ਖੇਤੀ ਸੁਧਾਰ ਕਾਨੂੰਨਾਂ (Farm Laws 2020) ਖ਼ਿਲਾਫ਼ ਜਿੱਥੇ ਕਿਸਾਨਾਂ ਦੇ ਨਾਲ ਦੇਸ਼ ਭਰ ਦਾ ਹਰ ਵਰਗ ਆਵਾਜ਼ ਬੁਲੰਦ ਕਰ ਰਿਹਾ ਹੈ, ਉੱਥੇ ਹੀ ਹੁਣ ਪੰਜਾਬ ਦੇ ਸਰਕਾਰੀ ਵਿਭਾਗਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਅੰਦੋਲਨ ਵਿਚ ਕਿਸਾਨਾਂ ਦਾ ਸਾਥੀ ਬਣਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਵੀ ਨਵੇਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਇਸੇ ਤਹਿਤ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਤੇ ਪਸ਼ੂ ਪਾਲਣ ਵਿਭਾਗ ਵਲੋਂ ਕਿਸਾਨਾਂ ਦੇ ਹੱਕ ਵਿਚ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਗਏ ਜਿਸ ਵਿਚ ਮੁੱਖ ਖੇਤੀਬਾੜੀ ਅਧਿਕਾਰੀ ਤੋਂ ਲੈ ਕੇ ਹਰੇਕ ਮੁਲਾਜ਼ਮ ਨੇ ਸ਼ਮੂਲੀਅਤ ਕੀਤੀ।
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਦਾ ਸਮਰਥਨ ਦਿੰਦਿਆਂ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਤੇ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲ੍ਹਾ ਹੈੱਡ-ਕੁਆਰਟਰਾਂ ਤੇ ਖੇਤੀਬਾੜੀ ਨਾਲ ਜੁੜੇ ਵਿਭਾਗਾਂ ਦੀਆਂ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਰੋਸ ਧਰਨਾ ਦਿੰਦਿਆਂ ਅਤੇ ਕਿਸਾਨਾਂ ਦੇ ਨਾਲ ਖੜ੍ਹਦਿਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿਚ ਆਪਣਾ ਯੋਗਦਾਨ ਪਾਇਆ।
ਰੋਸ ਪ੍ਰਦਰਸ਼ਨ ਚ ਸ਼ਾਮਲ ਹੋਏ ਮੁੱਖ ਖੇਤੀਬਾੜੀ ਅਧਿਕਾਰੀ ਡਾ. ਸੁਰਜੀਤ ਵਾਲਿਆ, ਖੇਤੀਬਾੜੀ ਵਿਕਾਸ ਅਫਸਰ ਤੇ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪ੍ਰਧਾਨ ਡਾ. ਜੁਪਿੰਦਰ ਸਿੰਘ ਗਿੱਲ, ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ, ਬਾਗਬਾਨੀ ਵਿਕਾਸ ਅਧਿਕਾਰੀ ਡਾ. ਹਰਿੰਦਰ ਸਿੰਘ, ਖੇਤੀਬਾੜੀ ਅਧਿਕਾਰੀ ਤੇ ਜਨਰਲ ਸਕੱਤਰ ਖੇਤੀਬਾੜੀ ਅਫਸਰ ਐਸੋਸੀਏਸ਼ਨ ਡਾ. ਕੁਲਦੀਪਇੰਦਰ ਸਿੰਘ ਢਿੱਲੋਂ, ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਅਵਨਿੰਦਰ ਸਿੰਘ ਮਾਨ , ਬਾਗਬਾਨੀ ਵਿਕਾਸ ਅਧਿਕਾਰੀ ਡਾ. ਕੁਲਵਿੰਦਰ ਸਿੰਘ ਤੇ ਬਾਗਬਾੜੀ ਵਿਕਾਸ ਅਧਿਕਾਰੀ ਡਾ. ਦਿਲਪ੍ਰੀਤ ਸਿੰਘ ਨੇ ਕਿਹਾ ਕਿ ਖੇਤੀ ਪ੍ਰਧਾਨ ਦੇਸ਼ ਦੇ ਖੇਤੀ ਪ੍ਰਧਾਨ ਸੂਬਿਆਂ ਦੇ ਕਿਸਾਨ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਉਕਤ ਖੇਤੀਬਾੜੀ ਮਾਹਿਰਾਂ ਨੇ ਕਿਹਾ ਕਿ ਕਾਨੂੰਨ ਜਿੱਥੇ ਕਿਸਾਨਾਂ ਲਈ ਢੁਕਵੇਂ ਨਹੀਂ, ਉੱਥੇ ਹੀ ਕਿਰਸਾਨੀ ਨਾਲ ਜੁੜੇ ਵਿਭਾਗਾਂ ਜਾਂ ਹੋਰ ਅਦਾਰਿਆਂ ਲਈ ਵੀ ਮਾਰੂ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸ਼ਾਂਤਮਈ ਚੱਲ ਰਹੇ ਅੰਦੋਲਨ ਨੂੰ ਕੌਮਾਂਤਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਵੱਡਾ ਸਮਰਥਨ ਹਾਸਲ ਹੋਇਆ ਹੈ ਜਿਸ ਤਰ੍ਹਾਂ ਲੋਕ ਆਪ ਮੁਹਾਰੇ ਦਿੱਲੀ ਵੱਲ ਕੂਚ ਕਰ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਪ੍ਰਚੰਡ ਹੋਵੇਗਾ।
ਦਿੱਲੀ ਵੀ ਜਾਵਾਂਗੇ, ਕਿਸਾਨਾਂ ਦੇ ਅੰਦੋਲਨ ਚ ਯੋਗਦਾਨ ਪਾਵਾਂਗੇ
ਪਟਿਆਲਾ ਵਿਖੇ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਤੇ ਪਸ਼ੂ ਪਾਲਣ ਵਿਭਾਗ ਦੇ ਸਮੁੱਚੇ ਅਧਿਕਾਰੀ ਤੇ ਮੁਲਾਜ਼ਮ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਾਡਾ ਸਿੱਧਾ ਸਬੰਧ ਖੇਤੀ ਅਰਥਚਾਰੇ ਨਾਲ ਹੈ। ਦਿੱਲੀ ਦੀ ਸਰਹੱਦ ਤੇ ਬੈਠੇ ਇਨ੍ਹਾਂ ਸੰਘਰਸ਼ਮਈ ਕਿਸਾਨਾਂ ਦੇ ਸੰਘਰਸ਼ ਚ ਪੂਰਨ ਤੌਰ ਤੇ ਸਮਰਥਨ ਦਿੰਦੇ ਹਾਂ। ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨਾਲ ਨੇੜਲਾ ਰਿਸ਼ਤਾ ਹੋਣ ਕਰਕੇ ਉਨ੍ਹਾਂ ਦੇ ਦੁੱਖ-ਸੁੱਖ ਦੇ ਸਾਥੀ ਵੀ ਹਾਂ।ਆਉਂਦੇ ਦਿਨਾਂ ਚ ਅਸੀਂ ਕਾਫ਼ਲਿਆਂ ਦੇ ਰੂਪ ਚ ਲਗਾਤਾਰ ਜ਼ਿਲ੍ਹਾ ਵਾਰ ਬੱਸਾਂ ਲੈ ਕੇ ਦਿੱਲੀ ਜਾਵਾਂਗੇ ਅਤੇ ਕਿਸਾਨਾਂ ਦੇ ਇਸ ਅੰਦੋਲਨ ਚ ਤਨੋ ਮਨੋ-ਧਨੋ ਪੂਰਾ ਸਹਿਯੋਗ ਦਿਆਂਗੇ। ਮਾਹਿਰਾਂ ਨੇ ਕਿਹਾ ਕਿ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਮੌਜੂਦਾ ਸਮੇਂ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਅੰਨਦਾਤੇ ਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran