ਅੱਜ ਜਿੱਥੇ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ ਉੱਥੇ ਪੰਜਾਬ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜ੍ਹਨਾ ਇਕ ਚੁਣੌਤੀ ਹੈ, ਇਸ ਸਬੰਧੀ ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕੁਝ ਸੁਝਾਅ ਦਿੱਤੇ ਹਨ।
ਇਸ ਤੋਂ ਇਲਾਵਾ ਸੁਰੱਖਿਆ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਦੂਜੇ ਵਿਅਕਤੀ ਕੋਲੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖੇਤ ਵਿਚ ਕੰਮ ਕਰਨ ਦੌਰਾਨ ਸੁਰੱਖਿਆ ਵਸਤਰ, ਦਸਤਾਨੇ ਅਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਕਿਸੇ ਦਾ ਜੂਠਾ ਪਾਣੀ ਜਾਂ ਖਾਣਾ ਖਾਣ ਤੋਂ ਗੁਰੇਜ਼ ਕਰਨਾ ਅਤੇ ਛਿੱਕ ਜਾਂ ਖੰਘ ਆਉਣ ਤੇ ਮੂੰਹ ਢਕਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਥੋੜ੍ਹੇ ਥੋੜ੍ਹੇ ਵਕਫ਼ੇ ਤੋਂ ਬਾਅਦ ਆਪਣੇ ਹੱਥ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਾਅ ਕਰ ਕੇ ਅਸੀਂ ਬਿਮਾਰੀ ਤੋ ਬਚ ਕੇ ਵਾਢੀ ਦਾ ਕੰਮ ਨੇਪਰੇ ਚਾੜ੍ਹ ਸਕਦੇ ਹਾਂ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਤਰੀਕੇ ਨਾਲ ਮਸ਼ੀਨਰੀ ਦੀ ਵਰਤੋਂ ਲਈ ਮਸ਼ੀਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤਕ ਹੀ ਚਲਾਉਣਾ ਚਾਹੀਦਾ ਹੈ। ਵਾਢੀ ਵੇਲੇ ਫ਼ਸਲ ਪੂਰੀ ਤਰ੍ਹਾਂ ਸੁੱਕੀ ਹੋਵੇ ਤਾਂ ਵਧੇਰੇ ਚੰਗਾ ਹੈ। ਇਸ ਤੋਂ ਇਲਾਵਾ ਅੱਗ ਲੱਗਣ ਤੋਂ ਬਚਾਅ ਲਈ ਕੁਝ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਹੇਵੰਦ ਹੋਵੇਗੀ। ਮਸ਼ੀਨਰੀ ਚ ਤਾਰਾਂ ਦੇ ਜੋੜ ਅਤੇ ਬੈਟਰੀ ਦੇ ਟਰਮੀਨਲ ਕੱਸ ਕੇ ਰੱਖਣੇ ਚਾਹੀਦੇ ਹਨ ਕਿਉਂਕਿ ਮਸ਼ੀਨਰੀ ਸਟਾਰਟ ਕਰਨ ਵੇਲੇ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਟਰੈਕਟਰ ਦੇ ਸਾਈਲੈਂਸਰ ਵਿੱਚੋਂ ਨਿਕਲਣ ਵਾਲੀਆਂ ਚੰਗਿਆੜਿਆਂ ਨਾਲ ਅੱਗ ਲੱਗਣ ਦਾ ਖ਼ਦਸ਼ਾ ਰਹਿੰਦਾ ਹੈ, ਇਸ ਲਈ ਸਾਈਲੈਂਸਰ ਦਾ ਮੂੰਹ ਉੱਪਰ ਨੂੰ ਹੋਵੇ।
ਟਰਾਂਸਫਾਰਮਰ ਦੇ ਆਸਪਾਸ ਦੀ ਇਕ ਮਰਲਾ ਕਣਕ ਨੂੰ ਪਹਿਲਾਂ ਹੀ ਵੱਢ ਲੈਣਾ ਚਾਹੀਦਾ ਹੈ ਤਾਂ ਜੋ ਬਚਾਅ ਹੋ ਸਕੇ। ਸਿੱਲ੍ਹੀ ਫ਼ਸਲ ਦਾ ਨਾੜ ਵੀ ਥਰੈਸ਼ਰ ਦੀ ਸ਼ਾਫਟ ਨਾਲ ਲਿਪਟ ਕੇ ਅੱਗ ਦਾ ਕਾਰਨ ਬਣ ਸਕਦਾ ਹੈ। ਇਸ ਲਈ ਵਢਾਈ ਲਈ ਫ਼ਸਲ ਦੇ ਪੂਰੀ ਤਰ੍ਹਾਂ ਸੁੱਕਣ ਦੀ ਉਡੀਕ ਕਰੋ। ਸਟਰਾਅ ਰੀਪਰ ਦੇ ਕਟਰ ਨੂੰ ਜੇ ਜ਼ਮੀਨ ਦੇ ਜ਼ਿਆਦਾ ਨੇੜੇ ਰੱਖ ਕੇ ਚਲਾਇਆ ਜਾਵੇ ਤਾਂ ਵੀ ਇੱਟਾਂ ਦੇ ਟੁਕੜੇ, ਡਲੇ ਆਦਿ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ। ਲੋੜ ਪੈਣ ਤੇ ਬਚਾਅ ਲਈ ਨੇੜੇ ਦੇ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰ ਕੇ ਕਿਸਾਨ ਆਪਣੀ ਫ਼ਸਲ ਦੀ ਸੁਰੱਖਿਅਤ ਵਢਾਈ ਵਿਚ ਜ਼ਰੂਰ ਕਾਮਯਾਬ ਹੋਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ