ਲੁਧਿਆਣਾ ਦਾ ਸਿੰਘੂ ਮੋਰਚਾ ਬਣਿਆ ਖਿੱਚ ਦਾ ਕੇਂਦਰ

December 31 2020

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਦਾ ਸਾਥ ਦੇਣ ਲਈ ਲੁਧਿਆਣਾ ਵਿਚ ਦਿੱਲੀ ਦੀ ਤਰਜ਼ ’ਤੇ ਲਾਇਆ ਸਿੰਘੂ ਮੋਰਚਾ ਹੁਣ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਦੁਗਰੀ ਰਿਲਾਇੰਸ ਪੈਟਰੋਲ ਪੰਪ ਅੱਗੇ ਇਸ ਮੋਰਚੇ ਵਿਚ ਵੱਡੀ ਗਿਣਤੀ ’ਚ ਨੌਜਵਾਨ ਪੁੱਜ ਰਹੇ ਹਨ, ਦਿਨ ਰਾਤ ਇੱਥੇ ਅੰਬਾਨੀ ਤੇ ਅਡਾਨੀ ਦੇ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ ਹੈ। ਸਿੰਘੂ ਮੋਰਚੇ ਵਾਂਗ ਹੀ ਇਥੇ ਵੀ ਸਮੇਂ-ਸਮੇਂ ’ਤੇ ਲੋਕ ਹਿੱਸਾ ਲੈਣ ਪੁੱਜ ਰਹੇ ਹਨ, ਉੱੱਥੇ ਵਾਂਗ ਹੀ ਇਥੇ ਕੀਰਤਨ ਸਮਾਗਮ ਤੇ ਹੋਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।

ਰਿਲਾਇੰਸ ਪੈਟਰੋਲ ਪੰਪ ਬੰਦ ਕਰਕੇ ਸਿੰਘੂ ਮੋਰਚਾ ਲਾ ਕੇ ਬੈਠੇ ਨੌਜਵਾਨ ਗੁਰਿੰਦਰ ਜੀਤ ਪ੍ਰਿੰਸ, ਗੋਲਡੀ ਅਰਨੇਜ਼ਾ ਤੇ ਗੁਰਪਾਲ ਸਿੰਘ ਸਰਾਭਾ ਨੇ ਦੱਸਿਆ ਕਿ ਲੁਧਿਆਣਾ ਦੇ ਸ਼ਹਿਰੀ ਪਹਿਲੇ ਦਿਨ ਤੋਂ ਕਿਸਾਨਾਂ ਨੂੰ ਵੱਡਾ ਸਮਰਥਨ ਦੇ ਰਹੇ ਹਨ। ਕਿਸਾਨਾਂ ਦੀ ਜ਼ਰੂਰਤ ਦਾ ਸਾਮਾਨ ਇਕੱਠਾ ਕਰਕੇ ਲੁਧਿਆਣਾ ਦੇ ਲੋਕ ਲਗਾਤਾਰ ਭੇਜ ਰਹੇ ਹਨ, ਲੋਕਾਂ ਨੂੰ ਦਿੱਲੀ ਲਿਜਾਉਣ ਲਈ ਮੁਫ਼ਤ ਬੱਸ ਸੇਵਾ ਵੀ ਸ਼ੁਰੂ ਹੈ। ਇਸ ਦੇ ਬਾਵਜੂਦ ਸ਼ਹਿਰ ਵਿਚ ਕਈ ਲੋਕ ਅਜਿਹੇ ਹਨ ਕਿ ਉਹ ਕਿਸਾਨਾਂ ਦਾ ਸਾਥ ਤਾਂ ਦੇਣਾ ਚਾਹੁੰਦੇ ਹਨ, ਪਰ ਕਿਸੇ ਕਾਰਨ ਦਿੱਲੀ ਨਹੀਂ ਜਾ ਸਕਦੇ ਅਤੇ ਇਸੀ ਕਾਰਨ ਲੁਧਿਆਣਾ ਦੇ ਨੌਜਵਾਨਾਂ ਨੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਲੁਧਿਆਣਾ ਵਿਚ ਹੀ ਸਿੰਘੂ ਮੋਰਚਾ ਤਿਆਰ ਲਾ ਦਿੱਤਾ। ਜਾਣਕਾਰੀ ਮੁਤਾਬਿਕ ਇਥੇ ਦਿਨ ਰਾਤ ਧਰਨਾ ਜਾਰੀ ਹੈ ਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ ਜਾਂਦੀ ਹੈ। ਪ੍ਰਿੰਸ ਨੇ ਦੱਸਿਆ ਕਿ ਸਿੰਘੂ ਮੋਰਚੇ ਵਾਂਗ ਹੀ ਲੁਧਿਆਣਾ ਦੇ ਮੋਰਚੇ ਵਿਚ ਪ੍ਰਦਰਸ਼ਨ ਕਰਨ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ, ਕੀਰਤਨ ਸਮਾਗਮ, ਪਾਠ ਤੇ ਲੋਕਾਂ ਦੇ ਮੋਟਰਸਾਈਕਲ ਸਕੂਟਰਾਂ ਤੇ ਕਿਸਾਨਾਂ ਦੀਆਂ ਝੰਡੀਆਂ ਲਗਾਉਣ ਦਾ ਕੰਮ ਜਾਰੀ ਹੈ, ਇਥੇ ਵੱਡੀ ਗਿਣਤੀ ਵਿਚ ਰੋਜ਼ਾਨਾਂ ਨੌਜਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਇੱਥੇ 24 ਘੰਟੇ ਧਰਨਾ ਜਾਰੀ ਹੈ।

ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਲਿਆਂਦੇ ਕਾਨੂੰਨਾਂ ਵਿਰੁੱਧ ਤਹਿਸੀਲ ਪੱਧਰੀ ਧਰਨੇ ਦਿੱਤੇ ਅਤੇ ਰੋਸ ਰੈਲੀਆਂ ਕੱਢੀਆਂ। ਸਮਰਾਲਾ ਤਹਿਸੀਲ ਦੀ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਤਹਿਸੀਲ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਆਪਣੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਤਹਿਸੀਦਾਰ ਸਮਰਾਲਾ ਨੂੰ ਸੌਂਪਿਆ। ਮੰਗ ਪੱਤਰ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ’ਤੇ ਗੁਰਦਾਸ ਸਿੰਘ ਮਾਨੂੰਪੁਰ, ਮੇਵਾ ਸਿੰਘ ਭੌਰਲਾ, ਜਸਦੇਵ ਸਿੰਘ ਅਤੇ ਸਿਕੰਦਰ ਸਿੰਘ ਮੁੰਡਿਆਲਾ ਖੁਰਦ ਹਾਜ਼ਰ ਸਨ।

ਇਸੇ ਤਰ੍ਹਾਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ ਦੇ ਸੱਦੇ ’ਤੇ ਵੱਖ-ਵੱਖ ਪਿੰਡਾਂ ਵਿਚ ਮਗਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਰੋਸ ਮੁਜ਼ਾਹਰਾ ਕਰਕੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪਿੰਡਾਂ ਵਿੱਚ ਖੇਤੀ ਕਾਨੂੰਨ ਅਤੇ ਨਵੇਂ ਲੇਬਰ ਕੋਡ ਕਾਨੂੰਨ ਰੱਦ ਕਰਵਾਉਣ ਲਈ ਜ਼ੋਰਦਾਰ ਸੰਘਰਸ਼ ਕਰਨ ਦਾ ਵੀ ਐਲਾਨ ਕੀਤਾ ਗਿਆ।ਇਸੇ ਤਹਿਤ ਪਿੰਡ ਬੌਂਦਲੀ ਵਿੱਚ ਇੱਕਠ ਨੂੰ ਸੰਬੋਧਨ ਕਰਦਿਆ ਪੰਜਾਬ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਵਿਡ-19 ਦੇ ਡਰਾਵੇ ਹੇਠ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਅਤੇ ਤਿੰਨ ਲੇਬਰ ਕੋਡ ਬਿੱਲ ਧੱਕੇ ਨਾਲ ਪਾਸ ਕਰਵਾਏ ਹਨ। ਇਸ ਤੋਂ ਇਲਾਵਾ ਨਵਾਂ ਬਿਜਲੀ ਸੋਧ ਬਿੱਲ- 2020 ਪੇਸ਼ ਕਰ ਦਿੱਤਾ। ਇਨ੍ਹਾਂ ਸਾਰੇ ਹੀ ਲੋਕ ਮਾਰੂ ਕਾਲੇ ਕਾਨੂੰਨਾਂ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਭਜਨ ਸਿੰਘ ਸਮਰਾਲਾ ਅਤੇ ਜ਼ਿਲ੍ਹਾ ਸਕੱਤਰ ਸਾਥੀ ਬਲਵੀਰ ਸਿੰਘ ਸੁਹਾਵੀ ਨੇ ਸੰਬੋਧਨ ਕੀਤਾ।

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਦੀ ਅਗਵਾਈ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਤੋਂ ਅਧਿਆਪਕਾਂ ਦਾ ਜਥਾ ਦਿੱਲੀ ਦੇ ਕਿਸਾਨੀ ਘੋਲ ਵਿਚ ਸ਼ਾਮਲ ਹੋਏ ਲਈ ਰਵਾਨਾ ਹੋਇਆ। ਅਧਿਆਪਕ ਆਗੂ ਟਹਿਲ ਸਿੰਘ ਸਰਾਭਾ, ਸ਼ਮਸ਼ੇਰ ਸਿੰਘ ਬੁਰਜ ਲਿੱਟਾਂ ਅਤੇ ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਸੰਘਰਸ਼ ਦੀ ਡਟਵੀਂ ਹਮਾਇਤ ਕਰ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune