ਅੱਪਡੇਟ ਵੇਰਵਾ

3307-green_fodder_21st_oct.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-10-21 13:57:53

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਈ ਘਾਹ ਦੀ ਨਵੀਂ ਕਿਸਮ ਕੀਤੀ ਗਈ ਵਿਕਸਿਤ

ਹਾੜ੍ਹੀ ਚਾਰੇ ਦੀ ਨਵੀਂ ਕਿਸਮ- ਪੰਜਾਬ ਰਾਈ ਘਾਹ 2

ਹਾੜ੍ਹੀ ਦੇ ਚਾਰਿਆਂ ਵਿੱਚ ਰਾਈ ਘਾਹ ਦੀ ਆਪਣੀ ਹੀ ਮਹੱਤਤਾ ਹੈ ਕਿਉਂਕਿ ਰਾਈ ਘਾਹ ਹਾੜ੍ਹੀ ਦਾ ਇੱਕੋ ਹੀ ਗ਼ੈਰ ਫਲੀਦਾਰ ਚਾਰਾ ਹੈ, ਜੋ ਕਿ 5-6 ਕਟਾਈਆਂ ਦਿੰਦਾ ਹੈ ਅਤੇ ਪਸ਼ੂ ਰਾਈ ਘਾਹ ਦੇ ਹਰੇ ਚਾਰੇ ਨੂੰ ਬਹੁਤ ਸੁਆਦ ਨਾਲ ਖਾਂਦੇ ਹਨ। ਰਾਈ ਘਾਹ ਦਾ ਤਣਾ ਅਤੇ ਪੱਤੇ ਬਹੁਤ ਨਰਮ ਹੁੰਦੇ ਹਨ ਜਿਸ ਕਰਕੇ ਇਸ ਦਾ ਚਾਰਾ ਵਧੇਰੇ ਪਚਣਸ਼ੀਲ ਵੀ ਹੁੰਦਾ ਹੈ। ਪੌਸ਼ਟਿਕਤਾ ਪੱਖੋਂ ਵੀ ਰਾਈ ਘਾਹ ਦਾ ਚਾਰਾ ਜ਼ਰੂਰੀ ਖੁਰਾਕੀ ਤੱਤਾਂ ਤੋਂ ਭਰਪੂਰ ਹੁੰਦਾ ਹੈ। ਇਸ ਵਿਚ 16 ਫੀਸਦੀ ਪ੍ਰੋਟੀਨ ਅਤੇ 63.5 ਫੀਸਦੀ ਕੁੱਲ ਪਚਣਯੋਗ ਤੱਤ ਹੁੰਦੇ ਹਨ। ਰਾਈ-ਘਾਹ ਨੂੰ ਇਕੱਲਾ ਅਤੇ ਬਰਸੀਮ/ਸ਼ਫਤਲ/ਲੂਸਣ ਵਿੱਚ ਵੀ ਰਲਾ ਕੇ ਬੀਜਿਆ ਜਾਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰਾਈ-ਘਾਹ ਦੀ ਇੱਕ ਨਵੀਂ ਕਿਸਮ, ਪੰਜਾਬ ਰਾਈ ਘਾਹ 2 ਵਿਕਸਿਤ ਕੀਤੀ ਗਈ ਹੈ।

ਹਰੇ ਚਾਰੇ ਅਤੇ ਸੁੱਕੇ ਮਾਦੇ ਦਾ ਝਾੜ- ਪੰਜਾਬ ਰਾਈ ਘਾਹ 2 ਦੇ ਹਰੇ ਚਾਰੇ ਦਾ ਝਾੜ 807.8 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਸੁੱਕੇ ਮਾਦੇ ਦਾ ਝਾੜ 114.2 ਕੁਇੰਟਲ ਪ੍ਰਤੀ ਹੈਕਟੇਅਰ ਹੈ। ਜਦੋਂ ਕਿ ਪੰਜਾਬ ਰਾਈ ਘਾਹ 1 ਵਿੱਚ ਇਹ 100.2 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ।

ਚਾਰੇ ਦੀ ਗੁਣਵਤਾ- ਹਰੇ ਚਾਰੇ ਦੀ ਗੁਣਵਤਾ ਜਿਵੇਂ ਕਿ ਪ੍ਰੋਟੀਨ, ਰੇਸ਼ਾ ਅਤੇ ਪਚਣਸ਼ੀਲਤਾ ਦੇ ਅਧਾਰ 'ਤੇ ਵੀ ਰਾਈ ਘਾਹ ਦੀ ਕਿਸਮ, ਪੰਜਾਬ ਰਾਈ ਘਾਹ 2 ਪੁਰਾਣੀ ਕਿਸਮ ਪੰਜਾਬ ਰਾਈ ਘਾਹ 1 ਨਾਲੋਂ ਵਧੀਆ ਰਹੀ।

ਬਿਮਾਰੀਆਂ ਅਤੇ ਕੀੜੇ-ਮਕੌੜੇ- ਇਹ ਫ਼ਸਲ ਕੀੜੇ-ਮਕੌੜੇ ਤੇ ਬਿਮਾਰੀਆਂ ਤੋਂ ਬਿਲਕੁੱਲ ਮੁਕਤ ਹੈ ਤੇ ਇਸ ਫ਼ਸਲ 'ਤੇ ਕਿਸੇ ਵੀ ਕੀਟਨਾਸ਼ਕ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ।

ਖਾਸ ਗੁਣ- ਪੰਜਾਬ ਰਾਈ ਘਾਹ 2 ਦੇ ਪੌਦੇ ਲੰਮੇ ਅਤੇ ਪੱਤੇ ਚੌੜੇ ਹਨ। ਇਹ ਕਿਸਮ 5-6 ਕਟਾਈਆਂ ਦਿੰਦੀ ਹੈ ਅਤੇ ਇਸ ਦੀ ਅਖੀਰਲੀ ਕਟਾਈ ਕਿਸਾਨ ਵੀਰ ਬਿਜਾਈ ਤੋਂ 164 ਦਿਨਾਂ ਤੱਕ ਲੈ ਸਕਦੇ ਹਨ, ਭਾਵ ਕਿ ਪੰਜਾਬ ਰਾਈ ਘਾਹ 2, ਪੁਰਾਣੀ ਕਿਸਮ ਪੰਜਾਬ ਰਾਈ ਘਾਹ 1 ਨਾਲੋਂ ਵੱਧ ਸਮਾਂ ਹਰੀ ਰਹਿੰਦੀ ਹੈ।

ਮੌਸਮ ਅਤੇ ਜ਼ਮੀਨ- ਰਾਈ ਘਾਹ ਦੀ ਫ਼ਸਲ ਦਰਮਿਆਨੇ ਤਾਪਮਾਨ ਅਤੇ ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ ਵਧੀਆ ਉੱਗਦੀ ਹੈ ਅਤੇ ਵਧੇਰੇ ਵਧਦੀ-ਫੁੱਲਦੀ ਹੈ। ਰਾਈ ਘਾਹ ਠੰਡ ਵਿੱਚ ਚੰਗਾ ਚਾਰਾ ਦਿੰਦਾ ਹੈ ਅਤੇ ਇਸ ਦੀ ਬਿਜਾਈ ਲਈ ਖੇਤ ਤਿੰਨ ਚਾਰ ਵਾਰ ਵਾਹ ਕੇ ਅਤੇ ਹਰ ਵਾਹੀ ਪਿੱਛੋਂ ਸੁਹਾਗਾ ਫੇਰ ਕੇ ਪੱਧਰਾ ਤਿਆਰ ਕਰਨਾ ਚਾਹੀਦਾ ਹੈ।

ਬਿਜਾਈ ਦਾ ਸਮਾਂ- ਰਾਈ ਘਾਹ ਨੂੰ ਬੀਜਣ ਦਾ ਢੁੱਕਵਾਂ ਸਮਾਂ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਅਕਤੂਬਰ ਤੱਕ ਹੁੰਦਾ ਹੈ। ਬੀਜ ਵਾਲੀ ਫ਼ਸਲ ਨਵੰਬਰ ਤੱਕ ਬੀਜੀ ਜਾ ਸਕਦੀ ਹੈ । ਰਾਈ ਘਾਹ ਦਾ ਬੀਜ ਹਲਕਾ ਹੁੰਦਾ ਹੈ, ਇਸ ਕਰਕੇ ਬਿਜਾਈ ਲਈ 4 ਕਿਲੋ ਬੀਜ ਪ੍ਰਤੀ ਏਕੜ ਗਿੱਲੀ ਮਿੱਟੀ ਨਾਲ ਰਲਾ ਕੇ ਛੱਟਾ ਦੇਣਾ ਚਾਹੀਦਾ ਹੈ। ਬੀਜ ਦਾ ਛੱਟਾ ਦੇਣ ਤੋਂ ਬਾਅਦ ਛਾਪਾ ਫੇਰ ਕੇ ਪਾਣੀ ਲਾਉਣਾ ਚਾਹੀਦਾ ਹੈ।

ਖਾਦਾਂ- ਰਾਈ ਘਾਹ ਦੇ ਹਰੇ ਚਾਰੇ ਦੀ ਵੱਧ ਪੈਦਾਵਾਰ ਲਈ ਖਾਦਾਂ ਦੀ ਸੁਚੱਜੀ ਵਰਤੋਂ ਬਹੁਤ ਮਹੱਤਤਾ ਰੱਖਦੀ ਹੈ ਅਤੇ ਰਾਈ ਘਾਹ ਕਿਉਂਕਿ ਇੱਕ ਗੈਰ ਫਲੀਦਾਰ ਅਤੇ ਵੱਧ ਕਟਾਈਆਂ ਦੇਣ ਵਾਲਾ ਚਾਰਾ ਹੈ ਅਤੇ ਨਾਈਟ੍ਰੋਜਨ ਤੱਤ ਨੂੰ ਬਹੁਤ ਮੰਨਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜ੍ਹੀ ਦੀ ਖਾਦ ਅਤੇ ਬਿਜਾਈ ਸਮੇਂ 33 ਕਿਲੋ ਯੂਰੀਆ ਪਾਓ। ਫਿਰ ਬਿਜਾਈ ਤੋਂ 30 ਦਿਨਾਂ ਬਾਅਦ 33 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ, ਇਸ ਤੋਂ ਇਲਾਵਾ 66 ਕਿਲੋ ਯੂਰੀਆ ਪ੍ਰਤੀ ਏਕੜ ਹਰ ਕਟਾਈ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ । ਜਿਸ ਨਾਲ ਵਧੀਆ ਗੁਣਵੱਤਾ ਵਾਲਾ ਪੌਸ਼ਟਿਕਤਾ ਭਰਪੂਰ ਚਾਰਾ ਪ੍ਰਾਪਤ ਹੋ ਸਕੇ।

ਸਿੰਚਾਈ- ਰਾਈ ਘਾਹ ਨੂੰ ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਉਣਾ ਚਾਹੀਦਾ ਹੈ। ਦੂਜਾ ਪਾਣੀ ਪਹਿਲੇ ਪਾਣੀ ਤੋਂ 4-5 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ ਜੋ ਕਿ ਬੀਜ ਦੇ ਉੱਗਣ ਲਈ ਬਹੁਤ ਸਹਾਈ ਹੁੰਦਾ ਹੈ। ਬਾਕੀ ਦੇ ਪਾਣੀ ਜ਼ਮੀਨ ਅਤੇ ਮੌਸਮ ਅਨੁਸਾਰ ਤਕਰੀਬਨ 10 ਦਿਨਾਂ ਦੇ ਫਰਕ ਤੇ ਦਿੰਦੇ ਰਹਿਣਾ ਚਾਹੀਦਾ ਹੈ।

ਕਟਾਈ- ਰਾਈ ਘਾਹ ਦੀ ਪਹਿਲੀ ਕਟਾਈ ਲਈ ਚਾਰਾ ਬਿਜਾਈ ਤੋਂ 55 ਦਿਨਾਂ ਬਾਅਦ ਤਿਆਰ ਹੋ ਜਾਂਦਾ ਹੈ ਅਤੇ ਮਗਰੋਂ 30-35 ਦਿਨਾਂ ਦੇ ਵਕਫ਼ੇ ਨਾਲ ਕਟਾਈਆਂ ਆਉਂਦੀਆਂ ਹਨ। ਕਿਸਾਨ ਵੀਰ ਰਾਈ ਘਾਹ ਦੇ ਵਾਧੂ ਚਾਰੇ ਨੂੰ ਕੁੱਤਰ ਕੇ ਅਤੇ ਸੁਕਾ ਕੇ ਤੂੜੀ ਵਾਲੇ ਕੋਠੇ ਵਿੱਚ ਰੱਖ ਸਕਦੇ ਹਨ ਜੋ ਕਿ ਮਈ-ਜੂਨ ਵਿਚ ਜਦੋਂ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ, ਪਸ਼ੂਆਂ ਨੂੰ ਪਾਇਆ ਜਾ ਸਕਦਾ ਹੈ। ਕਿਸਾਨ ਵੀਰ ਇੱਕ ਹੋਰ ਗੱਲ ਧਿਆਨ ਵਿੱਚ ਰੱਖਣ ਕਿ ਰਾਈ ਘਾਹ ਦੀ ਫ਼ਸਲ ਤੇ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਰਾਈ ਘਾਹ ਨਦੀਨ ਨਾਸ਼ਕਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ।