ਲੁਧਿਆਣਾ ’ਚ ਨੌਜਵਾਨਾਂ ਨੇ ਲਾਇਆ ‘ਸਿੰਘੂ ਮੋਰਚਾ’

December 30 2020

ਖੇਤੀ ਕਾਨੂੰਨ ਵਿਰੋਧ ਦਿੱਲੀ ਬਾਰਡਰਾਂ ’ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦਾ ਸਾਥ ਦੇਣ ਲਈ ਲੁਧਿਆਣਾ ਦੇ ਸ਼ਹਿਰੀ ਕਾਫ਼ੀ ਕੰਮ ਕਰ ਰਹੇ ਹਨ। ਕਿਸਾਨਾਂ ਦੇ ਹੌਂਸਲੇ ਵਧਾਉਣ ਲਈ ਹੁਣ ਲੁਧਿਆਣਾ ਦੇ ਨੌਜਵਾਨਾਂ ਨੇ ਕਮਾਨ ਸਾਂਭੀ ਹੈ। ਜੋ ਲੋਕ ਦਿੱਲੀ ਬੈਠੇ ਕਿਸਾਨਾਂ ਦਾ ਸਾਥ ਦੇਣ ਨਹੀਂ ਜਾ ਸਕਦੇ, ਉਨ੍ਹਾਂ ਦੇ ਲਈ ਲੁਧਿਆਣਾ ਦੇ ਨੌਜਵਾਨਾਂ ਨੇ ‘ਸਿੰਘੂ ਮੋਰਚਾ’ ਲੁਧਿਆਣਾ ਬਣਾ ਦਿੱਤਾ ਹੈ। ਲੁਧਿਆਣਾ ਦੇ ਨੌਜਵਾਨਾਂ ਨੇ ਕਿਸਾਨਾਂ ਦੇ ਵਾਂਗ ਹੀ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਬਾਹਰ ਪੱਕੇ ਤੌਰ ’ਤੇ ਮੋਰਚੇ ਲਗਾ ਦਿੱਤੇ ਹਨ। ਲੁਧਿਆਣਾ ਦੇ ਦੁੱਗਰੀ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਬਾਹਰ ਲਗਾਏ ਗਏ ਧਰਨੇ ਨੂੰ ‘ਸਿੰਘੂ ਮੋਰਚਾ’ ਲੁਧਿਆਣਾ ਦਾ ਨਾਂ ਦਿੱਤਾ ਗਿਆ ਹੈ, ਜਿੱਥੇ 24 ਘੰਟੇ ਧਰਨਾ ਜਾਰੀ ਹੈ ਤੇ ਨੌਜਵਾਨ ਦਿਨ ਰਾਤ ਡਿਊਟੀ ਦੇ ਰਹੇ ਹਨ। ਇਨ੍ਹਾਂ ਹੀ ਨਹੀਂ ਲੁਧਿਆਣਾ ਦੇ ਇਹ ਨੌਜਵਾਨ ਪੰਪ ’ਤੇ ਲਗਾਏ ਗਏ ਧਰਨੇ ਰਾਹੀਂ ਹੀ ਕਿਸਾਨਾਂ ਨੂੰ ਸਮਰਥਨ ਦੇ ਲਈ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ। ਪੈਟਰੋਲ ਪੰਪਾਂ ਨੂੰ ਪਿਛਲੇ ਪੰਜ ਦਿਨਾਂ ਤੋਂ ਪੱਕੇ ਤੌਰ ’ਤੇ ਹੀ ਬੰਦ ਕਰਵਾ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਜੀਤ ਪ੍ਰਿੰਸ, ਗੋਲਡੀ ਅਰਨੇਜ਼ਾ ਤੇ ਗੁਰਪਾਲ ਸਿੰਘ ਸਰਾਭਾ ਨੇ ਦੱਸਿਆ ਕਿ ਇੱਥੇ ਉਨ੍ਹਾਂ ਨੇ ਸਿੰਘੂ ਮੋਰਚੇ ਦੇ ਨਾਂ ਹੇਠ ਹੀ ਲੁਧਿਆਣਾ ਸਿੰਘੂ ਮੋਰਚਾ ਬਣਾ ਦਿੱਤਾ ਹੈ, ਜਿੱਥੇ ਕਿਸਾਨਾਂ ਵਾਂਗ ਨੌਜਵਾਨ ਧਰਨਾ ਲਗਾ ਕੇ ਬੈਠੇ ਹਨ ਤੇ ਉੱਥੇ ਆਉਣ ਵਾਲੇ ਲੋਕਾਂ ਨੂੰ ਕਿਸਾਨਾਂ ਦੇ ਸਮਰਥਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਥੇ ਪੱਕੇ ’ਤੇ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਕਰਵਾ ਦਿੱਤੇ ਤੇ ਜੀਓ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਦੱਸਿਆ ਕਿ ਇਸ ਮੋਰਚੇ ਦੇ ਰਾਹੀ ਲੋਕਾਂ ਦੀਆਂ ਗੱਡੀਆਂ, ਮੋਟਰਸਾਈਕਲ ਸਕੂਟਰਾਂ ’ਤੇ ਵੀ ਕਿਸਾਨਾਂ ਦੇ ਸਮਰਥਨ ਦੇ ਲਈ ਝੰਡੀਆਂ ਤੇ ਸਟਿੱਕਰ ਲਗਾਏ ਜਾ ਰਹੇ ਹਨ, ਨਾਲ ਹੀ ਜੋ ਲੋਕ ਦਿੱਲੀ ਜਾਣਾ ਚਾਹੁੰਦੇ ਜਾਂ ਦਿੱਲੀ ਵਿਚ ਕੋਈ ਸਮਾਨ ਭੇਜਣਾ ਚਾਹੁੰਦੇ ਹਨ, ਉਹ ਵੀ ਇੱਥੋਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਦੁੱਗਰੀ ਤੇ ਬਸਤੀ ਜੋਧੇਵਾਲ ਇਲਾਕੇ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ ਹਨ, ਜਿਨ੍ਹਾਂ ਨੂੰ ਪੱਕੇ ਤੌਰ ’ਤੇ ਬੰਦ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਵਿਜੈ, ਸੁਖਵਿੰਦਰ ਸਿੰਘ, ਆਕਾਸ਼, ਸਿਮਰ ਸਿੰਘ ਤੇ ਮਨਪ੍ਰੀਤ ਸਿੰਘ ਧਰਨੇ ’ਤੇ ਬੈਠੇ ਹੋਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune