ਗ੍ਰਾਹਕ ਨਾ ਮਿਲਣ ਕਾਰਨ ਖਰਾਬ ਹੋ ਰਹੇ ਸੈਂਕੜੇ ਟਨ ਅਨਾਰ

April 14 2020

ਆਮ ਤੌਰ ‘ਤੇ ਗਰੀਬਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ ਮਹਿੰਗੇ ਫਲ ਅਨਾਰ ਨੂੰ ਹੁਣ ਖਰੀਦਦਾਰ ਨਹੀਂ ਮਿਲ ਰਹੇ। ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੌਰਾਨ ਪੱਛਮੀ ਰਾਜਸਥਾਨ ਦੇ ਅਨਾਰ ਉਤਪਾਦਕ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਸਥਿਤੀ ਇਹ ਹੈ ਕਿ ਸੈਂਕੜੇ ਟਨ ਅਨਾਰ ਖ਼ਰਾਬ ਹੋਣ ਲੱਗਿਆ ਹੈ।

ਇਹੀ ਨਹੀਂ ਜੋ ਅਨਾਰ ਵਿਕ ਰਿਹਾ ਹੈ, ਉਹ ਵੀ ਕਿਸਾਨਾਂ ਨੂੰ ਘੱਟ ਕੀਮਤ ‘ਤੇ ਵੇਚਣਾ ਪੈ ਰਿਹਾ ਹੈ। ਪੱਛਮੀ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਜਲੌਰ, ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿਚ ਅਨਾਰ ਲਗਭਗ 6 ਹਜ਼ਾਰ ਹੈਕਟੇਅਰ ਰਕਬੇ ਵਿਚ ਉਗਾਇਆ ਜਾਂਦਾ ਹੈ। ਸਿਰਫ ਬਾੜਮੇਰ ਜ਼ਿਲੇ ਵਿਚ ਹੀ ਰਾਜਸਥਾਨ ਦਾ ਇਕ ਤਿਹਾਈ ਅਨਾਰ ਪੈਦਾ ਹੁੰਦਾ ਹੈ।

ਬਾੜਮੇਰ ਤੋਂ ਅਨਾਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਚਲਦਿਆਂ ਅਨਾਰ ਦੂਜੇ ਸੂਬਿਆਂ ਵਿਚ ਜਾਣਾ ਬੰਦ ਹੋ ਗਿਆ ਹੈ, ਜਦਕਿ ਰਾਜਸਥਾਨ ਵਿਚ ਵੀ ਇਸ ਦੀ ਵਿਕਰੀ ਵਿਚ ਭਾਰੀ ਗਿਰਾਵਟ ਆ ਗਈ ਹੈ।

ਉਹਨਾਂ ਦੱਸਿਆ ਕਿ ਪਿਛਲੇ ਸਾਲ ਅਨਾਰ 58 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਪਰ ਹੁਣ 30 ਤੋਂ 32 ਰੁਪਏ ਕਿਲੋ ਵਿਚ ਹੀ ਇਸ ਨੂੰ ਵੇਚਣਾ ਪੈ ਰਿਹਾ ਹੈ, ਜੇਕਰ ਉਹ ਅਨਾਰ ਨਹੀਂ ਵੇਚਦੇ ਤਾਂ ਇਹ ਖਰਾਬ ਹੋ ਸਕਦੇ ਹਨ। ਕਿਸਾਨਾਂ ਨੇ ਗਹਿਲੋਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਅਨਾਰ ਨੂੰ ਕੋਲਡ ਸਟੋਰੇਜ ਵਿਚ ਰੱਖਣ ਦਾ ਮੁਫਤ ਪ੍ਰਬੰਧ ਕੀਤਾ ਜਾਵੇ ਤਾਂ ਕਿਸਾਨ ਇਸ ਸੰਕਟ ਤੋਂ ਬਚ ਸਕਦੇ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ