ਰਿਲਾਇੰਸ ਪੰਪ ਤੇ ਟੌਲ ਪਲਾਜ਼ਾ ਅੱਗੇ ਧਰਨੇ ਜਾਰੀ

January 26 2021

ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 117ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਦੀਪ ਸਿੰਘ ਲਹਿਲ ਖੁਰਦ, ਸ਼ਿਵਰਾਜ ਸਿੰਘ ਗੁਰਨੇ ਕਲਾਂ ਆਦਿ ਨੇ ਦੱਸਿਆ ਕਿ 26 ਜਨਵਰੀ ਗਣਤੰਤਰਤਾ ਦਾ ਦਿਵਸ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1947 ਮਗਰੋਂ ਪਹਿਲੀ ਵਾਰ ਦੱਬੇ-ਕੁਚਲੇ ਲੋਕਾਂ ਨੂੰ ਆਪਸੀ ਪਿਆਰ, ਇਕਜੁੱਟਤਾ ਰੂਪੀ ਝੰਡਾ ਲਹਿਰਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅਸਲ ਗਣਤੰਤਰਤਾ ਦਿਵਸ ਕਿਸਾਨਾਂ-ਮਜ਼ਦੂਰਾਂ ਤੇ ਹਰ ਵਰਗ ਨੂੰ ਮੋਦੀ-ਸ਼ਾਹ ਦੀ ਜੋੜੀ ਦੇ ਤਾਨਾਸ਼ਾਹ ਰਵੀਏ ਤੋਂ ਨਿਜ਼ਾਤ ਦਿਵਾਉਣ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਕਿਸਾਨ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਨੂੰ ਕਿਸਾਨੀ ਸੰਘਰਸ਼ ਦੀ ਪਹਿਲੀ ਜਿੱਤ ਕਰਾਰ ਦਿੱਤਾ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਸਪਾਲ ਸਿੰਘ ਪੇਧਨੀ, ਚਮਕੌਰ ਸਿੰਘ ਹਥਨ ਦੀ ਅਗਵਾਈ ’ਚ ਲੱਗਾ ਕਿਸਾਨ ਧਰਨਾ ਅੱਜ 117ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਤੇ ਅੰਬਾਨੀ ਤੇ ਅੰਡਾਨੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਇਤਿਹਾਸ ਬਦਲ ਦੇਵੇਗਾ। ਇਸ ਟਰੈਕਟਰ ਮਾਰਚ ’ਚ ਦਿੱਲੀ ਵਿੱਚ 3 ਲੱਖ ਦੇ ਕਰੀਬ ਟਰੈਕਟਰ ਹਿੱਸਾ ਲੈ ਕੇ 100 ਕਿਲੋਮੀਟਰ ਸੜਕ ਨੂੰ ਕਵਰ ਕਰਨਗੇ ਤੇ ਇਹ ਮਾਰਚ ਪੂਰਾ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇਂਦਰ ਸਰਕਾਰ ਇਸ ਟਰੈਕਟਰ ਮਾਰਚ ਨੂੰ ਰੱਦ ਕਰਵਾਉਣ ਲਈ ਸ਼ੁਰੂ ਤੋਂ ਹੀ ਹੱਥਕੰਡੇ ਵਰਤਣ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune