ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ

August 22 2017

By: ABP Sanjha, 22 August 2017

ਚੰਡੀਗੜ੍ਹ : ਖੇਤੀਬਾੜੀ ਵਿਭਾਗ ਵੱਲੋਂ ਕੱਲ੍ਹ ਦੇਰ ਸ਼ਾਮ ਗਿੱਦੜਬਾਹਾ ਦੀ ਬੀਜਾਂ ਤੇ ਕੀੜੇਮਾਰ ਦਵਾਈਆਂ ਦੀ ਦੁਕਾਨ ’ਤੇ ਉਸਦੇ ਤਿਲਕ ਨਗਰ ਸਥਿਤ ਗੋਦਾਮ ’ਤੇ ਛਾਪਾ ਮਾਰਿਆ।

ਇਸ  ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਸੀਨੀਅਰ ਮੀਤ  ਪ੍ਰਧਾਨ ਇਕਬਾਲ ਸਿੰਘ ਨੰਬਰਦਾਰ ਗਿੱਦੜਬਾਹਾ ਤੇ ਸਾਥੀਆਂ ਨੇ ਲਿਖਤੀ ਸ਼ਿਕਾਇਤ  ਦੇ ਕੇ ਗਿੱਦੜਬਾਹਾ ਦੀ ਬੀਜ ਤੇ ਕੀੜੇਮਾਰ ਦਵਾਈਆਂ ਦੀ ਫਰਮ ਕਿਸਾਨ ਬੀਜ ਭੰਡਾਰ ਸੱਟਾ  ਬਾਜ਼ਾਰ ਗਿੱਦੜਬਾਹਾ ’ਤੇ ਕਾਰਵਾਈ ਕਰਨ ਲਈ ਕਿਹਾ ਸੀ।

ਖੇਤੀਬਾੜੀ ਵਿਭਾਗ ਦੀ ਟੀਮ  ਨੇ ਨਾਇਬ ਤਹਿਸੀਲਦਾਰ ਗਿੱਦੜਬਾਹਾ ਮਨਿੰਦਰ ਸਿੰਘ ਤੇ ਪੁਲੀਸ ਪ੍ਰਸ਼ਾਸ਼ਨ ਦੀ ਮਦਦ  ਨਾਲ ਫਰਮ ਦੀ ਦੁਕਾਨ ਤੇ ਤਿਲਕ ਨਗਰ ਸਥਿਤ ਗੋਦਾਮ ’ਤੇ ਛਾਪੇਮਾਰੀ ਕਰਕੇ 33 ਵੱਖ ਵੱਖ  ਕਿਸਮ ਦੀਆਂ ਕੀੜੇਮਾਰ ਦਵਾਈਆਂ, ਬੀਜ ਅਤੇ ਖਾਦਾਂ ਆਦਿ ਖੇਤੀਬਾੜੀ ਨਾਲ ਸਬੰਧਤ ਸਾਮਾਨ ਬਰਾਮਦ ਕੀਤਾ। ਜਿਸ ’ਤੇ ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਤੋਂ ਇਲਾਵਾ ਫਰਮ ਵੱਲੋਂ ਆਪਣੇ ਤੌਰ ’ਤੇ ਸਟੈਪਿੰਗ ਵੀ ਕੀਤੀ ਹੋਈ ਸੀ।

ਅਣਧਿਕਾਰਤ ਗੋਦਾਮ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਤੇ ਬਿਨਾਂ ਬਿੱਲ ਤੇ  ਮਿਆਦ ਪੁੱਗੀਆਂ ਦਵਾਈਆਂ ਦੇ ਸੈਂਪਲ ਭਰ ਕੇ ਅਗਲੇਰੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ। ਗਿੱਦੜਬਾਹਾ ਪੁਲੀਸ ਨੂੰ ਫਰਮ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਵੀ ਜਾਰੀ  ਕਰ ਦਿੱਤੇ ਗਏ ਹਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।