ਅੱਪਡੇਟ ਵੇਰਵਾ

6213-new-makki.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-03-08 14:29:30

PAU, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਚਾਰੇ ਵਾਲੀ ਮੱਕੀ ਦੀ ਨਵੀਂ ਕਿਸਮ

ਚਾਰੇ ਵਾਲੀ ਮੱਕੀ ਦੀ ਨਵੀਂ ਕਿਸਮ: ਜੇ-1007

ਮੱਕੀ ਦੀ ਕਿਸਮ ਜੇ-1007 ਦੇ ਹਰੇ ਚਾਰੇ ਦਾ ਝਾੜ ਖੋਜ ਅਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕੀਤੇ ਤਜੁਰਬਿਆਂ ਦੇ ਅਧਾਰ 'ਤੇ 412.8 ਕੁਇੰਟਲ ਪ੍ਰਤੀ ਹੈਕਟੇਅਰ ਹੈ, ਜੋ ਮੱਕੀ ਦੀ ਪੁਰਾਣੀ ਕਿਸਮ ਜੇ 1006 ਨਾਲੋਂ 8.3 ਪ੍ਰਤੀਸ਼ਤ ਜ਼ਿਆਦਾ ਹੈ। ਖੋਜ ਤਜੁਰਬਿਆਂ ਵਿੱਚ ਜੇ-1007 ਵਿੱਚ ਸੁੱਕੇ ਮਾਦੇ ਦਾ ਝਾੜ 88.5 ਕੁਇੰਟਲ ਪ੍ਰਤੀ ਹੈਕਟੇਅਰ, ਜਦੋਂ ਕਿ ਜੇ 1006 ਵਿਚ ਇਹ 74.7 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ। ਜੇ 1007 ਅਤੇ ਜੇ 1006 ਦੇ ਅਚਾਰ ਦੀ ਗੁਣਵੱਤਾ ਵੀ ਪਰਖੀ ਗਈ। ਹਰੇ ਚਾਰੇ ਅਤੇ ਅਚਾਰ ਦੀ ਗੁਣਵੱਤਾ ਜਿਵੇਂ ਕਿ ਪ੍ਰੋਟੀਨ, ਰੇਸ਼ਾ ਅਤੇ ਪਚਣਸ਼ੀਲਤਾ ਦੇ ਅਧਾਰ 'ਤੇ ਵੀ ਮੱਕੀ ਦੀ ਕਿਸਮ ਜੇ 1007, ਪੁਰਾਣੀ ਕਿਸਮ ਜੇ 1006 ਨਾਲੋਂ ਵਧੀਆ ਰਹੀ। ਮੱਕੀ ਦੀ ਕਿਸਮ ਜੇ 1007 ਦੇ ਪੌਦੇ ਲੰਮੇ ਅਤੇ ਪੱਤੇ ਚੌੜੇ ਹਨ। ਇਸ ਦੀਆਂ ਛੱਲੀਆਂ ਲੰਮੀਆਂ, ਭਰਵੀਆਂ ਅਤੇ ਦਰਮਿਆਨੀਆਂ ਉੱਚੀਆਂ ਲੱਗਦੀਆਂ ਹਨ। ਇਸ ਕਿਸਮ ਨੂੰ ਝੁਲਸ ਰੋਗ ਘੱਟ ਲੱਗਦਾ ਹੈ।

ਬਿਜਾਈ- ਮੱਕੀ ਜੇ-1007 ਦੇ 30 ਕਿਲੋ ਬੀਜ ਨੂੰ 30 ਸੈਂਟੀਮੀਟਰ ਦੀਆਂ ਕਤਾਰਾ ਵਿਚ ਬੀਜਣਾ ਚਾਹੀਦਾ ਹੈ। ਬਿਜਾਈ ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ।ਪਰ ਮੱਕੀ ਦੇ ਇਕ ਕੀੜੇ ਫਾਲ ਆਰਮੀਵਾਰਮ ਦੇ ਹਮਲੇ ਕਰਕੇ ਬਿਜਾਈ ਅੱਧ ਅਪ੍ਰੈਲ ਤੋਂ ਅੱਧ ਅਗਸਤ ਤਕ ਕਰਨ ਨੂੰ ਤਰਜੀਹ ਦਿਉ। ਫਸਲ ਦੀ ਬਿਜਾਈ ਖਾਦ-ਬੀਜ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਜਾਂ ਜੀਰੋ ਟਿੱਲ ਡਰਿੱਲ ਨਾਲ, ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਵੀ ਬੀਜਿਆ ਜਾ ਸਕਦਾ ਹੈ।

ਖਾਦਾਂ ਅਤੇ ਨਦੀਨ ਨਾਸ਼ਕ- ਜੇਕਰ ਖੇਤ ਤਿਆਰ ਕਰਨ ਸਮੇਂ 10 ਟਨ ਦੇਸੀ ਰੂੜੀ ਦੀ ਖਾਦ ਪਾਈ ਹੋਵੇ ਤਾਂ ਮੱਕੀ ਨੂੰ ਜ਼ਿੰਕ, ਫਾਸਫੋਰਸ ਅਤੇ ਪੋਟਾਸ਼ ਤੱਤ ਪਾਉਣ ਦੀ ਲੋੜ ਨਹੀਂ ਹੈ। ਨਾਈਟਰੋਜਨ ਤੱਤ ਦਾ ਇੱਕ ਤਿਹਾਈ ਹਿੱਸਾ ਵੀ ਘੱਟ ਪਾਓ। ਦਰਮਿਆਨੀਆ ਜ਼ਮੀਨਾਂ ਵਿੱਚ ਬਿਜਾਈ ਸਮੇਂ 40  ਕਿਲੋ ਯੂਰੀਆ, 55 ਕਿਲੋ ਡੀ.ਏ.ਪੀ, 20 ਕਿਲੋ ਪੋਟਾਸ਼ ਪਾਓ ਅਤੇ 40 ਕਿਲੋ ਯੂਰੀਆ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ। ਨਦੀਨਾਂ ਦੀ ਰੋਕਥਾਮ ਲਈ 500 ਗ੍ਰਾਮ ਐਟਰਾਜ਼ੀਨ ਹਲਕੀਆਂ ਜ਼ਮੀਨਾਂ ਵਿਚ ਅਤੇ 800 ਗ੍ਰਾਮ ਐਟਰਾਜ਼ੀਨ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ 200 ਲੀਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ਇੱਕ-ਦੋ ਦਿਨਾਂ ਬਾਅਦ ਕਰੋ।

ਸਿੰਚਾਈ- ਗਰਮੀ ਰੁੱਤ ਦੀ ਚਾਰੇ ਵਾਲੀ ਮੱਕੀ ਨੂੰ 4-5 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਾਉਂਣੀ ਰੁੱਤ ਵਿੱਚ ਪਾਣੀ ਬਰਸਾਤ ਦੇ ਹਿਸਾਬ ਨਾਲ ਲਗਾਓ। ਬਰਸਾਤ ਸਮੇਂ ਖੇਤ ਵਿੱਚ ਖੜ੍ਹਾ ਪਾਣੀ ਖੇਤ ਵਿੱਚੋਂ ਬਾਹਰ ਕੱਢ ਦਿਓ।

ਕਟਾਈ- ਅਗੇਤੀ ਕਟਾਈ ਕਰਨ ਨਾਲ ਹਰੇ ਚਾਰੇ ਦਾ ਝਾੜ ਘੱਟ ਹੁੰਦਾ ਹੈ ਅਤੇ ਪਛੇਤੀ ਕਟਾਈ ਕਰਨ ਨਾਲ ਚਾਰੇ ਵਿੱਚ ਰੇਸ਼ੇ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਹਰੇ ਚਾਰੇ ਦੀ ਪਚਣਸ਼ਕਤੀ ਬਹੁਤ ਘੱਟ ਜਾਂਦੀ ਹੈ। ਇਸ ਲਈ ਕਟਾਈ, ਜਦੋਂ ਮੱਕੀ ਦੀ ਫਸਲ ਦੋਧੇ ਦੀ ਅਵਸਥਾ 'ਤੇ ਹੋਵੇ ਅਤੇ ਦਾਣੇ ਨਰਮ ਹੋਣ 'ਤੇ ਹੀ ਕਰੋ। ਇਸ ਵੇਲੇ ਦਾਣੇ ਅਤੇ ਟਾਂਡੇ ਨਰਮ ਹੁੰਦੇ ਹਨ ਤੇ ਪਸ਼ੂ ਅਸਾਨੀ ਨਾਲ ਹਜ਼ਮ ਕਰ ਸਕਦੇ ਹਨ। ਵਾਧੂ ਚਾਰੇ ਦਾ ਅਚਾਰ ਬਣਾ ਕੇ ਰੱਖਿਆ ਜਾ ਸਕਦਾ ਹੈ।