ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡਾਂ ਦਾ ਦੌਰਾ

September 04 2020

ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਟੀਮ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਫ਼ਸਲਾਂ ਦਾ ਨਿਰੀਖ਼ਣ ਕੀਤਾ ਅਤੇ ਕਿਸਾਨਾਂ ਨੂੰ ਰਸਾਇਣਕ ਖਾਦਾਂ, ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਦੀ ਬਲਾਕ ਮਾਜਰੀ ਦੀ ਟੀਮ ਵੱਲੋਂ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਡਾ. ਗੁਰਬਚਨ ਸਿੰਘ ਨੇ ਪਿੰਡ ਸਿੰਘਪੁਰਾ ਵਿੱਚ ਕਿਸਾਨ ਸੁਖਪਾਲ ਸਿੰਘ ਦੇ ਫਾਰਮ ਉੱਤੇ ਝੋਨੇ ਅਤੇ ਬਾਸਮਤੀ ਦੇ ਖੇਤਾਂ ਦਾ ਨਿਰੀਖ਼ਣ ਕਰਦੇ ਹੋਏ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਪੱਤਲ-ਫੋਕ ਦੀ ਸਮੱਸਿਆ ਘੱਟ ਕਰਨ ਲਈ ਗੱਭ ਭਰਨ ਦੀ ਅਵਸਥਾ ਸਮੇਂ ਪੋਟਾਸ਼ੀਅਮ ਨਾਈਟਰੇਟ 1.5 % ਦਾ ਸਪਰੇਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਕਿਸਾਨ ਵੀਰ ਝੋਨੇ ਅਤੇ ਬਾਸਮਤੀ ਤੇ ਗੱਭ ਭਰਨ ਦੀ ਅਵਸਥਾ ਸਮੇਂ ਟਿਲਟ, ਨਟੀਵੋ, ਫੋਲੀਕਰ ਉਲੀਨਾਸ਼ਕ ਦਵਾਈਆਂ ਇਕ ਦੂਜੇ ਨੂੰ ਦੇਖੋ ਦੇਖੀ ਸਪਰੇਅ ਕਰੀ ਜਾ ਰਹੇ ਹਨ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਇਹ 9 ਦਵਾਈਆਂ ਦੀ ਸਪਰੇਅ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ ਇਸ ਲਈ ਝੋਨੇ ਦੀ ਫਸਲ ਦੇ ਗੱਭ ਭਰਨ ਦੀ ਅਵਸਥਾ ਸਮੇਂ 3 ਕਿੱਲੋ ਪੋਟਾਸ਼ੀਅਮ ਨਾਈਟਰੇਟ 1.5% (13-0-45) ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਮਿਲਾ ਕੇ ਗੋਲ ਨੋਜ਼ਲ ਨਾਲ ਸਪਰੇਅ ਕਰ ਦੇਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਫੁੱਲ ਪੈਣ ਉਪਰੰਤ ਕਿਸੇ ਤਰ੍ਹਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਝੋਨੇ ਦੀ ਫਸਲ ਵਿੱਚ ਦੁਸ਼ਮਣ ਕੀੜਿਆਂ ਦੀ ਗਿਣਤੀ ਨਾਲੋਂ ਮਿੱਤਰ ਕੀੜਿਆਂ( ਡਰੈਗਨ ਫਲਾਈ, ਡੈਮਸਲ ਫਲਾਈ ਅਤੇ ਮੱਕੜੀਆਂ) ਦੀ ਸੰਖਿਆ ਜ਼ਿਆਦਾ ਹੈ ਅਤੇ ਫ਼ਸਲ ਵਧੀਆ ਖੜ੍ਹੀ ਹੈ ਕਿਸੇ ਵੀ ਕਿਸਮ ਦੀ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਫਸਲ ਪੱਕਣ ਦੇ ਅਖੀਰੀ ਰਹਿੰਦੇ 3-4 ਹਫ਼ਤੇ ਕੀਟਨਾਸ਼ਕ ਤੇ ਉਲੀਨਾਸ਼ਕ ਦਵਾਈਆਂ ਦੀ ਵਰਤੋਂ ਸਾਵਧਾਨੀ ਪੂਰਵਕ ਕਰਨੀ ਚਾਹੀਦੀ ਹੈ। ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਹੁਣ ਸਤੰਬਰ ਮਹੀਨੇ ਸੁਚੇਤ ਰਹਿ ਕੇ ਆਪਣੇ ਖੇਤਾਂ ਦਾ ਨਿਰੰਤਰ ਨਿਰੀਖ਼ਣ ਕਰਦੇ ਰਹਿਣਾ ਚਾਹੀਦਾ ਹੈ ਅਗਰ ਕੋਈ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਖੇ ਤਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਸਪਰੇਅ ਕੀਤੀ ਜਾਵੇ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune