ਕਿਸਾਨਾਂ ਨੇ ਮੰਨਿਆ ਕਿ ਅਣਗਹਿਲੀ ਹੋ ਜਾਣ ਕਾਰਨ ਅਜਿਹਾ ਕਰਨਾ ਪਿਆ

July 23 2020

ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਵਿਚ ਫ਼ਸਲ ਵਾਹ ਕੇ ਦੁਬਾਰਾ ਝੋਨਾ ਲਾਇਆ ਹੈ, ਇਹ ਉਨ੍ਹਾਂ ਦੀ ਮਰਜ਼ੀ ਕਾਰਨ ਹੋਇਆ ਹੈ। ਕਿਸਾਨਾਂ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ 24 ਮੰਟਿਆਂ ਦੇ ਅੰਦਰ ਅੰਦਰ ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਹੈ, ਜਿਨ੍ਹਾਂ ਕਿਸਾਨਾਂ ਨੇ ਦਵਾਈ ਦੇ ਛਿੜਕਾ ਵਿਚ ਦੇਰੀ ਕੀਤੀ ਉਨ੍ਹਾਂ ਦੇ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਅਤੇ ਫਿਰ ਕਾਬੂ ਵਿਚ ਨਹੀਂ ਆਉਂਦਾ।

ਇਹ ਜਾਣਕਾਰੀ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਪੁਛੇ ਜਾਣ ਤੇ ਦਿਤੀ। ਉਨ੍ਹਾਂ ਨੂੰ ਪੁਛਿਆ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਦੀ ਫ਼ਸਲ ਵਾਹ ਕੇ ਦੁਬਾਰਾ ਪੁਰਾਣੇ ਢੰਗ ਨਾਲ ਝੋਨਾ ਬੀਜਿਆ ਹੈ ਉਸ ਦਾ ਕੀ ਕਾਰਨ ਹੈ। ਉਨ੍ਹਾਂ ਮੰਨਿਆ ਕਿ ਕੁੱਝ ਕਿਸਾਨਾਂ ਨੇ ਇਸ ਤਰ੍ਹਾਂ ਕੀਤਾ ਹੈ ਪਰ ਉਨ੍ਹਾਂ ਦੀ ਸੰਖਿਆ ਬਾਹੁਤ ਥੋਹੜੀ ਹੈ। ਸਾਰੇ ਪੰਜਾਬ ਵਿਚ ਮੁਸ਼ਕਲ ਨਾਲ 25-30 ਹਜ਼ਾਰ ਏਕੜ ਵਿਚ ਦੁਬਾਰਾ ਬਿਜਾਈ ਹੋਈ ਹੈ।

ਪਰ ਸਿਧੀ ਬਿਜਾਈ ਰਾਹੀ ਬੀਜਿਆ ਗਿਆ ਝੋਨਾ ਇਸ ਸਮੇਂ 5 ਲੱਖ 50 ਹਜ਼ਾਰ ਹੈਕਟੇਅਰ ਵਿਚ ਖੜ੍ਹਾ ਹੈ ਅਤੇ ਇਹ ਫ਼ਸਲ ਬਾਹੁਤ ਹੀ ਵਧੀਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਜ਼ਮੀਨ ਵਿਚ ਝੋਨਾ ਦੁਬਾਰਾ ਲਾਇਆ ਗਿਆ ਉਹ ਕਿਸਾਨਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਸ. ਪੰਨੂੰ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਲਾਏ ਝੋਨੇ ਦੀ ਫ਼ਸਲ ਬਾਹੁਤ ਵਧੀਆ ਹੈ ਕਿ ਭਵਿਖ ਵਿਚ ਕਿਸਾਨ ਇਸ ਦੀ ਵਰਤੋਂ ਪਹਿਲ ਦੇ ਆਧਾਰ ਤੇ ਕਰਨਗੇ।

ਸਪੋਕਸਮੈਨ ਦੇ ਪੱਤਰਕਾਰ ਨੇ ਫ਼ਰੀਦਕੋਟ ਅਤੇ ਮੁਕਤਸਰ ਦੇ ਕੁੱਝ ਕਿਸਾਨਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਣਗਹਿਲੀ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕੁੱਝ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿਖ ਵਿਚ ਖੇਤ ਨੂੰ ਦੋ ਵਾਰ ਰਾਉਣੀ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਕਰਨਗੇ।

ਇਸ ਤਰ੍ਹਾਂ ਕਰਨ ਨਾਲ ਇਕ ਤਾਂ ਨਦੀਨ ਨਹੀਂ ਰਹੇਗਾ ਅਤੇ ਤਿੰਨ ਹਫ਼ਤਿਆਂ ਲਈ ਪਾਣੀ ਦੇਣ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਕਿਸਾਨਾਂ ਨੇ ਸਿਧੀ ਬਿਜਾਈ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ 6 ਹਜ਼ਾਰ ਰੁਪਏ ਪਰ ਏਕੜ ਦੀ ਬਚਤ ਹੋਈ ਹੈ ਅਤੇ ਪਾਣੀ ਦੀ ਬਚਤ ਹੋਈ ਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman