ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ, ਪ੍ਰਬੰਧ ਮੁਕੰਮਲ

April 15 2020

ਮੁਹਾਲੀ ਇਲਾਕੇ ਦੀਆਂ ਅਨਾਜ ਮੰਡੀਆਂ ਵਿੱਚ 15 ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਤੋਂ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੀਆਂ ਸਮੂਹ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ੍ਰੀ ਸ਼ਰਮਾ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਭਾਗੋਮਾਜਰਾ ਦੇ ਫੋਕਲ ਪੁਆਇੰਟ ਦੇ ਖ਼ਰੀਦ ਕੇਂਦਰ ਦਾ ਦੌਰਾ ਕਰਕੇ ਸਰਕਾਰੀ ਖ਼ਰੀਦ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਸਬੰਧੀ ਸੂਬਾ ਪੱਧਰੀ ਕੰਟਰੋਲ ਰੂਮ ਮੰਡੀ ਬੋਰਡ ਪੰਜਾਬ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਸਥਾਪਿਤ ਕੀਤਾ ਗਿਆ ਹੈ ਜਦੋਂਕਿ ਮੁਹਾਲੀ ਤਹਿਸੀਲ ਸਮੇਤ ਖਰੜ, ਕੁਰਾਲੀ, ਬਲਾਕ ਮਾਜਰੀ, ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਰਾਓਂ ਦੇ ਕਿਸਾਨਾਂ ਦੀ ਸਹੂਲਤ ਲਈ ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਡੀਸੀ ਦਫ਼ਤਰ ਕੰਪਲੈਕਸ ਵਿੱਚ ਸਥਾਪਤ ਕੀਤਾ ਗਿਆ ਹੈ।

ਇਸ ਮੌਕੇ ਸ੍ਰੀ ਸ਼ਰਮਾ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚ ਫੜਾਂ ਦੀ ਸਫ਼ਾਈ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਵੇਂ ਪੱਕੇ ਕੀਤੇ ਫੜਾਂ ਦਾ ਲੋੜੀਂਦਾ ਰਸਤਾ ਜੋੜਨ, ਬਿਜਲੀ ਅਤੇ ਪਾਣੀ ਦੀ ਵਿਵਸਥਾ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾਉਣ ਲਈ ਨਿਸ਼ਾਨ ਲਗਾਏ ਗਏ ਹਨ। ਸ੍ਰੀ ਸ਼ਰਮਾ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਫਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ ਤੇ ਮੰਡੀਆਂ ਵਿੱਚ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੰਡੀਆਂ ਨੂੰ ਸੈਨੇਟਾਈਜ ਕਰਨ ਅਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਨੂੰ ਮੂੰਹ ’ਤੇ ਮਾਸਕ ਲਗਾਉਣ ਲਈ ਕਿਹਾ ਗਿਆ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ, ਮੰਡੀ ਸੁਪਰਵਾਈਜ਼ਰ ਹਰਪਾਲ ਸਿੰਘ ਸਮੇਤ ਭਾਗੋਮਾਜਰਾ ਦੇ ਸਰਪੰਚ ਅਵਤਾਰ ਸਿੰਘ, ਬੈਂਰੋਪੁਰ ਦੇ ਸਰਪੰਚ ਸੁਦੇਸ਼ ਕੁਮਾਰ ਗੋਗਾ, ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ ਮੌਜੂਦ ਸਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ