ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ’ਚ ਸ਼ਾਮਲ ਹੋ ਸਕਦੀਆਂ ਨੇ 2000 ਵਧੇਰੇ ਤੋਂ ਕਿਸਾਨ ਬੀਬੀਆਂ

December 16 2020

ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਨਾਲ ਲਗਦੀਆਂ ਸਰਹੱਦਾਂ ’ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋ ਸਕਦਾ ਹੈ। ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਵਾਰਾਂ ਦੀਆਂ 2000 ਤੋਂ ਵੱਧ ਬੀਬੀਆਂ ਉੱਥੇ ਕੁੱਝ ਦਿਨਾਂ ’ਚ ਪਹੁੰਚ ਸਕਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਮਹੀਲਾਵਾਂ ਲਈ ਪ੍ਰਬੰਧ ਕਰ ਰਹੇ ਹਾਂ। ਤੰਬੂ ਲਗਾਏ ਗਏ ਹਨ, ਅਲੱਗ ਤੋਂ ਲੰਗਰ ਚਲਾਉਣ ਦੀ ਯੋਜਨਾ ਬਣਾਈ ਗਈ ਹੈ ਅਤੇ ਵਾਧੂ ਪਖਾਨਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਵੱਖ-ਵੱਖ ਸੂਬਿਆਂ ਦੇ ਕਿਸਾਨ ਸਤੰਬਰ ’ਚ ਪਾਸ ਹੋਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਨਾਲ ਲਗਦੇ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ’ਤੇ 2 ਹਫ਼ਤਿਆਂ ਤੋਂ ਡਟੇ ਹੋਏ ਹਨ। ਇਸ ਦੇ ਮੱਦੇਨਜ਼ਰ ਕਈ ਮਾਰਗ ਬੰਦ ਕੀਤੇ ਗਏ ਹਨ ਅਤੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਵਿਕਲਪਿਕ ਰਸਤਿਆਂ ਤੋਂ ਜਾਣ ਦੀ ਸਲਾਹ ਦਿਤੀ ਗਈ ਹੈ। ਪੁਲਿਸ ਨੇ ਦਸਿਆ ਕਿ ਸਿੰਘੂ, ਔਚੰਦੀ, ਪਿਆਊ ਮਨਿਆਰੀ, ਸਬੋਲੀ ਅਤੇ ਮੰਗੇਸ਼ ਬਾਰਡਰ ਬੰਦ ਹਨ ਲੋਕਾਂ ਨੂੰ ਲਾਮਪੁਰ, ਸਾਫ਼ੀਆਬਾਦ ਅਤੇ ਸਿੰਘੂ ਸਕੂਲ ਟੋਲ ਟੈਕਸ ਬਾਰਡਰ ਤੋਂ ਹੋ ਕੇ ਵਿਕਲਪਿਕ ਮਾਰਗ ’ਤੇ ਜਾਣ ਲਈ ਕਿਹਾ ਗਿਆ ਹੈ ਅਤੇ ਮੁਕਰਬਾ ਅਤੇ ਜੀਟੀਕੇ ਰੋਡ ਤੋਂ ਆਵਾਜਾਈ ਬਦਲ ਦਿਤੀ ਗਈ ਹੈ। 

ਉਨ੍ਹਾਂ ਕਿਹਾ ਕਿ ਆਉਟਰ ਰਿੰਗ ਰੋਡ, ਜੀਟੀਕੇ ਰੋਡ ਅਤੇ ਐਨਐਚ-44 ’ਤੇ ਜਾਣ ਤੋਂ ਬਚੋ।  ਪ੍ਰਦਰਸ਼ਨ ਕਾਰਨ ਗਾਜੀਆਬਾਦ ਤੋਂ ਦਿੱਲੀ ਆਉਣ ਵਾਲੇ ਲੋਕਾਂ ਲਈ ਗਾਜੀਪੁਰ ਬਾਰਡਰ ਬੰਦ ਰਹਿਣਗੇ। ਲੋਕਾਂ ਨੂੰ ਅਨੰਦ ਵਿਹਾਰ, ਡੀਐਨਡੀ, ਚਿੱਲਾ, ਅਪਸਰਾ ਅਤੇ ਭੋਮਪੁਰਾ ਬਾਰਡਰ ਤੋਂ ਹੋ ਕੇ ਆਉਣ ਦੀ ਸਲਾਹ ਦਿਤੀ ਜਾਂਦੀ ਹੈ। ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਸਥਲ ’ਤੇ ਕਈ ਬੈਰੀਕੇਡ ਲਗਾਏ ਗਏ ਹਨ ਅਤੇ ਵਾਧੂ ਪੁਲਿਸ ਬਲ ਤੈਨਾਤ ਹਨ। ਸੱਭ ਤੋਂ ਪਹਿਲਾਂ ਉਥੇ ਕੰਡਿਆਲੀ ਤਾਰਾਂ ਲਗਾਈਆਂ ਗਈਆਂ ਹਨ। ਇਸ ਦੇ ਬਾਅਦ ਦਿੱਲੀ ਪੁਲਿਸ ਨੇ ਬੈਰੀਕੇਡ ਲਗਾਏ ਹਨ, ਜਿਸ ਦੇ ਕੋਲ ਆਰ.ਏ.ਐਫ਼ ਅਤੇ ਅਰਧ ਸੈਨਿਕ ਬਲ ਦੇ ਕਰਮੀ ਤੈਨਾਤ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman