ਪੀਏਯੂ ਵੱਲੋਂ ਖੁਦਕੁਸ਼ੀਆਂ ਰੋਕਣ ਸੰਬੰਧੀ ਮੁਕਾਬਲੇ ਦੀ ਅੰਤਿਮ ਮਿਤੀ ਵਧਾਈ - ਹੁਣ 1 ਸਤੰਬਰ ਤਕ ਐਂਟਰੀਆਂ ਭੇਜ ਸਕਦੇ ਹੋ

August 29 2017

ਲੁਧਿਆਣਾ 29 ਅਗਸਤ-ਬੇਸਿਕ ਸਾਇੰਸਿਜ਼ ਅਤੇ ਹਿਊਮੈਨਟੀਜ਼ ਕਾਲਜ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੁਦਕੁਸ਼ੀਆਂ ਰੋਕਣ ਸੰਬਧੀ ਕਰਵਾਏ ਜਾ ਰਹੇ ਰਾਜ ਪੱਧਰੀ ਲੇਖ,ਕਵਿਤਾ ਮੁਕਾਬਲੇ ਦੀ ਅੰਤਿਮ ਮਿਤੀ ਵਧਾ ਕੇ 1 ਸਤੰਬਰ ਕਰ ਦਿੱਤੀ ਗਈ ਹੈ

ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜ ਵੰਨਗੀਆਂ ਹਨ- ਲੇਖ, ਕਵਿਤਾ, ਕਹਾਣੀ, ਨਾਅਰੇ ਅਤੇ ਪੋਸਟਰ ਬਣਾਉਣਾ। ਇਸ ਵਿੱਚ ਦੋ ਪੱਧਰ ਹਨ: ਪਹਿਲਾ ਨੌਵੀਂ ਤੋਂ 12 ਤੱਕ ਦੇ ਵਿਦਿਆਰਥੀ, ਦੂਜਾ 18 ਤੋਂ 35 ਸਾਲ ਤੱਕ ਦੇ ਪੰਜਾਬੀ ਨੌਜਵਾਨ। ਦਿੱਤੇ ਗਏ ਵਿਸ਼ੇ ਅਜਿਹੇ ਹਨ ਜਿਸ ਨਾਲ ਨੌਜਵਾਨਾਂ ਵਿੱਚ ਮੁਸ਼ਕਿਲਾਂ ਨਾਲ ਜੂਝਣ ਦੀ ਹਿੰਮਤ ਤੇ ਉਤਸ਼ਾਹ ਪੈਦਾ ਹੁੰਦਾ ਹੈ। ਇਹ ਵਿਸ਼ੇ ਹਨ: ਜੀਵਨ ਦੇ ਔਖੇ ਪਲ ਕਿਵੇਂ ਬਿਤਾਈਏ? ; ਖੁਦਕੁਸ਼ੀ: ਇਕ ਸਮੱਸਿਆ, ਹੱਲ ਨਹੀਂ ; ਜੂਝਦੇ ਰਹਿਣਾ ਹੀ ਪੰਜਾਬੀਆਂ ਦੀ ਪਛਾਣ ਹੈ ; ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ,ਨਾ ਚਿੰਤਾ ਰੋਗ ; ਭਾਈਚਾਰਾ ਵਧਾਈਏ - ਪਰੇਸ਼ਾਨੀਆਂ ਘਟਣਗੀਆਂ । 

ਲੇਖ ਦੀ ਸੀਮਾ 400-500 ਸ਼ਬਦ ਹਨ, ਕਵਿਤਾ ਲਈ ਘੱਟੋ-ਘੱਟ 8 ਲਾਈਨਾਂ, ਨਵੇਂ ਨਾਅਰੇ 3 ਤੋਂ 5 ਹੋਣ, ਪੋਸਟਰ ਦਾ ਸਾਈਜ਼ ਅੱਧਾ ਚਾਰਟ ਅਤੇ ਕਹਾਣੀ ਲਈ ਵੱਧ ਤੋਂ ਵੱਧ 1000 ਸ਼ਬਦ ਹੋਣੇ ਚਾਹੀਦੇ ਹਨ। ਮੁਕਾਬਲੇ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਕੋਈ ਵੀ ਭਾਸ਼ਾ ਇਸਤੇਮਾਲ ਕੀਤੀ ਜਾ ਸਕਦੀ ਹੈ।ਇੱਕ ਪ੍ਰਤਿਯੋਗੀ ਇੱਕ ਜਾਂ ਇੱਕ ਤੋਂ ਜਿਆਦਾ ਵੰਨਗੀਆ ਵਿੱਚ ਵੀ ਹਿੱਸਾ ਲੈ ਸਕਦਾ ਹੈ। ਜੇਤੂਆਂ ਨੂੰ ਯੂਨੀਵਰਸਿਟੀ ਦੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। 

ਐਂਟਰੀਆਂ psvpau0gmail.com ਜਾਂ ਹਾਰਡ ਕਾਪੀਆਂ ਡਾਕ ਰਾਹੀਂ ਖੇਤੀ ਪੱਤਰਕਾਰੀ ਭਸ਼ਾਵਾਂ ਅਤੇ ਸਭਿਆਚਾਰ ਵਿਭਾਗ, ਪੀ. ਏ. ਯੂ, ਲੁਧਿਆਣਾ ਵਿੱਚ ਭੇਜੀਆਂ ਜਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਇਸ 083606-84948 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਰ ਸਾਲ ਵਿਸ਼ਵ ਸਿਹਤ ਸੰਗਠਨ (WHO) ਅਤੇ ਖੁਦਕੁਸ਼ੀ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਐਸੋਸੀਏਸ਼ਨ (IASP) ਵਲੋਂ 10 ਸਤੰਬਰ ਨੂੰ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ- ਇੱਕ ਮਿੰਟ ਕੱਢੋ - ਇੱਕ ਜੀਵਨ ਬਦਲੋ।