harjinder-kaur-pnb

ਹਰਜਿੰਦਰ ਕੌਰ

(ਮਸ਼ਰੂਮ/ਖੁੰਭ)

ਕਿਵੇਂ ਇਸ 60 ਸਾਲ ਦੀ ਮਹਿਲਾ ਨੇ ਅੰਮ੍ਰਿਤਸਰ ਵਿੱਚ ਮਸ਼ਰੂਮ ਦੀ ਖੇਤੀ ਦੇ ਧੰਦੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਪੁੱਤਰਾਂ ਨੇ ਇਸ ਧੰਦੇ ਨੂੰ ਸਫ਼ਲ ਬਣਾਇਆ

ਪੰਜਾਬ ਵਿੱਚ ਜਿੱਥੇ ਲੋਕ ਅੱਜ ਵੀ ਰਵਾਇਤੀ ਖੇਤੀ ਦੇ ਚੱਕਰ ‘ਚ ਫਸੇ ਹੋਏ ਹਨ, ਉੱਥੇ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਇਸ ਚੱਕਰ ਨੂੰ ਤੋੜਿਆ ਅਤੇ ਖੇਤੀ ਦੀ ਆਵਿਸ਼ਕਾਰੀ ਤਕਨੀਕ ਨੂੰ ਲੇ ਕੇ ਆਏ, ਜੋ ਕਿ ਕੁਦਰਤ ਦੇ ਜ਼ਰੂਰੀ ਸ੍ਰੋਤ ਜਿਵੇਂ ਕਿ ਪਾਣੀ ਆਦਿ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ।

ਇਹ ਇੱਕ ਪਰਿਵਾਰ ਦੇ ਯਤਨਾਂ ਦੀ ਕਹਾਣੀ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਅਦਭੁੱਤ ਪਵਿੱਤਰ ਸ਼ੈਲੀ, ਸੰਸਕ੍ਰਿਤ ਅਤੇ ਅੰਮ੍ਰਿਤ ਸਰੋਵਰ(ਪਵਿੱਤਰ ਜਲ ਤਲਾਬ) ਨਾਲ ਘਿਰੇ ਸ਼ਾਂਤ ਸਵਰਣ ਮੰਦਿਰ(ਹਰਿਮੰਦਰ ਸਾਹਿਬ) ਲਈ ਜਾਣਿਆ ਜਾਂਦਾ ਹੈ। ਇਹ ਪਰਿਵਾਰ ਨਾ-ਕੇਵਲ ਮਸ਼ਰੂਮ ਦੀ ਖੇਤੀ ਵਿੱਚ ਕ੍ਰਾਂਤੀ ਲੈ ਕੇ ਆ ਰਿਹਾ ਹੈ, ਬਲਕਿ ਆਧੁਨਿਕ ਅਤੇ ਫਾਇਦੇਮੰਦ ਤਕਨੀਕਾਂ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਹਰਜਿੰਦਰ ਕੌਰ ਰੰਧਾਵਾ ਅੰਮ੍ਰਿਤਸਰ ਵਿੱਚ ਮਸ਼ਰੂਮ ਲੇਡੀ ਦੇ ਨਾਮ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਕੇਵਲ ਇੱਕ ਸਹਾਇਕ ਧੰਦੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦਾ ਸ਼ੌਂਕ ਸੀ, ਪਰ ਕੌਣ ਜਾਣਦਾ ਸੀ ਕਿ ਸ਼੍ਰੀਮਤੀ ਹਰਜਿੰਦਰ ਕੌਰ ਦਾ ਇਹ ਸ਼ੌਂਕ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦੁਆਰਾ ਇੱਕ ਸਫ਼ਲ ਵਪਾਰ ਵਿੱਚ ਬਦਲ ਦਿੱਤਾ ਜਾਵੇਗਾ।

ਇਹ ਕਿਵੇਂ ਸ਼ੁਰੂ ਹੋਇਆ…

ਅੱਸੀ-ਨੱਬੇ ਦੇ ਦਹਾਕੇ ਵਿੱਚ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਵਾਲੇ ਰਜਿੰਦਰ ਸਿੰਘ ਦੀ ਪਤਨੀ ਹੋਣ ਦੇ ਨਾਤੇ, ਘਰ ਵਿੱਚ ਕੋਈ ਕਮੀ ਨਹੀਂ ਸੀ, ਜੋ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਅਸੁਰੱਖਿਅਤ ਬਣਾਉਂਦੀ ਅਤੇ ਉਨ੍ਹਾਂ ਨੂੰ ਹੋਰ ਕਮਾਈ ਦੇ ਸ੍ਰੋਤ ਦੀ ਭਾਲ ਕਰਨੀ ਪੈਂਦੀ।

ਕਿਵੇਂ ਇੱਕ ਗ੍ਰਹਿਣੀ ਦੀ ਰੁਚੀ ਨੇ ਪਰਿਵਾਰ ਦੇ ਭਵਿੱਖ ਲਈ ਨੀਂਹ ਰੱਖੀ…

ਪਰ 1989 ਵਿੱਚ ਹਰਜਿੰਦਰ ਕੌਰ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਅਤੇ ਆਪਣੇ ਵਾਧੂ ਸਮੇਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ, ਪਰ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਦੇ ਕੰਮਾਂ ਵਿੱਚ ਸੱਚੇ ਰੰਗ ਲਾਏ। ਹੌਲੀ-ਹੌਲੀ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਦੇ ਕੰਮ ਨੂੰ ਵਧਾਇਆ ਅਤੇ ਮਸ਼ਰੂਮ ਤੋਂ ਖਾਣ ਵਾਲੇ ਉਤਪਾਦ ਤਿਆਰ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਪੁੱਤਰ ਆਪਣੀ ਮਾਂ ਦੇ ਸਹਾਰੇ ਬਣੇ…

ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਤਾਂ ਚਾਰਾਂ ਵਿੱਚੋਂ ਤਿੰਨ ਪੁੱਤਰ(ਮਨਜੀਤ, ਮਨਦੀਪ ਅਤੇ ਹਰਪ੍ਰੀਤ) ਮਸ਼ਰੂਮ ਦੀ ਖੇਤੀ ਦੇ ਧੰਦੇ ਵਿੱਚ ਆਪਣੀ ਮਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਤਿੰਨੋ ਪੁੱਤਰ ਖ਼ਾਸ ਤੌਰ ‘ਤੇ ਟ੍ਰੇਨਿੰਗ ਲਈ ਸੋਲਨ ਦੇ ਡਾਇਰੈਕਟੋਰੇਟ ਆੱਫ ਮਸ਼ਰੂਮ ਰਿਸਰਚ ਗਏ। ਉੱਥੇ ਉਨ੍ਹਾਂ ਨੇ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬਟਨ, ਮਿਲਕੀ ਅਤੇ ਓਈਸਟਰ ਦੇ ਬਾਰੇ ਸਿੱਖਿਆ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ‘ਤੇ ਪੀ ਏ ਯੂ ਦੁਆਰਾ ਦਿੱਤੀ ਗਈ ਹੋਰ ਧੰਦਿਆਂ ਦੀ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਜਦਕਿ ਹਰਜਿੰਦਰ ਕੌਰ ਜੀ ਦਾ ਚੌਥਾ ਪੁੱਤਰ(ਜਗਦੀਪ ਸਿੰਘ) ਹੋਰ ਫ਼ਸਲਾਂ ਦੀ ਖੇਤੀ ਕਰਨ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਅਤੇ ਬਾਅਦ ਵਿੱਚ ਉਹ ਆਸਟ੍ਰੇਲੀਆ ਗਿਆ ਅਤੇ ਫਿਰ ਗੰਨੇ ਅਤੇ ਕੇਲੇ ਦੀ ਖੇਤੀ ਸ਼ੁਰੂ ਕੀਤੀ।

ਸਮੇਂ ਦੇ ਨਾਲ-ਨਾਲ ਹਰਜਿੰਦਰ ਕੌਰ ਜੀ ਦੇ ਪੁੱਤਰ ਮਸ਼ਰੂਮ ਦੀ ਖੇਤੀ ਦੇ ਕੰਮ ਦਾ ਵਿਸਤਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਪਾਰਕ ਉਦੇਸ਼ ਲਈ ਮਸ਼ਰੂਮ ਦੇ ਉਤਪਾਦਾਂ ਜਿਵੇਂ ਕਿ ਆਚਾਰ, ਪਾਪੜ, ਪਾਊਡਰ, ਵੜੀਆਂ, ਨਮਕੀਨ ਅਤੇ ਬਿਸਕੁਟ ਦੀ ਪ੍ਰੋਸੈੱਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੀ ਰਜਿੰਦਰ ਸਿੰਘ ਰੰਧਾਵਾ ਵੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਮਸ਼ਰੂਮ ਦੇ ਧੰਦੇ ਵਿੱਚ ਸ਼ਾਮਲ ਹੋ ਗਏ।

ਅੱਜ ਰੰਧਾਵਾ ਪਰਿਵਾਰ ਇੱਕ ਸਫ਼ਲ ਮਸ਼ਰੂਮ ਉਪਾਦਕ ਹੈ ਅਤੇ ਮਸ਼ਰੂਮ ਦੇ ਉਤਪਾਦਾਂ ਦਾ ਇੱਕ ਸਫ਼ਲ ਨਿਰਮਾਤਾ ਹੈ। ਬੀਜ ਦੀ ਤਿਆਰੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਕੰਮ ਪਰਿਵਾਰ ਦੇ ਮੈਂਬਰ ਸਭ ਕੁੱਝ ਖੁਦ ਕਰਦੇ ਹਨ। ਹਰਜਿੰਦਰ ਕੌਰ ਤੋਂ ਬਾਅਦ, ਇੱਕ ਹੋਰ ਮੈਂਬਰ ਮਨਦੀਪ ਸਿੰਘ(ਦੂਜਾ ਪੁੱਤਰ), ਜਿਸਨੇ ਇਸ ਵਪਾਰ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਅਤੇ ਉਸਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਸਾਰੇ ਉਤਪਾਦਾਂ ਦਾ ਨਿਰਮਾਣ ਅਤੇ ਉਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਦੇ ਹਨ। ਮੁੱਖ ਤੌਰ ‘ਤੇ ਉਹ ਆਪਣੀ ਦੁਕਾਨ(ਰੰਧਾਵਾ ਮਸ਼ਰੂਮ ਫਾਰਮ) ਦੇ ਮਾਧਿਅਮ ਨਾਲ ਕੰਮ ਕਰਦੇ ਹਨ, ਜੋ ਕਿ ਬਟਾਲਾ-ਜਲੰਧਰ ਰੋਡ ‘ਤੇ ਸਥਿਤ ਹੈ।

ਦੂਜੇ ਦੋ ਪੁੱਤਰ(ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ) ਵੀ ਰੰਧਾਵਾ ਮਸ਼ਰੂਮ ਫਾਰਮ ਚਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਮਸ਼ਰੂਮ ਦੀ ਖੇਤੀ, ਕਟਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਹੋਰ ਕੰਮਾਂ ਦਾ ਪ੍ਰਬੰਧ ਕਰਦੇ ਹਨ।

ਹਾਲਾਂਕਿ, ਪਰਿਵਾਰ ਦੇ ਪੁੱਤਰ ਹੁਣ ਸਾਰੇ ਕੰਮਾਂ ਦਾ ਪ੍ਰਬੰਧਨ ਕਰ ਰਹੇ ਹਨ, ਫਿਰ ਵੀ ਹਰਜਿੰਦਰ ਕੌਰ ਬਹੁਤ ਉਤਸ਼ਾਹ ਨਾਲ ਕਾਰੋਬਾਰ ਵਿੱਚ ਭਾਗ ਲੈਂਦੇ ਹਨ ਅਤੇ ਨਿੱਜੀ ਤੌਰ ‘ਤੇ ਖੇਤੀ ਅਤੇ ਉਤਪਾਦ ਤਿਆਰ ਕਰਨ ਵਾਲੀ ਜਗ੍ਹਾ ‘ਤੇ ਜਾਂਦੇ ਹਨ ਅਤੇ ਉੱਥੇ ਕੰਮ ਕਰ ਰਹੇ ਹੋਰਨਾਂ ਲੋਕਾਂ ਦੀ ਅਗਵਾਈ ਕਰਦੇ ਹਨ। ਹਰਜਿੰਦਰ ਕੌਰ ਜੀ ਮੁੱਖ ਸ਼ਖ਼ਸ ਹਨ ਜੋ ਉਨ੍ਹਾਂ ਕਿਰਤੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਸਫ਼ਾਈ ਅਤੇ ਕੁਆਲਿਟੀ ਦਾ ਧਿਆਨ ਰੱਖਦੇ ਹਨ।

ਹਰਜਿੰਦਰ ਕੌਰ ਆਪਣੀ ਆਉਣ ਵਾਲੀ ਤੀਜੀ ਪੀੜ੍ਹੀ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ …

” ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਪੀੜ੍ਹੀ ਵੀ ਸਾਡੇ ਵਪਾਰ ਦਾ ਹਿੱਸਾ ਹੋਵੇ। ਉਨ੍ਹਾਂ ਵਿੱਚੋਂ ਕੁੱਝ ਇੰਨੀ ਸਮਝ ਵਾਲੇ ਹਨ, ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਮਸ਼ਰੂਮ ਦੇ ਕਾਰੋਬਾਰ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਆਪਣੇ ਪੋਤੇ(ਮਨਜੀਤ ਸਿੰਘ ਦਾ ਪੁੱਤਰ, ਜੋ ਅਜੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ) ਨੂੰ ਮਸ਼ਰੂਮ ਰਿਸਰਚ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਇਸ ‘ਤੇ ਪੀ.ਐੱਚ.ਡੀ. ਕਰਨ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਹਾਂ।”

ਮਾਰਕਿਟ ਵਿੱਚ ਆਪਣੀ ਛਾਪ ਸਥਾਪਿਤ ਕਰਨਾ…

ਰੰਧਾਵਾ ਮਸ਼ਰੂਮ ਨੇ ਪਹਿਲਾਂ ਹੀ ਆਪਣੇ ਉਤਪਾਦਨ ਦੀ ਕੁਆਲਿਟੀ ਦੇ ਨਾਲ ਮਾਰਕਿਟ ਵਿੱਚ ਵੱਡੇ ਸਤਰ ‘ਤੇ ਆਪਣੀ ਮੌਜੂਦਗੀ ਦਰਜ ਕੀਤੀ ਹੈ। ਇਸ ਸਮੇਂ 70% ਉਤਪਾਦ(ਤਾਜ਼ਾ ਮਸ਼ਰੂਮ ਅਤੇ ਮਸ਼ਰੂਮ ਤੋਂ ਤਿਆਰ ਕੀਤੇ ਹੋਰ ਖਾਣਯੋਗ ਪਦਾਰਥ) ਉਨ੍ਹਾਂ ਦੀ ਆਪਣੀ ਦੁਕਾਨ ਦੇ ਮਾਧਿਅਮ ਨਾਲ ਹੀ ਵੇਚੇ ਜਾਂਦੇ ਹਨ ਅਤੇ ਬਾਕੀ 30% ਨੇੜਲੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੀ ਸਬਜ਼ੀ ਮੰਡੀ ਭੇਜੇ ਜਾਂਦੇ ਹਨ।

ਉਹ ਮਸ਼ਰੂਮ ਦੀਆਂ ਤਿੰਨ ਕਿਸਮਾਂ ਮਿਲਕੀ, ਬਟਨ ਅਤੇ ਓਈਸਟਰ ਉਗਾਉਂਦੇ ਹਨ, ਜੋ ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਇਨ੍ਹਾਂ ਤਿੰਨਾਂ ਕਿਸਮਾਂ ਵਿੱਚ ਲਾਗਤ ਘੱਟ ਆਉਂਦੀ ਹੈ ਅਤੇ ਆਮਦਨ 70 ਤੋਂ 80 ਰੁਪਏ (ਕੱਚੀ ਮਸ਼ਰੂਮ) ਪ੍ਰਤੀ ਕਿੱਲੋ ਦੇ ਲਗਭਗ ਹੁੰਦੀ ਹੈ। ਬਟਨ ਮਸ਼ਰੂਮ ਨੂੰ ਤੁੜਾਈ ਤੱਕ ਤਿਆਰ ਹੋਣ ਲਈ 20 ਤੋਂ 50 ਦਿਨ ਲੱਗਦੇ ਹਨ, ਜਦਕਿ ਓਈਸਟਰ(ਨਵੰਬਰ-ਅਪ੍ਰੈਲ) ਅਤੇ ਮਿਲਕੀ(ਮਈ-ਅਕਤੂਬਰ) ਕਿਸਮ ਨੂੰ ਤੁੜਾਈ ਲਈ ਤਿਆਰ ਹੋਣ ਵਿੱਚ 6 ਮਹੀਨੇ ਲੱਗਦੇ ਹਨ। ਫ਼ਸਲਾਂ ਤਿਆਰ ਹੋਣ ਅਤੇ ਤੁੜਾਈ ਦੇ ਸਮੇਂ ਕਾਰਨ ਇਨ੍ਹਾਂ ਦਾ ਵਪਾਰ ਸਦਾਬਹਾਰ ਹੁੰਦਾ ਹੈ।

ਰੰਧਾਵਾ ਪਰਿਵਾਰ…

ਨੂੰਹਾਂ ਸਮੇਤ ਪੂਰਾ ਪਰਿਵਾਰ ਵਪਾਰ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਉਹ ਖੁਦ ਸਾਰੇ ਉਤਪਾਦ ਘਰ ਵੀ ਤਿਆਰ ਕਰਦੇ ਹਨ। ਦੂਜਾ ਪੁੱਤਰ ਮਨਦੀਪ ਸਿੰਘ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੰਡੀਕਰਨ ਵਿਭਾਗ ਨੂੰ ਸੰਭਾਲਣ ਤੋਂ ਇਲਾਵਾ ਉਹ 2007 ਤੋਂ ਜੱਗ-ਬਾਣੀ ਅਖਬਾਰ ਵਿੱਚ ਇੱਕ ਰਿਪੋਰਟਰ ਦੇ ਤੌਰ ‘ਤੇ ਇੱਕ ਹੋਰ ਪੇਸ਼ਾ ਸੰਭਾਲ ਰਹੇ ਹਨ ਅਤੇ ਰਿਪੋਰਟਿੰਗ ਲਈ ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਲਈ ਕਦੇ ਕਦੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸ. ਰਜਿੰਦਰ ਸਿੰਘ ਰੰਧਾਵਾ ਜੀ ਦੁਕਾਨ ਸੰਭਾਲਦੇ ਹਨ।

ਅੱਜ-ਕੱਲ੍ਹ ਸਰਕਾਰ ਅਤੇ ਕ੍ਰਿਸ਼ੀ ਵਿਭਾਗ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਰਹੇ ਹਨ ਅਤੇ ਮਸ਼ਰੂਮ ਵੀ ਇਨ੍ਹਾਂ ਫ਼ਸਲਾਂ ‘ਚੋਂ ਇੱਕ ਹੈ, ਜਿਸਨੂੰ ਸਿੰਚਾਈ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਮਸ਼ਰੂਮ ਦੀ ਖੇਤੀ ਵਿੱਚ ਉੱਦਮ ਕਾਰਨ ਰੰਧਾਵਾ ਪਰਿਵਾਰ ਨੂੰ ਦੋ ਵਾਰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਅਤੇ ਸਮਾਰੋਹ ਅਤੇ ਮੇਲਿਆਂ ਵਿੱਚ ਤਹਿਸੀਲ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ 10 ਸਤੰਬਰ 2017 ਨੂੰ ਰੰਧਾਵਾ ਪਰਿਵਾਰ ਦੇ ਉੱਦਮ ਨੂੰ ਦੇਸ਼ ਭਰ ਵਿੱਚ ਮਸ਼ਰੂਮ ਰਿਸਰਚ, ਸੋਲਨ ਦੇ ਡਾਇਰੈਕਟੋਰੇਟ ਦੁਆਰਾ ਸਰਾਹਿਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੰਦੇਸ਼

ਕਿਸਾਨਾਂ ਲਈ ਸੰਦੇਸ਼-ਰੰਧਾਵਾ ਪਰਿਵਾਰ ਇਕੱਠੇ ਹੋ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਕਿਸਾਨਾਂ ਲਈ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।

“ਜੋ ਪਰਿਵਾਰ ਇਕੱਠਾ ਰਹਿੰਦਾ ਹੈ, ਉਹ ਸਫ਼ਲਤਾ ਬੜੀ ਅਸਾਨੀ ਨਾਲ ਪ੍ਰਾਪਤ ਕਰਦਾ ਹੈ। ਅੱਜ-ਕੱਲ੍ਹ ਕਿਸਾਨ ਨੂੰ ਏਕਤਾ ਦੀ ਸ਼ਕਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਅਤੇ ਸੰਪੱਤੀ ਨੂੰ ਵੰਡਣ ਦੀ ਥਾਂ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੰਡੀਕਰਨ ਦਾ ਕੰਮ ਖੁਦ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਤਮ-ਵਿਸ਼ਵਾਸ ਕਮਾਉਣ ਅਤੇ ਆਪਣੀ ਫਸਲ ਦਾ ਸਹੀ ਮੁੱਲ ਲੈਣ ਦਾ ਸਭ ਤੋਂ ਅਸਾਨ ਤਰੀਕਾ ਹੈ।