ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰੰਭੇ ਮੋਰਚੇ ਦੀ ਹਮਾਇਤ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਔਰਤਾਂ ਦਾ ਇੱਕ ਵਫ਼ਦ ਦਿੱਲੀ ਲਈ ਬੱਸਾਂ ਰਾਹੀਂ ਰਵਾਨਾ ਹੋਇਆ। ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਇੱਕ ਵਫ਼ਦ ਰੇਲ ਗੱਡੀ ਰਾਹੀਂ ਵੱਖਰੇ ਤੌਰ ’ਤੇ ਦਿੱਲੀ ਲਈ ਰਵਾਨਾ ਹੋਇਆ। ਸਭਾ ਦੇ ਆਗੂ ਦਰਸ਼ਨ ਪੰਧੇਰ ਨੇ ਦੱਸਿਆ ਕਿ ਸਰਕਾਰ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਉਸ ਨੂੰ ਤਾਰਪੀਡੋ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਰਤਨ ਭੋਲਾ ਤੇ ਨਰੇਸ਼ ਕੁਮਾਰ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਦਿੱਲੀ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਮਾਨਸਾ ਤੋਂ ਡੈਮੋਕਰੇਟਿਕ ਮੁਲਾਜ਼ਮ ਫਰੰਟ ਵੱਲੋਂ ਇੱਕ ਜਥਾ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਅਤੇ ਜ਼ਿਲ੍ਹਾ ਸਕੱਤਰ ਅਮੋਲਕ ਡੇਲੂਆਣਾ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਰਕਾਰ ਖਿਲਾਫ਼ ਸ਼ਹਿਰ ਅਤੇ ਪਿੰਡਾਂ ਅੰਦਰ ਅਤੇ ਦਿੱਲੀ ਬਾਰਡਰ ਤੇ ਸੰਘਰਸ਼ ਚੱਲ ਰਿਹਾ ਹੈ।
ਪਿੰਡ ਬੁਰਜ ਫਤਿਹਗੜ੍ਹ ਵਿੱਚੋਂ ਨੌਜਵਾਨਾਂ ਦਾ ਜਥਾ ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਜੱਥਾ ਆਪਣੇ ਨਾਲ ਰਾਸ਼ਨ ਵੀ ਲੈ ਕੇ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਗਿੱਲ ਅਤੇ ਕਈ ਨੌਜਵਾਨ ਹਾਜ਼ਰ ਸਨ।
ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ਜਾਰੀ
ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਇੱਥੇ ਬੀਕੇਯੂ ਏਕਤਾ ਉਗਰਾਹਾਂ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਧਰਨੇ ਜਾਰੀ ਹਨ। ਇੱਥੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ ਅਤੇ ਜਸਵਿੰਦਰ ਕੌਰ ਵੱਡਾ ਘਰ ਦੀ ਅਗਵਾਈ ਹੇਠ ਪਿੰਡਾਂ ’ਚ ਝੰਡਾ ਮਾਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਲਾਇੰਸ ਪੰਪ ਰਾਜਿਆਣਾ ਵਿੱਚ ਚੱਲ ਰਹੇ ਪੱਕੇ ਧਰਨੇ ਵਿੱਚ ਹਰ ਰੋਜ਼ ਵੱਡੀ ਗਿਣਤੀ ’ਚ ਔਰਤਾਂ ਪਹੁੰਚ ਰਹੀਆਂ ਹਨ।
ਬਰਨਾਲਾ ’ਚ ਕਾਰਪੋਰੇਟ ਘਰਾਣਿਆਂ ਦਾ ਪਿੱਟ ਸਿਆਪਾ
ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪ੍ਰਧਾਨ ਕੇਵਲ ਸਿੰਘ ਧਨੌਲਾ ਦੀ ਅਗਵਾਈ ਹੇਠ ਨੇੜੇ ਮਾਨਾਂਪਿੰਡੀ ਧਨੌਲਾ ਵਿੱਚ ਰਿਲਾਇੰਸ ਪੰਪ ’ਤੇ ਲੱਗੇ ਪੱਕੇ ਧਰਨੇ ਨਾਲ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਲੱਗਿਆ ਧਰਨਾ 73ਵੇਂ ਦਿਨ ਜਾਰੀ ਰੱਖਦਿਆਂ ਸਰਕਾਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਔਰਤਾਂ ਵੱਲੋਂ ਅੰਬਾਨੀ ਤੇ ਅੰਡਾਨੀ ਦਾ ਪਿੱਟ ਸਿਆਪਾ ਕੀਤਾ ਗਿਆ। ਰਾਮਪਾਲ ਸਿੰਘ ਢੱਡਾ, ਜਤਿੰਦਰ ਸਿੰਘ, ਸੁਖਜੀਤ ਕੌਰ ਭੈਣੀ ਜੱਸਾ ਨੇ ਦਿੱਲੀ ਧਰਨੇ ’ਤੇ ਬੈਠੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਲਈ ਹਰਿਆਣਾ ਦੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ।
ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਲਾਇਆ ਬਦਾਮਾਂ ਦਾ ਲੰਗਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਫ਼ਰੀਦਕੋਟ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਪਹੁੰਚ ਕੇ ਇਸ ਮਹਾਂ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦਾ ਸਾਥ ਦੇਣ ਲਈ ਯੂਨੀਅਨ ਸਮੇਤ ਦਿੱਲੀ ਪਹੁੰਚੇ ਹੋਏ ਹਨ। ਅਧਿਆਪਕ ਆਗੂ ਰਣਜੀਤ ਸਿੰਘ ਮੱਲਾ ਅਤੇ ਬਖਸ਼ਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਕਿਸਾਨਾਂ ਦੀ ਮੱਦਦ ਅਤੇ ਹੌਸਲਾ ਅਫ਼ਜ਼ਾਈ ਲਈ ਬਦਾਮਾਂ ਦਾ ਲੰਗਰ ਲਗਾ ਰਹੀ ਹੈ। ਅਧਿਆਪਕ ਆਗੂ ਮਨਜੀਤ ਸਿੰਘ ਟਹਿਣਾ ਅਤੇ ਮਨਜੀਤ ਸਿੰਘ ਸੰਧੂ ਨੇ ਫੋਨ ’ਤੇ ਗੱਲਬਾਤ ਕਰਦਿਆਂ ਪੰਜਾਬ ਦੇ ਸਮੂਹ ਵਰਗਾਂ ਨੂੰ ਕਿਸਾਨਾਂ ਦੀ ਇਸ ਆਰ-ਪਾਰ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਭਾਜਪਾ ਦੇ ਉਸਾਰੀ ਅਧੀਨ ਦਫ਼ਤਰ ਦਾ ਘਿਰਾਓ
ਅੱਜ ਪੰਜਾਬ ਕਿਸਾਨ ਯੂਨੀਅਨ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਬਾਬਾ ਜੀਵਨ ਸਿੰਘ ਪਾਰਕ ਵਿੱਚ ਇਕੱਠੇ ਹੋ ਕੇ ਮਾਨਸਾ ਸ਼ਹਿਰ ਵਿੱਚ ਮੁਜ਼ਾਹਰਾ ਕਰਦਿਆਂ ਭਾਜਪਾ ਦੇ ਉਸਾਰੀ ਅਧੀਨ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਦਫ਼ਤਰ ਦੀ ਚੱਲ ਰਹੀ ਉਸਾਰੀ ਨੂੰ ਘਿਰਾਓ ਕਰ ਕੇ ਰੁਕਵਾਇਆ ਗਿਆ। ਇਸ ਮੌਕੇ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁਚਾਉਣ ਲਈ ਲੋਕਾਂ ਨੂੰ ਘਰਾਂ ਵਿੱੱਚ ਬੰਦ ਕਰ ਕੇ ਮੁਲਕ ਨੂੰ ਵੇਚਿਆ ਜਾ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡਾਂ ਅੰਦਰ ਰੈਲੀਆਂ ਤੇ ਮੀਟਿੰਗਾਂ ਕਰਵਾਕੇ ਦਿੱਲੀ ਜਾਣ ਲਈ ਪਿੰਡ ਅੰਦਰ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਬਿੰਦਰ ਅਲਖ, ਗੁਰਮੀਤ ਸਿੰਘ ਨੰਦਗੜ੍ਹ , ਹੰਸਰਾਜ ਮੋਫ਼ਰ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune