ankur-ankita_pb

ਅੰਕੁਰ ਅਤੇ ਅੰਕਿਤਾ ਸਿੰਘ

(ਡੇਅਰੀ ਫਾਰਮਿੰਗ)

ਸਿਮਬਾਇਓਸਿਸ ਤੋਂ ਗ੍ਰੈਜੂਏਟ ਇਸ ਪਤੀ-ਪਤਨੀ ਦੀ ਜੋੜੀ ਪਸ਼ੂ ਪਾਲਣ ਦੇ ਇੱਕ ਨਵੇਂ ਵਿਚਾਰ ਨਾਲ ਖੇਤੀ ਉਦਯੋਗ ਦੀ ਨਵੀਂ ਪਰਿਭਾਸ਼ਾ ਦੇ ਰਹੀ ਹੈ

ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਐਗਰੀ-ਬਿਜ਼ਨੈੱਸ ਵਿੱਚ ਐੱਮ.ਬੀ.ਏ. ਕਰਨ ਤੋਂ ਬਾਅਦ ਤੁਸੀਂ ਕਿਸ ਜੀਵਨ ਦੀ ਕਲਪਨਾ ਕਰਦੇ ਹੋ, ਸ਼ਾਇਦ ਖੇਤੀ ਵਿਸ਼ਲੇਸ਼ਕ, ਫਾਰਮ ਨਿਰਧਾਰਕ, ਮੰਡੀ ਵਿਸ਼ਲੇਸ਼ਕ, ਗੁਣਵੱਤਾ ਕੰਟਰੋਲ ਜਾਂ ਐਗਰੀਬਿਜ਼ਨੈੱਸ ਮਾਰਕਟਿੰਗ ਸੰਚਾਲਕ?

ਬਾ-ਖ਼ੂਬੀ, ਐੱਮ.ਬੀ.ਏ. ਖੇਤੀਬਾੜੀ ਗ੍ਰੈਜੂਏਟ ਦੇ ਲਈ ਇਹ ਨੌਕਰੀ ਦੇ ਸੁਪਨੇ ਸੱਚ ਹੋਣ ਵਾਂਗ ਹਨ ਅਤੇ ਜਦੋਂ ਤੁਸੀਂ ਆਪਣੀ ਐੱਮ.ਬੀ.ਏ. ਕਿਸੇ ਪ੍ਰਸਿੱਧ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਮਲਟੀਨੈਸ਼ਨਲ ਸੰਗਠਨ ਦਾ ਹਿੱਸਾ ਬਣਨ ਦੀ ਬਜਾਏ, ਇੱਕ ਸ਼ੁਰੂਆਤੀ ਉੱਦਮੀ ਦੇ ਰੂਪ ਵਿੱਚ ਉਭਰਨਾ ਪਸੰਦ ਕਰਦੇ ਹਨ, ਜੋ ਉਹਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਸਹੀ ਅਰਥ ਦਿੰਦਾ ਹੈ।

ਅਰਬਨ ਡੇਅਰੀ ਇੱਕ ਪਹਿਲ ਹੈ, ਜੋ ਇੱਕ ਜੋੜੀ – ਅੰਕੁਰ ਅਤੇ ਅੰਕਿਤਾ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਕੱਚੇ ਰੂਪ ਵਿੱਚ ਦੁੱਧ ਵੇਚਣ ਵਾਲੇ ਖਾਸ ਵਿਚਾਰ ਨਾਲ ਡੇਅਰੀ ਧੰਦੇ ਦੀ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ। ਇਹ ਫਾਰਮ ਕਾਨਪੁਰ ਸ਼ਹਿਰ ਤੋਂ 55 ਕਿਲੋਮੀਟਰ ਦੀ ਦੂਰੀ ਉਨਾਓ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੁੱਧ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੰਕੁਰ ਵਿਭਿੰਨ ਕੰਪਨੀਆਂ ਵਿੱਚ ਇੱਕ ਬਾਇਓਟੈਕਨਾੱਲੋਜਿਸਟ ਅਤੇ ਕਿਸਾਨ ਦੇ ਰੂਪ ਵਿੱਚ ਕੰਮ ਕਰ ਰਹੇ ਸੀ (ਕੁੱਲ ਕੰਮ ਦਾ ਅਨੁਭਵ 2 ਸਾਲ) ਅਤੇ 2014 ਵਿੱਚ ਅੰਕੁਰ ਆਪਣੀ ਦੋਸਤ ਅੰਕਿਤਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ, ਜਿਸ ਨੇ ਉਸ ਨਾਲ ਪੂਨੇ ਵਿੱਚ ਸਿਮਬਾਇਓਸਿਸ ਤੋਂ ਹੀ ਐੱਮ.ਬੀ.ਏ. ਕੀਤੀ ਸੀ।

ਖੈਰ, ਕੱਚਾ ਦੁੱਧ ਵੇਚਣ ਦਾ ਇਹ ਵਿਚਾਰ ਉਦੋਂ ਸਿੱਧ ਹੋਇਆ, ਜਦ ਅੰਕੁਰ ਦਾ ਭਤੀਜਾ ਭਾਰਤ ਆਇਆ ਕਿਉਂਕਿ ਉਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਅੰਕੁਰ ਨੇ ਉਸ ਦੇ ਇਸ ਅਨੁਭਵ ਨੂੰ ਕੁੱਝ ਖਾਸ ਬਣਾਉਣ ਦਾ ਫੈਸਲਾ ਕੀਤਾ।

ਅੰਕੁਰ ਨੇ ਉਚੇਚੇ ਤੌਰ ‘ਤੇ ਗਾਂ ਦੀ ਸਵਦੇਸ਼ੀ ਨਸਲ – ਸਾਹੀਵਾਲ ਖਰੀਦੀ ਅਤੇ ਉਸ ਨੂੰ ਦੁੱਧ ਦੀ ਪ੍ਰਾਪਤੀ ਲਈ ਪਾਲਣਾ ਸ਼ੁਰੂ ਕੀਤਾ। ਹਾਲਾਂਕਿ ਇਹ ਉਦੇਸ਼ ਉਸ ਦੇ ਭਤੀਜੇ ਲਈ ਸੀ, ਪਰ ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਗਾਂ ਦਾ ਦੁੱਧ, ਪੈਕ ਕੀਤੇ ਦੁੱਧ ਤੋਂ ਜਿਆਦਾ ਸਵੱਸਥ ਅਤੇ ਸੁਆਦੀ ਹੈ। ਹੌਲੀ- ਹੌਲੀ ਸਾਰੇ ਪਰਿਵਾਰ ਨੂੰ ਗਾਂ ਦਾ ਦੁੱਧ ਪਸੰਦ ਆਉਣ ਲੱਗਾ ਅਤੇ ਸਾਰਿਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ।

ਅੰਕੁਰ ਨੂੰ ਬਚਪਨ ਤੋਂ ਹੀ ਪਸ਼ੂਆਂ ਦਾ ਸ਼ੌਂਕ ਸੀ, ਪਰ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿਹਤ ਦੇ ਨਾਲ ਕਿਉਂ ਸਮਝੌਤਾ ਕਰਨਾ ਅਤੇ 2015 ਵਿੱਚ ਦੋਨੋਂ ਪਤੀ-ਪਤਨੀ( ਅੰਕੁਰ ਅਤੇ ਅੰਕਿਤਾ) ਨੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੰਕੁਰ ਨੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ NDRI ਕਰਨਾਲ ਤੋਂ ਛੋਟੀ ਜਿਹੀ ਟ੍ਰੇਨਿੰਗ ਕੀਤੀ ਅਤੇ ਇਸ ਵਿਚਕਾਰ ਉਸ ਦੀ ਪਤਨੀ ਅੰਕਿਤਾ ਨੇ ਸਾਰੇ ਨਿਰਮਾਣ ਕੰਮਾਂ ਦੀ ਦੇਖ-ਰੇਖ ਕੀਤੀ। ਉਹਨਾਂ ਨੇ 6 ਹਾੱਲਸਟੀਨ ਤੋਂ ਤਿਆਰ ਕੀਤੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਹੁਣ 3 ਸਾਲ ਬਾਅਦ ਉਹਨਾਂ ਕੋਲ ਗਊਸ਼ਾਲਾ ਵਿੱਚ ਹਾੱਲਸਟੀਨ/ਜਰਸੀ ਦੇ ਸੁਮੇਲ ਨਾਲ ਤਿਆਰ ਕੀਤੀਆਂ 34 ਅਤੇ 7 ਸਵਦੇਸ਼ੀ (ਸਾਹੀਵਾਲ, ਲਾਲ ਸਿੰਧੀ, ਥਾਰਪਾਰਕਰ) ਗਾਵਾਂ ਹਨ।

ਅਰਬਨ ਡੇਅਰੀ ਨਾਮ ਨੂੰ ਉਹਨਾਂ ਆਪਣੇ ਬਰੈਂਡ ਦਾ ਨਾਮ ਰੱਖਣ ਬਾਰੇ ਸੋਚਿਆ, ਜੋ ਕਿ ਗ੍ਰਾਮੀਣ ਵਿਸ਼ੇ ਨੂੰ ਸ਼ਹਿਰ ਨਾਲ ਜੋੜਦਾ ਹੈ। ਇਹ ਦੋ ਅਜਿਹੇ ਖੇਤਰਾਂ ਨੂੰ ਜੋੜਦਾ ਹੈ ਜੋ ਕਿ ਇੱਕ ਦੂਸਰੇ ਤੋਂ ਬਿਲਕੁਲ ਹੀ ਉਲਟ ਹਨ। ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਡੇਅਰੀ ਫਾਰਮ ਦੇ ਪ੍ਰਬੰਧਨ ਤੋਂ ਲੈ ਕੇ ਉਤਪਾਦ ਦਾ ਮੰਡੀਕਰਨ ਅਤੇ ਵਿਕਾਸ ਲਈ ਇੱਕ ਵੀ ਕੰਮ ਨਹੀਂ ਛੱਡਿਆ। ਪੂਰੇ ਫਾਰਮ ਦਾ ਨਿਰਮਾਣ 4 ਏਕੜ ਵਿੱਚ ਕੀਤਾ ਗਿਆ ਅਤੇ ਇਸਦੀ ਦੇਖਭਾਲ ਲਈ 7 ਕਰਮਚਾਰੀ ਹਨ। ਪਸ਼ੂਆਂ ਨੂੰ ਨਹਿਲਾਉਣਾ, ਆਹਾਰ ਦੇਣਾ, ਗਾਵਾਂ ਦੀ ਸਵੱਛਤਾ ਬਣਾਈ ਰੱਖਣਾ ਅਤੇ ਹੋਰ ਫਾਰਮ ਸੰਬੰਧਿਤ ਕੰਮ ਕਰਮਚਾਰੀਆਂ ਦੁਆਰਾ ਹੱਥੀਂ ਕੀਤੇ ਜਾਂਦੇ ਹਨ ਅਤੇ ਗਾਵਾਂ ਦੇ ਆਰਾਮ ਲਈ ਮਸ਼ੀਨਾਂ ਦੁਆਰਾ ਅਤੇ ਹੱਥੀਂ ਦੁੱਧ ਚੋਣ ਦਾ ਕੰਮ ਕੀਤਾ ਜਾਂਦਾ ਹੈ। ਅੰਕੁਰ ਅਤੇ ਅੰਕਿਤਾ ਦੋਨੋਂ ਹੀ ਬਿਨਾਂ ਰੁਕਾਵਟ ਦੇ ਦਿਨ ਵਿੱਚ ਇੱਕ ਵਾਰ ਫਾਰਮ ‘ਤੇ ਜ਼ਰੂਰ ਜਾਂਦੇ ਹਨ। ਉਹ ਆਪਣੇ ਫਾਰਮ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਤਾਂ ਕਰਦੇ ਹੀ ਹਨ, ਬਲਕਿ ਕਰਮਚਾਰੀਆਂ ਦੀ ਉਹਨਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਕਰਨ ਵਿੱਚ ਮਦਦ ਵੀ ਕਰਦੇ ਹਨ।

“ਅੰਕੁਰ: ਅਸੀਂ ਗਾਂ ਦੀ ਫੀਡ ਖੁਦ ਤਿਆਰ ਕਰਦੇ ਹਾਂ ਕਿਉਂਕਿ ਦੁੱਧ ਦੀ ਉਪਜ ਅਤੇ ਗਾਂ ਦੀ ਸਿਹਤ ਪੂਰੀ ਤਰ੍ਹਾਂ ਫੀਡ ‘ਤੇ ਹੀ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿੱਚ ਕਦੇ ਵੀ ਸਮਝੌਤਾ ਨਹੀਂ ਕਰਦੇ। ਗਾਂ ਦੀ ਫੀਡ ਦਾ ਫਾਰਮੂਲਾ ਜੋ ਅਸੀਂ ਵਰਤਦੇ ਹਾਂ ਉਹ ਹੈ- 33% ਪ੍ਰੋਟੀਨ, 33% ਉਦਯੋਗਿਕ ਵਿਅਰਥ ਪਦਾਰਥ( ਚੋਕਰ), 33% ਅਨਾਜ (ਮੱਕੀ, ਚਨੇ) ਅਤੇ ਵਾਧੂ ਖਣਿਜ ਪਦਾਰਥ।

ਪਸ਼ੂ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ ਦੇ ਧੰਦੇ ਵਿੱਚ ਵੀ ਪੂਰੀ ਤਰ੍ਹਾਂ ਜੁਟੇ ਹਨ। ਉਹਨਾਂ ਨੇ ਹੋਰ 4 ਏਕੜ ਦੀ ਜ਼ਮੀਨ ਕਿਰਾਏ ‘ਤੇ ਲਈ ਹੈ। ਇਸ ਤੋਂ ਪਹਿਲਾਂ ਅੰਕਿਤਾ ਨੇ ਉਸ ਜ਼ਮੀਨ ਦੀ ਵਰਤੋਂ ਇੱਕ ਘਰੇਲੂ ਬਗ਼ੀਚੀ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਗਾਂ ਦੇ ਗੋਬਰ ਤੋਂ ਇਲਾਵਾ ਉਸ ਜ਼ਮੀਨ ‘ਤੇ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਭੂਮੀ ਪੂਰੀ ਤਰ੍ਹਾਂ ਨਾਲ ਜੈਵਿਕ ਬਣ ਗਈ ਹੈ, ਜਿਸ ਦੀ ਵਰਤੋਂ ਕਣਕ, ਚਨੇ, ਲਸਣ, ਮਿਰਚ, ਧਨੀਆ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਣ ਲਈ ਕੀਤਾ ਜਾਂਦਾ ਹੈ। ਇਹ ਇਨ੍ਹਾਂ ਫ਼ਸਲਾਂ ਦੀ ਵਰਤੋਂ ਗਾਂ ਦੇ ਚਾਰੇ ਅਤੇ ਘਰੇਲੂ ਜ਼ਰੂਰਤਾਂ ਲਈ ਕਰਦੇ ਹਨ।

“ਸ਼ੁਰੂਆਤ ਵਿੱਚ, ਮੇਰੀ HF ਪ੍ਰਜਣਿਤ ਗਾਂ 12 ਲੀਟਰ ਦੁੱਧ ਦਿੰਦੀ ਸੀ, ਦੂਸਰੇ ਸੂਏ ਤੋਂ ਬਾਅਦ ਉਸ ਨੇ 18 ਲੀਟਰ ਦੁੱਧ ਦੇਣਾ ਸ਼ੁਰੂ ਕੀਤਾ ਅਤੇ ਹੁਣ ਉਹ ਤੀਸਰੇ ਸੂਏ ਹੈ ਅਤੇ ਅਸੀਂ 24 ਲੀਟਰ ਦੁੱਧ ਦੀ ਉਮੀਦ ਕਰ ਰਹੇ ਹਾਂ। ਦੁੱਧ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਹੈ।”

ਮਾਰਕਟਿੰਗ:

ਦੁੱਧ ਨੂੰ ਇੱਕ ਵੱਡੇ ਦੁੱਧ ਦੇ ਕੰਟੇਨਰ ਵਿੱਚ ਭਰਨ ਅਤੇ ਇੱਕ ਪੁਰਾਣੇ ਦੁੱਧ ਮਾਪਣ ਵਾਲੇ ਯੰਤਰ ਦੀ ਥਾਂ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਵਧਾਉਣ ਲਈ ਇੱਕ ਨਵਾਂ ਵਿਚਾਰ ਬਣਾਇਆ। ਉਹ ਕੱਚੇ ਦੁੱਧ ਨੂੰ ਛਾਣਨ ਤੋਂ ਬਾਅਦ ਕੱਚ ਦੀਆਂ ਬੋਤਲਾਂ ਵਿੱਚ ਭਰਦੇ ਹਨ ਅਤੇ ਫਿਰ ਗਾਹਕਾਂ ਤੱਕ ਪਹੁੰਚਾਉਂਦੇ ਹਨ।

ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦੇ ਉਤਪਾਦ ਨੂੰ ਸਵੀਕਾਰ ਕੀਤਾ, 3 ਸਾਲਾਂ ਤੋਂ ਉਹਨਾਂ ਨੇ ਆਪਣੇ ਉਤਪਾਦਨ ਦੀ ਵਿਕਰੀ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਲੋਕਾਂ ਨੂੰ ਉਤਪਾਦ ਦਾ ਪ੍ਰਯੋਗ ਕਰਨ ਦੇ ਲਈ ਕੋਈ ਵਿਗਿਆਪਨ ਦਿੱਤਾ। ਜਿੰਨੇ ਵੀ ਉਹਨਾਂ ਨਾਲ ਹੁਣ ਤੱਕ ਗਾਹਕ ਜੁੜੇ ਹਨ, ਇਹ ਸਭ ਉਹਨਾਂ ਦੇ ਮੌਜੂਦਾ ਗਾਹਕਾਂ ਤੋਂ ਉਤਪਾਦ ਦੀ ਪ੍ਰਸ਼ੰਸਾ ਸੁਣ ਕੇ ਪ੍ਰਭਾਵਿਤ ਹੋਏ ਹਨ। ਇਸ ਪ੍ਰਤੀਕਿਰਿਆ ਨੇ ਉਹਨਾਂ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਪਨੀਰ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਗਾਹਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਦੇ ਨਾਲ ਉਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੁੱਧ ਦੀ ਵਿਕਰੀ ਲਈ ਸ਼ਹਿਰ ਵਿੱਚ ਉਹਨਾਂ ਦਾ ਆਪਣਾ ਫੈਲਿਆ ਹੋਇਆ ਨੈਟਵਰਕ ਹੈ ਜੋ ਉਨ੍ਹਾਂ ਦੀ ਉੱਨਤੀ ਦੇਖ ਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਵੱਧ ਜਾਵੇਗਾ।

ਭਵਿੱਖ ਦੀਆਂ ਯੋਜਨਾਵਾਂ:

ਦੇਸੀ ਨਸਲ ਦੀ ਗਾਂ ਦੇ ਦੁੱਧ ਉਤਪਾਦਨ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੁੰਦੀ ਅਤੇ ਉਹ ਸਵਦੇਸ਼ੀ ਗਾਵਾਂ ਦੇ ਦੁਆਰਾ ਗਾਂ ਦੀ ਇੱਕ ਨਵੀਂ ਨਸਲ ਵਿਕਸਤ ਕਰਨਾ ਚਾਹੁੰਦੇ ਹਨ, ਜਿਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਜ਼ਿਆਦਾ ਹੋਵੇ ਕਿਉਂਕਿ ਦੇਸੀ ਨਸਲ ਦੀ ਗਾਂ ਦੇ ਦੁੱਧ ਦੀ ਗੁਣਵੱਤਾ ਜ਼ਿਆਦਾ ਬਿਹਤਰ ਹੈ ਅਤੇ ਮਨੁੱਖਾਂ ਦੇ ਲਈ ਇਸ ਦੇ ਕਈ ਲਾਭ ਵੀ ਦੇਖੇ ਗਏ ਹਨ।

ਉਹਨਾਂ ਦੇ ਅਨੁਸਾਰ, ਸਹੀ ਹਾਲਾਤਾਂ ਵਿੱਚ ਦੁੱਧ ਨੂੰ ਇੱਕ ਹਫ਼ਤੇ ਦੇ ਲਈ 2 ਡਿਗਰੀ ਸੈਂਟੀਗਰੇਡ ‘ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਮਕਸਦ ਦੇ ਲਈ ਉਹ ਆਉਣ ਵਾਲੇ ਸਮੇਂ ਵਿੱਚ ਦੁੱਧ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਲਈ ਇੱਕ ਚਿੱਲਰ ਸਟੋਰੇਜ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੁੱਧ ਨੂੰ ਹੋਰ ਮੰਤਵਾਂ ਲਈ ਪ੍ਰਯੋਗ ਕਰ ਸਕਣ।

ਸੰਦੇਸ਼:
“ਪਸ਼ੂ ਪਾਲਕਾਂ ਨੂੰ ਉਹਨਾਂ ਦੀ ਗਾਵਾਂ ਦੀ ਸਵੱਛਤਾ ਅਤੇ ਦੇਖਭਾਲ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦਾ ਧਿਆਨ ਉਸ ਤਰ੍ਹਾਂ ਹੀ ਰੱਖਣ ਜਿਵੇਂ ਉਹ ਆਪਣੀ ਸਿਹਤ ਦਾ ਰੱਖਦੇ ਹਨ ਅਤੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸਾਨ ਨੂੰ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਧੀਆ ਭਵਿੱਖ ਦੇ ਲਈ ਮੌਜੂਦਾ ਪਸ਼ੂ ਪਾਲਣ ਦੇ ਢੰਗ ਨਾਲ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਪਸ਼ੂ ਪਾਲਣ ਕੇਵਲ ਤਦ ਹੀ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਹਾਡੇ ਫਾਰਮ ਦੇ ਪਸ਼ੂ ਖੁਸ਼ ਹੋਣ। ਤੁਹਾਡੇ ਉਤਪਾਦ ਦਾ ਵੇਚ ਮੁੱਲ ਤੁਹਾਨੂੰ ਮੁਨਾਫ਼ਾ ਨਹੀਂ ਦੇ ਸਕਦਾ ਪਰ ਇੱਕ ਖੁਸ਼ ਪਸ਼ੂ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ।”