ ਵਧੇ ਅਤੇ ਅੱਜ ਉਨ੍ਹਾਂ ਦੇ ਆਪਣੇ ਦੋ ਜਲਵਾਯੂ ਨਿਯੰਤ੍ਰਿਤ ਪਾੱਲੀਹਾਊਸ ਹਨ, ਜਿੱਥੇ ਉਨ੍ਹਾਂ ਨੇ 2 ਏਕੜ ਵਿੱਚ ਜਰਬੇਰਾ ਦੇ ਲਗਭਗ 40,000 ਪੌਦੇ ਲਗਾਏ ਹਨ। ਪੋਲੀਹਾਊਸ ਦੇ ਬਾਹਰ ਉਨ੍ਹਾਂ ਨੇ 6 ਏਕੜ ਵਿੱਚ ਗਲੈਡਿਓਲਸ, 6 ਏਕੜ ਵਿੱਚ ਰਜਨੀਗੰਧਾ, 1 ਏਕੜ ਵਿੱਚ ਬ੍ਰੇਸਿਕਾ ਅਤੇ 3 ਏਕੜ ਵਿੱਚ ਗੁਲਦਾਉਦੀ ਦੇ ਪੌਦੇ ਲਗਾਏ ਹਨ।

ਅਤੇ ਕਿਵੇਂ ਇਹ ਫੁੱਲ ਨਨਿਲ ਚੌਧਰੀ ਦੇ ਕਾਰੋਬਾਰ ਨੂੰ ਮੁਨਾਫ਼ੇ ਵਿੱਚ ਬਦਲ ਰਹੇ ਹਨ:

ਇੱਕ ਜਰਬੇਰਾ ਦਾ ਪੌਦਾ ਇੱਕ ਸਾਲ ਵਿੱਚ 25 ਫੁੱਲ ਦਿੰਦਾ ਹੈ ਜੋ ਅੰਤ 1000000 ਫੁੱਲਾਂ ਦੀ ਉਤਪਾਦਨ ਸੰਖਿਆ ਵਿੱਚ ਬਦਲ ਜਾਂਦੀ ਹੈ ਅਤੇ ਜਦੋਂ ਇਹ ਫੁੱਲ 2.50 ਰੁਪਏ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਤਾਂ ਇੱਕ ਸਾਲ ਵਿੱਚ 20 ਲੱਖ ਦੀ ਆਮਦਨ ਹੁੰਦੀ ਹੈ। ਸਾਰੇ ਖ਼ਰਚਿਆਂ ਦੀ ਕਟੌਤੀ ਕਰਨ ਤੋਂ ਬਾਅਦ ਨਨਿਲ ਚੌਧਰੀ ਨੂੰ ਸਾਲ ਵਿੱਚ 6-7 ਲੱਖ ਦਾ ਸ਼ੁੱਧ ਲਾਭ ਮਿਲਦਾ ਹੈ। ਇਹ ਲਾਭ ਸਿਰਫ਼ ਜਰਬੇਰਾ ਫੁੱਲ ਤੋਂ ਹੈ। ਇਸ ਤੋਂ ਇਲਾਵਾ ਰਜਨੀਗੰਧਾ ਪ੍ਰਤੀ ਏਕੜ ਲਗਭਗ 2 ਲੱਖ ਰੁਪਏ ਲਾਭ ਦਿੰਦਾ ਹੈ। ਗਲੇਡਿਓਲਸ ਲਗਭਗ 1.50 ਲੱਖ ਰੁਪਏ ਪ੍ਰਤੀ ਏਕੜ ਅਤੇ ਗੁਲਦਾਉਦੀ ਪ੍ਰਤੀ ਸਾਲ ਲਗਭਗ 3 ਲੱਖ ਰੁਪਏ ਪ੍ਰਤੀ ਏਕੜ ਲਾਭ ਦਿੰਦਾ ਹੈ।

“ਮਜ਼ਦੂਰੀ ਖ਼ਰਚਾ, ਬੈਂਕ ਕਿਸ਼ਤਾਂ ਅਤੇ ਹੋਰ ਨਿਵੇਸ਼ ਲਾਗਤਾਂ ਦਾ ਖ਼ਰਚਾ ਛੱਡ ਕੇ, ਇਹ ਫੁੱਲ ਉਤਪਾਦਨ ਮੈਨੂੰ ਪ੍ਰਤੀ ਸਾਲ ਲਗਭਗ 14 ਲੱਖ ਦਾ ਲਾਭ ਪ੍ਰਦਾਨ ਕਰਦਾ ਹੈ।”

ਨਨਿਲ ਚੌਧਰੀ ਲਈ ਸ਼ੁਰੂਆਤ ਵਿੱਚ ਮੰਡੀਕਰਨ ਥੋੜ੍ਹਾ ਮੁਸ਼ਕਿਲ ਸੀ, ਕਿਉਂਕਿ ਦਿੱਲੀ ਨੂੰ ਫੁੱਲਾਂ ਦੀ ਡਿਲਿਵਰੀ ਕਰਨਾ ਮੁਸ਼ਕਿਲ ਸੀ। ਪਰ ਬਾਅਦ ਵਿੱਚ 2017-18 ਵਿੱਚ ਉੱਤਰ ਪ੍ਰਦੇਸ਼ ਰਾਜ ਦੀਆਂ ਰੋਡਵੇਜ਼ ਬੱਸਾਂ ਫੁੱਲਾਂ ਦੇ ਮੰਡੀਕਰਨ ਦਾ ਸਭ ਤੋਂ ਵਧੀਆ ਮਾਧਿਅਮ ਸਨ।

ਕੁੱਝ ਲੋਕ ਜੋ ਨਨਿਲ ਚੌਧਰੀ ਦੇ ਲਈ ਉਨ੍ਹਾਂ ਦੀ ਫੁੱਲਾਂ ਦੀ ਖੇਤੀ ਦੀ ਯਾਤਰਾ ਦੇ ਦੌਰਾਨ ਸਤੰਭਾਂ ਦੀ ਤਰ੍ਹਾਂ ਉਨ੍ਹਾਂ ਨਾਲ ਖੜ੍ਹੇ ਸਨ, ਉਹ ਸਨ ਉਨ੍ਹਾਂ ਦੀ ਮਾਂ, ਡਾ: ਮਾਮ ਚੰਦ ਸਿੰਘ (ਵਿਗਿਆਨਿਕ ਅਤੇ ਆਈ.ਏ.ਆਰ.ਆਈ, ਪੂਸਾ, ਨਵੀਂ ਦਿੱਲੀ ਵਿੱਚ ਸੁਰੱਖਿਅਤ ਖੇਤੀ ਕਿਸਾਨ ਡਿਵੀਜ਼ਨ ਦੇ ਮੁਖੀ) ਅਤੇ ਸ਼੍ਰੀ ਕੌਸ਼ਲ ਕੁਮਾਰ (ਜ਼ਿਲ੍ਹਾ ਬਾਗਬਾਨੀ ਅਧਿਕਾਰੀ, ਅਲੀਗੜ੍ਹ) ਆਦਿ।

ਗਿਆਨ ਪ੍ਰਸਾਰ ਸਭ ਤੋਂ ਮਹੱਤਵਪੂਰਨ ਹੈ, ਜਿਸ ਨੂੰ ਨਨਿਲ ਚੌਧਰੀ ਹਮੇਸ਼ਾ ਮੰਨਦੇ ਹਨ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਇਟਾਹ, ਹਾਥਰਸ, ਮੇਰਠ ਅਤੇ ਗਾਜ਼ੀਆਬਾਦ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਬਾਰੇ ਦੱਸਿਆ।

ਵਰਤਮਾਨ ਵਿੱਚ, ਨਨਿਲ ਚੌਧਰੀ ਦੇ ਫਾਰਮ ‘ਤੇ 20-22 ਹੁਨਰਮੰਦ ਕਰਮਚਾਰੀ ਹਨ ਜੋ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਗਏ ਪੌਦੇ, ਤੁਪਕਾ-ਸਿੰਚਾਈ ਪ੍ਰਣਾਲੀ, ਸੋਲਰ ਪਾਵਰ ਸਿੰਚਾਈ ਪੰਪ ਅਤੇ ਹੋਰ ਬਹੁਤ ਸਾਰੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਪੂਰੀ ਤਰ੍ਹਾਂ ਮਸ਼ੀਨੀਕਰਨ ਫਾਰਮ ਦਾ ਕੰਮ ਕਰਦੇ ਹਨ।

ਭਵਿੱਖ ਵਿੱਚ ਨਨਿਲ ਚੌਧਰੀ ਜੀ ਦੀਆਂ ਕੁੱਝ ਯੋਜਨਾਵਾਂ ਹਨ:
• ਰਜਨੀਗੰਧਾ ਤੋਂ ਤੇਲ ਕੱਢਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਯੋਜਨਾ
• ਉੱਤਰਾਂਚਲ ਵਿੱਚ ਵੱਡੇ ਪੈਮਾਨੇ ‘ਤੇ ਫੁੱਲਾਂ ਦੀ ਖੇਤੀ ਦਾ ਵਿਸਤਾਰ ਕਰਨਾ
• ਵਪਾਰਕ ਖੇਤੀ ਲਈ ਗਲੇਡਿਓਲਸ ਬਲਬ, ਰਜਨੀਗੰਧਾ ਬਲਬ ਅਤੇ ਗੁਲਦਾਉਦੀ ਨਰਸਰੀ ਦਾ ਵੱਡੇ ਪੈਮਾਨੇ ਦੇ ਉਤਪਾਦਨ

ਫੁੱਲਾਂ ਦੀ ਖੇਤੀ ਦੇ ਉੱਦਮ ਨਾਲ ਨਨਿਲ ਚੌਧਰੀ ਨੇ ਆਪਣੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਦੇਖਿਆ, ਲੋਕਾਂ ਦੀ ਖੇਤੀ, ਕਟਾਈ, ਪੈਕਿੰਗ ਅਤੇ ਫੁੱਲਾਂ ਦੀ ਟ੍ਰਾਂਸਪੋਰਟ ਕਾਰਨ ਨਿਯਮਿਤ ਆਮਦਨ ਮਿਲਦੀ ਹੈ, ਉਨ੍ਹਾਂ ਲੋਕਾਂ ਦੀ ਆਮਦਨ ਉਨ੍ਹਾਂ ਦੇ ਚਿਹਰੇ ‘ਤੇ ਅਸਲ ਖੁਸ਼ੀ ਦਿਖਾਉਂਦੀ ਹੈ… ਨਨਿਲ ਚੌਧਰੀ ਨੇ ਸਿੱਟਾ ਕੱਢਿਆ

ਫੁੱਲਾਂ ਦੀ ਖੇਤੀ ਦੇ ਖੇਤਰ ਵਿੱਚ ਬਹੁਤ ਮਿਹਨਤ ਕਰਨ ਲਈ ਨਨਿਲ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ ਹੈ-
• 2016-17 ਵਿੱਚ ਡਿਵੀਜ਼ਨਲ ਕਮਿਸ਼ਨਰ, ਅਲੀਗੜ੍ਹ ਤੋਂ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।
• ਦੂਰਦਰਸ਼ਨ, ਦਿੱਲੀ ਦੁਆਰਾ ਕ੍ਰਿਸ਼ਨਾ ਬਾਇਓਟੈੱਕ ਫਾਰਮ ‘ਤੇ ਇੱਕ ਲੇਖ (ਡਾਕੂਮੈਂਟਰੀ) ਤਿਆਰ ਕੀਤਾ ਗਿਆ ਅਤੇ 22 ਨਵੰਬਰ 2016 ਨੂੰ ਕ੍ਰਿਸ਼ੀ ਦਰਸ਼ਨ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤਾ ਗਿਆ।
• ਬਾਅਦ ਵਿੱਚ ਸਾਲ 2017-18 ਵਿੱਚ ਦੂਰਦਰਸ਼ਨ ਦੁਆਰਾ ਇੱਕ ਹੋਰ ਤਿਆਰ ਲੇਖ (ਡਾਕੂਮੈਂਟਰੀ) ਕੀਤਾ ਗਿਆ ਅਤੇ 27 ਦਸੰਬਰ 2017 ਨੂੰ ਡੀ.ਡੀ. ਕ੍ਰਿਸ਼ੀ ਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ।
ਨਨਿਲ ਚੌਧਰੀ ਜੀ ਦੇ ਪੱਕੇ ਇਰਾਦੇ ਅਤੇ ਮਿਹਨਤ ਨਾਲ ਕ੍ਰਿਸ਼ਨਾ ਬਾਇਓਟੈੱਕ ਨੇ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਫਾਰਮ ‘ਤੇ ਕੰਮ ਕਰਨ ਵਾਲੇ ਲੋਕਾਂ ਲਈ ਇੱਕ ਲਾਹੇਵੰਦ ਗੁਣਵੱਤਾ ਮਿਆਰ ਨਿਰਧਾਰਿਤ ਹੋਇਆ।