ਮੁਰਗੀ ਪਾਲਣ ਜਾਂ ਹੋਰ ਪਸ਼ੂ ਆਧਾਰਿਤ ਉਤਪਾਦਾਂ ਦੀ ਕੋਵਿਡ-19 ਦੇ ਫੈਲਾਅ ਵਿਚ ਕੋਈ ਭੂਮਿਕਾ ਨਹੀਂ - ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ

August 21 2020

ਵਿਸ਼ਵ ਪਸ਼ੂ ਸਿਹਤ ਸੰਗਠਨ, ਭਾਰਤੀ ਮੀਟ ਵਿਗਿਆਨ ਸੰਗਠਨ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਭਾਰਤ ਸਰਕਾਰ ਨੇ ਇਕ ਅਧਿਸੂਚਨਾ ਜਾਰੀ ਕਰਕੇ ਕਿਹਾ ਹੈ ਕਿ ਕੋਵਿਡ-19 ਦੇ ਮਨੁੱਖਾਂ ਵਿਚ ਫੈਲਾਅ ਸੰਬੰਧੀ ਮੁਰਗੀ ਪਾਲਣ ਦੀ ਕੋਈ ਭੂਮਿਕਾ ਨਹੀਂ ਹੈ।ਇਹ ਜਾਣਕਾਰੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਵਿਗਿਆਨਕ ਖੋਜਾਂ ਸਪੱਸ਼ਟ ਕਰਦੀਆਂ ਹਨ ਕਿ ਕੋਰੋਨਾਵਾਇਰਸ ਸਿਰਫ ਮਨੁੱਖਾਂ ਤੋਂ ਮਨੁੱਖਾਂ ਵਿਚ ਹੀ ਫੈਲ ਰਿਹਾ ਹੈ।ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਜੇ ਕੋਈ ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਪਸ਼ੂਆਂ ਦੇ ਪ੍ਰਬੰਧਨ ਅਤੇ ਪਸ਼ੂਆਂ ਦੇ ਉਤਪਾਦਾਂ ਦੇ ਰੱਖ-ਰਖਾਅ ਦਾ ਕੰਮ ਨਹੀਂ ਕਰਨਾ ਚਾਹੀਦਾ।ਉਸ ਦੇ ਰਾਹੀਂ ਇਹ ਵਾਇਰਸ ਉਤਪਾਦਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਡਾ. ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਫਾਰਮਾਂ ਤੇ ਕੰਮ ਕਰਦੇ ਕਿਰਤੀਆਂ, ਦੁੱਧ ਚੋਣ ਵਾਲੇ ਅਤੇ ਸਾਂਭ ਸੰਭਾਲ ਵਾਲੇ ਕਾਮਿਆਂ, ਡੇਅਰੀ, ਮੀਟ ਉਦਯੋਗ ਅਤੇ ਮੀਟ ਦੁਕਾਨਾਂ ਤੇ ਕਾਰਜਸ਼ੀਲ ਕਾਰੋਬਾਰੀਆਂ ਨੂੰ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਜੇ ਕਿਸੇ ਨੂੰ ਬੁਖਾਰ, ਖੰਘ, ਉਲਟੀ, ਦਸਤ ਜਾਂ ਔਖਾ ਸਾਹ ਲੈਣ ਆਦਿ ਦੇ ਲੱਛਣ ਦਿਸਦੇ ਹੋਣ ਤਾਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਆਪਣੇ ਕੰਮ ਵਾਲੇ ਸਥਾਨ ਤੇ ਨਹੀਂ ਆਉਣਾ ਚਾਹੀਦਾ।ਅਜਿਹੇ ਵਿਅਕਤੀ ਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਅਤੇ ਪ੍ਰਭਾਵਿਤ ਹੋਣ ਤੇ ਸਵੈ-ਇਕਾਂਤਵਾਸ ਵਿਚ ਰਹਿਣਾ ਚਾਹੀਦਾ ਹੈ।

ਕਾਰੋਬਾਰੀਆਂ ਨੂੰ ਆਪਣੇ ਸਾਰੇ ਕਿਰਤੀਆਂ ਨੂੰ ਆਮ ਸਾਫ ਸਫਾਈ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਲਈ ਕਹਿਣਾ ਚਾਹੀਦਾ ਹੈ ਜਿਵੇਂ ਹੱਥਾਂ ਨੂੰ ਥੋੜ੍ਹੇ ਸਮੇਂ ਬਾਅਦ ਸੈਨੇਟਾਈਜ਼ ਕਰਨਾ ਜਾਂ ਧੋਂਦੇ ਰਹਿਣਾ, ਮੂੰਹ ਅਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣਾ।ਕੰਮ ਦੀ ਥਾਂ ਅਤੇ ਜਨਤਕ ਜਗ੍ਹਾ ਤੇ ਥੁੱਕਣ, ਛਿੱਕ ਮਾਰਨ ਅਤੇ ਖੰਘਣ ਤੋਂ ਬਚਾਅ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਿਮਾਰੀ ਦਾ ਫੈਲਾਅ ਹੋ ਸਕਦਾ ਹੈ।ਸਾਰਿਆਂ ਨੂੰ ਪ੍ਰੋਟੀਨ ਆਧਾਰਿਤ ਭੋਜਨ ਲੈਣਾ ਚਾਹੀਦਾ ਹੈ ਜਿਸ ਨਾਲ ਕਿ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਬਣੀ ਰਹੇ।

ਉਪ-ਕੁਲਪਤੀ ਨੇ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਜਨਤਕ ਸੰਚਾਰ ਮਾਧਿਅਮਾਂ ਰਾਹੀਂ ਅਫ਼ਵਾਹਾਂ ਫੈਲਾਉਂਦੀਆਂ ਸੂਚਨਾਵਾਂ ਅਤੇ ਵੀਡੀਓ ਫ਼ਿਲਮਾਂ ਲੋਕਾਂ ਨੂੰ ਨਾ ਭੇਜੀਆਂ ਜਾਣ।ਅਜਿਹੀ ਗ਼ਲਤ ਸੂਚਨਾ ਨਾਲ ਆਂਡਿਆਂ, ਮੁਰਗੀ ਪਾਲਣ ਅਤੇ ਮੀਟ ਆਧਾਰਿਤ ਕਾਰੋਬਾਰ ਦੇ ਉਤਪਾਦਾਂ ਦੀ ਮੰਗ ਤੇ ਨਾਂਹ-ਪੱਖੀ ਅਸਰ ਪੈਂਦਾ ਹੈ ਅਤੇ ਆਮ ਉਪਭੋਗੀ ਇਨ੍ਹਾਂ ਪ੍ਰੋਟੀਨ ਆਧਾਰਿਤ ਉਤਪਾਦਾਂ ਤੋਂ ਪਾਸਾ ਵੱਟ ਲੈਂਦਾ ਹੈ ਜੋ ਕਿ ਉਨ੍ਹਾਂ ਦੀ ਸਿਹਤ ਲਈ ਮਾੜਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਦੁੱਧ, ਮੀਟ ਅਤੇ ਪੋਲਟਰੀ ਉਤਪਾਦਾਂ ਨੂੰ ਜੇ ਅਸੀਂ ਸਹੀ ਤਰੀਕੇ ਨਾਲ ਪਕਾ ਕੇ ਵਰਤਦੇ ਹਾਂ ਤਾਂ ਸਾਰੇ ਵਾਇਰਸ ਆਦਿ ਖਤਮ ਹੋ ਜਾਂਦੇ ਹਨ।ਸਾਫ ਸੁਥਰੇ ਭੋਜਨ ਅਤੇ ਭੋਜਨ ਨੂੰ ਪਕਾ ਕੇ ਖਾਣ ਦੇ ਢੰਗ ਬਾਰੇ ਸਾਨੂੰ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਪਸ਼ੂ ਸਿਹਤ ਸੰਗਠਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਲੋਕ ਸੰਪਰਕ ਦਫ਼ਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran