ਖੇਤੀ ਵਿਭਾਗ ਵੱਲੋਂ ਭਰੇ ਕੀਟਨਾਸ਼ਕਾਂ ਦੇ 94 ਨਮੂਨੇ ਫੇਲ੍ਹ

August 17 2017

By: Punjabi Tribune Date:17 August 2017

ਖੇਤੀਬਾੜੀ ਵਿਭਾਗ ਵੱਲੋਂ ਕੀਟਨਾਸ਼ਕਾਂ ਦੇ ਭਰੇ ਨਮੂਨਿਆਂ ਵਿੱਚੋਂ 94 ਨਮੂਨੇ ਫੇਲ੍ਹ ਹੋ ਗਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਨਮੂਨੇ ਨਰਮਾ ਪੱਟੀ ਵਿੱਚੋਂ ਭਰੇ ਗਏ ਸਨ। ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ ਕਰ ਕੇ ਖੇਤੀ ਅਫ਼ਸਰਾਂ ਨੂੰ ਭਾਜੜਾਂ ਪੈ ਗਈਆਂ ਹਨ। ਖੇਤੀ ਵਿਭਾਗ ਨੇ ਫੌਰੀ ਕਾਰਵਾਈ ਕਰਦਿਆਂ ਅੱਧੀ ਦਰਜਨ ਕੀਟਨਾਸ਼ਕ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਤਿੰਨ ਕੰਪਨੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤੇ ਹਨ। ਖੇਤੀ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਵਿੱਚ ਹੁਣ ਤੱਕ ਭਰੇ ਨਮੂਨਿਆਂ ਦਾ ਲੇਖਾ-ਜੋਖਾ ਕੀਤਾ ਹੈ, ਜਿਸ ਵਿੱਚ ਸੱਤ ਫ਼ੀਸਦੀ ਨਮੂਨੇ ਫੇਲ੍ਹ ਆਏ ਹਨ।

ਵੇਰਵਿਆਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਪੰਜਾਬ ਭਰ ਵਿੱਚੋਂ ਪਹਿਲੀ ਅਪਰੈਲ ਤੋਂ 15 ਅਗਸਤ ਤੱਕ ਕੀਟਨਾਸ਼ਕਾਂ ਦੇ 2729 ਨਮੂਨੇ ਭਰੇ ਸਨ, ਜਿਨ੍ਹਾਂ ਵਿੱਚੋਂ 1333 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋ ਗਏ ਹਨ। ਇਨ੍ਹਾਂ ਨਮੂਨਿਆਂ ’ਚੋਂ 94 ਨਮੂਨੇ ਫੇਲ੍ਹ ਹੋ ਗਏ ਹਨ, ਜੋ ਨਰਮਾ ਪੱਟੀ ਨਾਲ ਸਬੰਧਤ ਹਨ। ਖੇਤੀ ਵਿਭਾਗ ਕੋਲ ਜੋ ਤਿੰਨ ਲੈਬਾਰਟਰੀਆਂ ਹਨ, ਉਨ੍ਹਾਂ ਦੀ ਸਮਰੱਥਾ 3900 ਨਮੂਨੇ ਟੈਸਟ ਕਰਨ ਦੀ ਹੈ ਅਤੇ ਹੁਣ ਵਿਭਾਗ ਸਮਰੱਥਾ ਵਿੱਚ ਵਾਧਾ ਕਰ ਰਿਹਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਗ਼ੈਰ-ਮਿਆਰੀ ਕੀਟਨਾਸ਼ਕ ਵੇਚਣ ਵਾਲਿਆਂ ਖ਼ਿਲਾਫ਼ ਫੌਰੀ ਕਾਰਵਾਈ ਕੀਤੀ ਜਾਵੇ। ਖੇਤੀ ਵਿਭਾਗ ਨੇ ਛੇ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਕੇਪੀਆਰ ਐਗਰੋ ਕੈਮੀਕਲ ਲਿਮਟਿਡ, ਮਾਸ ਕਰੌਪ ਸਾਇੰਸ, ਠਾਕੁਰ ਕੈਮੀਕਲਜ਼, ਸੈਸਕਾ ਕੌਰਮਨ, ਐਗਰੀ ਕੇਅਰ ਕੈਮੀਕਲਜ਼ ਆਦਿ ਸ਼ਾਮਲ ਹਨ। ਤਿੰਨ ਕੰਪਨੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਐਗਰੀ ਆਰਗੈਨਿਕ, ਵਿਕਾਸ ਆਰਗੈਨਿਕ ਤੇ ਹੈਦਰਾਬਾਦ ਕੈਮੀਕਲਜ਼ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੀ ਪੰਜਾਬ ਵਿੱਚ ਵਿਕਰੀ ਰੋਕ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਬਰਨਾਲਾ ਵਿੱਚੋਂ ਮਿਆਦ ਪੁੱਗੇ ਕੀਟਨਾਸ਼ਕ ਫੜੇ ਗਏ ਹਨ, ਜਿਸ ਕਰ ਕੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਹੜੇ 94 ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ਵਿੱਚੋਂ 31 ਨਮੂਨੇ ਕੰਪਨੀਆਂ ਦੇ ਵੱਡੇ ਗੋਦਾਮਾਂ ’ਚੋਂ ਭਰੇ ਗਏ ਸਨ। ਕੀਟਨਾਸ਼ਕ ਫੇਲ੍ਹ ਹੋਣ ਨਾਲ ਕੈਪਟਨ ਸਰਕਾਰ ਵੱਲੋਂ ਮਿਆਰੀ ਕੀਟਨਾਸ਼ਕ ਦਿੱਤੇ ਜਾਣ ਦੇ ਦਾਅਵੇ ਉਤੇ ਉਂਗਲ ਉੱਠੀ ਹੈ, ਜਿਸ ਕਾਰਨ ਸਰਕਾਰ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਮਾਮਲੇ ਵਿੱਚ ਕਈ ਪੁਲੀਸ ਕੇਸ ਵੀ ਦਰਜ ਹੋਏ ਹਨ।

ਕਈ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ: ਡਾਇਰੈਕਟਰ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਜਿਹੜੀਆਂ ਕੰਪਨੀਆਂ ਦੇ ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਬਾਕੀ ਤਿੰਨ ਕੰਪਨੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਹਨ। ਇਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਸੋਮਵਾਰ ਤੱਕ ਕੀਤੀ ਜਾਵੇਗੀ। ਫੀਲਡ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਥੋੜ੍ਹਾ ਮੀਂਹ ਪੈਣ ਕਰ ਕੇ ਚਿੱਟੀ ਮੱਖੀ ਤੋਂ ਰਾਹਤ ਮਿਲੀ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।