ਝੁਨੀਰ ਖੇਤਰ ਦੇ ਪਿੰਡਾਂ ਵਿਚ ਚਿੱਟੀ ਮੱਖੀ ਅਤੇ ਜੂੰ ਦਾ ਨਰਮੇ ਦੀ ਫ਼ਸਲ 'ਤੇ ਵੱਡੇ ਪੱਧਰ 'ਤੇ ਹਮਲਾ

August 09 2017

By: Ajit Date: 9 August 2017

ਝੁਨੀਰ, 9 ਅਗਸਤ (ਸੁਰਜੀਤ ਵਸ਼ਿਸ਼ਟ)-ਬਲਾਕ ਝੁਨੀਰ ਦੇ ਪਿੰਡ ਸਾਹਨੇਵਾਲੀ, ਘੁੱਦੂਵਾਲਾ, ਬੁਰਜ, ਭਲਾਈਕੇ, ਦਸੌਾਦੀਆਂ, ਲਾਲਿਆਂਵਾਲੀ, ਉੱਲਕ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਘਾਟ ਅਤੇ ਮੀਂਹ ਘੱਟ ਪੈ ਜਾਣ ਫੈਲੀ ਖ਼ੁਸ਼ਕੀ ਕਾਰਨ ਚਿੱਟੀ ਮੱਖੀ ਅਤੇ ਜੂੰ ਨੇ ਨਰਮੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਹੈ | ਕਿਸਾਨ ਆਗੂ ਗੁਰਮੇਲ ਸਿੰਘ ਮਾਨ, ਕਾਮਰੇਡ ਜਸਵਿੰਦਰ ਸਿੰਘ, ਅਮਰੀਕ ਸਿੰਘ ਘੁਮਾਣ, ਜਗਸੀਰ ਸਿੰਘ ਅਤੇ ਡਾ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਭਾਵੇਂ ਕਿਸਾਨ ਚਿੱਟੀ ਮੱਖੀ ਅਤੇ ਜੂੰ ਦੀ ਮਾਰ ਵਿੱਚ ਆਈ ਨਰਮੇ ਦੀ ਫ਼ਸਲ 'ਤੇ ਕਈ-ਕਈ ਵਾਰ ਸਪਰੇਅ ਕਰ ਚੁੱਕੇ ਹਨ ਪ੍ਰੰਤੂ ਕੀਟਨਾਸ਼ਕਾਂ ਦੀ ਕੁਆਲਟੀ ਘਟੀਆ ਹੋਣ ਕਾਰਨ ਚਿੱਟੀ ਮੱਖੀ ਅਤੇ ਜੂੰ ਮਰਨ ਦਾ ਨਾ ਨਹੀਂ ਲੈ ਰਹੀ | ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਹੀ ਨਰਮਾ ਬੈਲਟ ਦੇ ਕਿਸਾਨ ਕੀਟਨਾਸ਼ਕਾਂ ਦੀ ਕੁਆਲਟੀ ਕਾਫ਼ੀ ਹਲਕੀ ਹੋਣ ਕਾਰਨ ਆਏ ਸਾਲ ਹੀ ਭਾਰੀ ਆਰਥਿਕ ਘਾਟੇ ਦਾ ਸਾਹਮਣਾ ਕਰ ਰਹੇ ਹਨ ਪ੍ਰੰਤੂ ਰਾਜ ਸਰਕਾਰ ਨੇ ਘਟੀਆ ਅਤੇ ਹਲਕੇ ਪੱਧਰ ਦੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਹੈ, ਜਿਸ ਕਾਰਨ ਅੱਜ ਕਿਸਾਨ ਤਬਾਹੀ ਦੇ ਕੰਡੇ 'ਤੇ ਪਹੁੰਚ ਚੱਕੇ ਹਨ | ਕਿਸਾਨ ਆਗੂਆਂ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਕੀਟਨਾਸ਼ਕ ਬਣਾਉਣ ਵਾਲੀਆਂ ਉਨ੍ਹਾਂ ਕੰਪਨੀਆਂ ਦੇ ਲਾਇਸੰਸ ਤੁਰੰਤ ਰੱਦ ਕਰੇ ਜਿਨ੍ਹਾਂ ਦੀਆਂ ਬਣਾਈਆਂ ਦਵਾਈਆਂ ਦੇ ਨਮੂਨੇ ਫ਼ੇਲ੍ਹ ਹੋ ਚੁੱਕੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਪੰਜਾਬ ਖੇਤੀਬਾੜੀ ਵਿਭਾਗ ਨੇ ਚਿੱਟੀ ਮੱਖੀ 'ਤੇ ਕਾਬੂ ਨਾ ਪਾਇਆ ਤਾਂ ਇਸ ਨਰਮਾ ਬੈਲਟ ਦੇ ਕਿਸਾਨਾਂ ਦੀ ਆਰਥਿਕਤਾ ਬਰਬਾਦ ਹੋ ਜਾਵੇਗੀ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।