500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

August 16 2017

By: abp sanjha Date: 16 August 2017

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ ਕੰਮ-ਕਾਜ ਖੜ੍ਹਾ ਕਰ ਲਿਆ। ਇਹ ਮਜ਼ਾਕ ਨਹੀਂ ਹਕੀਕਤ ਹੈ। ਜਿਸ ਰਾਣੀ ਦੀ ਵਿੱਕਰੀ 500 ਰੁਪਏ ਵਿੱਚ ਹੋ ਰਹੀ ਹੈ, ਉਹ ਮਧੂ ਮੱਖੀਆਂ ਦੀ ਰਾਣੀ ਕ‍ਵੀਨ ਬੀ ਹੈ। ਇਨ੍ਹਾਂ ਦਾ ਬਿਜ਼ਨੈਸ ਕਰਨ ਵਾਲਾ ਵਿਅਕਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦਾ ਵਾਸੀ ਸਰਵਣ ਸਿੰਘ ਚੰਦੀ ਹੈ।

ਮਧੂ ਮੱਖੀਆਂ ਦੀ ਰਾਣੀ ਤਿਆਰ ਕਰਨ ਲਈ ਵਿਸ਼ੇਸ਼ ਕਿੱਟ ਦੀ ਜ਼ਰੂਰਤ ਹੁੰਦੀ ਹੈ, ਜੋ ਬ੍ਰਿਟੇਨ ਜਾਂ ਅਮਰੀਕਾ ਤੋਂ ਇੰਪੋਰਟ ਕੀਤੀ ਜਾਂਦੀ ਹੈ। ਰਾਣੀ ਮੱਖੀ ਤਿਆਰ ਕਰਨ ਲਈ 45 ਦਿਨ ਦਾ ਸਮਾਂ ਲੱਗਦਾ ਹੈ। ਸਾਰੀ ਪ੍ਰਕਿਰਿਆ 69 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਹੁੰਦੀ ਹੈ। ਇਸ ਨੂੰ ਸ਼ਹਿਦ ਉਤ‍ਪਾਦਨ ਕਰਨ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ।

ਕ‍ਵੀਨ-ਬੀ ਪਾਲਕ ਸਰਵਣ ਸਿੰਘ ਚੰਦੀ ਅਨੁਸਾਰ ਇੱਕ ਬਾਕਸ ਤੋਂ ਸ਼ਹਿਦ ਉਤਪਾਦਨ ਨਾਲ ਇੱਕ ਸਾਲ ਵਿੱਚ 2 ਤੋਂ 3 ਹਜ਼ਾਰ ਰੁਪਏ ਕਮਾਏ ਜਾ ਸਕਦੇ ਹਨ ਪਰ ਰਾਣੀ ਮੱਖੀ ਨਾਲ ਲੱਖਾਂ ਰੁਪਏ। ਇੱਕ ਬਰੀਡ ਬਾਕਸ ਵਿੱਚ 45 ਦਿਨਾਂ ਵਿੱਚ 300 ਰਾਣੀ ਮਧੂ ਮੱਖੀਆਂ ਬਣਾਈਆਂ ਜਾ ਸਕਦੀਆਂ ਹਨ। ਇੱਕ ਰਾਣੀ ਮਧੂ ਮੱਖੀ ਦੀ ਕੀਮਤ 500 ਰੁਪਏ ਤੋਂ ਵੀ ਜ਼ਿਆਦਾ ਹੁੰਦੀ ਹੈ। ਕੇਵਲ 45 ਦਿਨਾਂ ਬਾਅਦ ਹੀ ਇੱਕ ਬਰੀਡ ਬਾਕਸ ਤੋਂ 1.5 ਲੱਖ ਰੁਪਏ ਤੱਕ ਕਮਾਏ ਜਾ ਸਕਦੇ ਹਨ। ਜਦੋਂਕਿ ਸ਼ਹਿਦ ਉਤਪਾਦਨ ਵਿੱਚ ਜ਼ਿਆਦਾ ਵਕਤ ਲੱਗਦਾ ਹੈ। ਸ਼ਹਿਦ ਦੀ ਜ਼ਿਆਦਾ ਕੀਮਤ ਦੇ ਚੱਲਦੇ ਇੱਕ ਮੱਖੀ ਦੀ ਕੀਮਤ 800 ਰੁਪਏ ਤੱਕ ਹੋ ਜਾਂਦੀ ਹੈ।

ਕਿਸਾਨ ਚੰਦੀ ਨੇ ਖੇਤੀ ਦੇ ਸਹਾਇਕ ਧੰਦਿਆਂ ਵਿੱਚੋਂ ਮਧੂ ਮੱਖੀ ਪਾਲਨ ਨੂੰ ਰੀਝ ਨਾਲ ਅਪਣਾਇਆ ਹੈ। ਉਨ੍ਹਾਂ ਨੇ ਮਾਰਚ 1995 ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਨ ਦੀ ਟ੍ਰੇਨਿੰਗ ਲੈ ਕੇ 50 ਬਕਸੇ ਮੱਖੀਆਂ ਦੇ ਖ਼ਰੀਦ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਹੀ ਸਾਲ ਉਨ੍ਹਾਂ ਨੇ 350 ਕਿੱਲੋ ਸ਼ਹਿਦ ਪ੍ਰਾਪਤ ਕਰਕੇ ਇਸ ਕੰਮ ਨੂੰ ਹੋਰ ਲੱਗਣ ਨਾਲ ਕਰਨਾ ਸ਼ੁਰੂ ਕਰ ਦਿੱਤਾ।

ਸਾਲ 1996 ਵਿੱਚ ਉਨ੍ਹਾਂ ਨੇ ਸ਼ਹਿਦ ਦੀ ਮਾਰਕੀਟਿੰਗ ਕਰਨ ਲਈ ਆਪਣਾ ਸ਼ਹਿਦ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਮਾਰਕੀਟਿੰਗ ਮਹਿਕਮੇ ਤੋਂ ਐਗਮਾਰਕ ਕਰਵਾ ਲਿਆ। ਜ਼ਲਾਇਨ ਬਰਾਂਡ ਹਨੀਜ਼ ਦੇ ਨਾਂ ਹੇਠ ਪੈਕ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਧੁਨਿਕ ਪੈਕਿੰਗ ਕਰਨ ਦੀ ਟ੍ਰੇਨਿੰਗ ਲੈ ਕੇ ਆਪਣੇ ਸ਼ਹਿਦ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ 2011 ਵਿੱਚ ਸ਼ਹਿਦ ਪ੍ਰੋਸੈਸਿੰਗ ਇਕਾਈ ਦੀ ਸਥਾਪਨਾ ਕੀਤੀ ਤੇ ਉੱਚ ਮਿਆਰ ਦੀ ਪੈਕਿੰਗ ਕਰਕੇ ਆਪਣਾ ਸ਼ਹਿਦ ਵੇਚ ਰਹੇ ਹਨ। ਉਹ ਕਿਸਾਨ ਮੇਲਿਆਂ, ਸਭਿਆਚਾਰਕ ਮੇਲਿਆਂ ਤੇ ਹੋਰ ਥਾਵਾਂ ‘ਤੇ ਆਪਣੇ ਖੇਤੀ ਉਤਪਾਦਾਂ ਦਾ ਸਟਾਲ ਲਾ ਕੇ ਸ਼ਹਿਦ ਵੇਚਦੇ ਹਨ। ਉਹ ਸ਼ਹਿਦ ਦਾ ਮੰਡੀਕਰਨ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ (ਰਜਿ.) ਰਾਹੀਂ ਦੂਸਰੇ ਰਾਜਾਂ ਤੇ ਬਾਹਰਲੇ ਦੇਸ਼ਾਂ ਨੂੰ ਵੀ ਕਰਦੇ ਹਨ। ਮੌਜੂਦਾ ਸਮੇਂ ਵਿੱਚ ਉਨ੍ਹਾਂ ਪਾਸ 650 ਮੱਖੀਆਂ ਦੇ ਬਕਸੇ ਹਨ। ਸਾਲ 2002 ਵਿੱਚ ਸੰਗਰੂਰ ਵਿੱਚ ਹੋਏ ਰਾਜ ਪੱਧਰੀ ਸਮਾਗਮ ਵਿੱਚ ਉਸ ਸਮੇਂ ਦੇ ਖੇਤੀ ਮੰਤਰੀ ਚੌਧਰੀ ਅਜੀਤ ਸਿੰਘ ਨੇ ਸਹਿਕਾਰਤਾ ਵਿਭਾਗ ਵੱਲੋਂ ਉੱਦਮੀ ਕਿਸਾਨ ਐਵਾਰਡ ਨਾਲ ਸਨਮਾਨਤ ਕੀਤਾ।

ਮੱਖੀ ਪਾਲਨ ਤੋਂ ਇਲਾਵਾ ਉਨ੍ਹਾਂ ਕੋਲ ਆਪਣੀ ਵਿਰਾਸਤੀ ਜ਼ਮੀਨ ਕੇਵਲ 14 ਏਕੜ ਹੈ ਪਰ 16 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਹ ਇਸ ਵੇਲੇ ਕੁੱਲ 30 ਏਕੜ ਦੀ ਖੇਤੀ ਕਰ ਰਹੇ ਹਨ। ਪੀ.ਏ.ਯੂ ਦੇ ਸਾਇੰਸਦਾਨਾਂ ਵੱਲੋਂ ਪਾਣੀ ਬਚਾਉਣ ਤੇ ਖੇਤੀ ਖ਼ਰਚੇ ਘਟਾਉਣ ਦੀਆਂ ਸਿਫ਼ਾਰਸ਼ਾਂ ਅਨੁਸਾਰ ਉਹ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਆਲੂ, ਦਾਲਾਂ (ਕਾਲੇ ਛੋਲੇ), ਸ਼ਿਮਲਾ ਮਿਰਚ, ਸੂਰਜਮੁਖੀ ਤੇ ਬਰਸੀਮ (ਹਰਾ ਚਾਰਾ) ਦੀ ਖੇਤੀ ਕਰ ਰਹੇ ਹਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।