ਕੇਂਦਰ ਨਾਲ ਕਿਸਾਨਾਂ ਦੀ ਅੱਠਵੀ ਦੌਰ ਦੀ ਗੱਲਬਾਤ ਦੌਰਾਨ ਅੱਜ ਮਾਲਵਾ ਖੇਤਰ ਵਿੱਚ ਲੱਗੇ ਧਰਨਿਆਂ ਦੌਰਾਨ ਜ਼ੋਰਦਾਰ ਢੰਗ ਨਾਲ ਨਾਅਰੇਬਾਜ਼ੀ ਹੁੰਦੀ ਰਹੀ। ਕਿਸਾਨ ਜਥੇਬੰਦੀਆਂ ਦਾ ਆਗੂ ਮੋਦੀ ਸਰਕਾਰ ਨੂੰ ਆਪਣੀਆਂ ਤਕਰੀਰਾਂ ਦੌਰਾਨ ਕੋਸ ਦੇ ਰਹੇ। ਮਾਨਸਾ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਪਾਰਕ ਧਰਨੇ ਦਾ ਪੂਰਾ 100ਵੇ ਦਿਨ ਜਾਰੀ ਰਿਹਾ, ਜਿਸ ਦੌਰਾਨ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸਾਨਾਂ ਦੀ ਕਿਸੇ ਵੀ ਤਜਵੀਦ ਦੇ ਗੌਰ ਕਰਨ ਵਰਗੇ ਦਿੱਤੇ ਬਿਆਨ ਦੀ ਜੋਰਦਾਰ ਨਿੰਦਾ ਕੀਤੀ ਗਈ।
ਅੱਜ ਦੇ ਮੋਰਚੇ ਵਿੱਚ ਕਿਸਾਨ ਆਗੂ ਬੀਕੇਯੂ ਡਕੌਦਾ ਬਲਵਿੰਦਰ ਸ਼ਰਮਾ ਖਿਆਲਾਂ ਤੇ ਬੀਕੇਯੂ ਮਾਨਸਾ ਦੇ ਤੇਜ਼ ਚਕੇਰੀਆਂ ਨੇ ਕਿਹਾ ਕਿ ਜੇ ਅੱਜ ਦੀ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ’ਚ ਹਾਂ ਪੱਖੀ ਹੁੰਗਾਰਾ ਨਾ ਮਿਲਿਆ ਤਾਂ 13 ਜਨਵਰੀ ਖੇਤੀ ਲੋਕ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪਿੰਡਾਂ ਸ਼ਹਿਰਾ ਵਿੱਚ ਲੋਹੜੀ ਮਨਾਈ ਜਾਵੇਗੀ ਤੇ ਕੇਂਦਰ ਵਿਰੁੱਧ ਘੋੜੀਆਂ ਗਾ ਕੇ ਕਾਰਪੋਰੇਟ ਘਰਾਣਿਆਂ ਦੀ ਦਲਾਲ ਮੋਦੀ ਸਰਕਾਰ ਖ਼ਿਲਾਫ਼ ਘੋਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪਹੁੰਚਾਈ ਜਾਵੇ ਕਿ ਜਮਹੂਰੀਅਤ ਪਸੰਦ ਹੋਣ ਵਾਲੇ ਭਾਰਤ ਦੇਸ਼ ਦੇ ਵਾਸੀ ਮਜ਼ਬੂਰ ਹੋ ਕੇ ਦੇਸ ਦੇ ਪਿੰਡਾਂ ਸ਼ਹਿਰਾਂ ਤੇ ਰਾਜਧਾਨੀ ਦਿੱਲੀ ’ਚ ਰੋਸ ਵਿਖਾਵੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਇਆ ਜਾਵੇ।
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਪੱਕੇ ਮੋਰਚੇ 100 ਦਿਨ ਨੂੰ ਟੱਪ ਚੁੱਕੇ ਹਨ ਪਰ ਕਿਸਾਨਾਂ ਦਾ ਜੋਸ਼ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ। ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 101ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ, ਸਕੱਤਰ ਮਾਨ ਸਿੰਘ ਗੁਰਮ, ਕੁਲਦੀਪ ਸਿੰਘ ਚੁਹਾਣਕੇ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਟੋਲ ਪਲਾਜ਼ਾ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ 101ਵੇਂ ਦਿਨ ਵਿੱਚ ਜਾਰੀ ਰਿਹਾ ਹੈ। ਅੱਜ ਵੀ ਟੌਲ ਪਲਾਜ਼ਾ ਅੱਗੇ 11 ਕਿਸਾਨ ਭੁੱਖ ਹੜਤਾਲ ’ਤੇ ਬੈਠੇ।
ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਲਗਾਏ ਧਰਨੇ ਦੌਰਾਨ ਕਿਸਾਨਾਂ ਦੇ ਹੌਸਲੇ ਬੁਲੰਦ ਹਨ, ਸਾਂਝੇ ਮੋਰਚੇ ਦੀ ਅਗਵਾਈ ’ਚ ਲਗਾਏ ਇਸ ਧਰਨੇ ’ਚ ਕਿਸਾਨਾਂ ਦੁਆਰਾ ਦਿੱਤਾ ਧਰਨਾ ਤੇ ਭੁੱਖ ਹੜਤਾਲ ਜਾਰੀ ਹੈ। ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਸਵਰਨ ਸਿੰਘ ਭਾਈਰੂਪਾ ਦੇ ਸਟੇਜ ਸੰਚਾਲਨ ਹੇਠ ਭੁੱਖ ਹੜਤਾਲ ਕਰਨ ਵਾਲਿਆਂ ’ਚ ਪਿੰਡ ਰਾਮਪੁਰਾ ਦੇ ਨਛੱਤਰ ਸਿੰਘ, ਸੋਹਨ ਸਿੰਘ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ, ਜਵਾਲਾ ਸਿੰਘ , ਭੂਰਾ ਸਿੰਘ, ਮੇਵਾ ਸਿੰਘ ਗਿੱਲ ਕਲਾਂ, ਮਿੱਠੂ ਸਿੰਘ ਫੂਲ ਤੋ ਇਲਾਵਾ ਬਲਦੇਵ ਸਿੰਘ ਮੰਡੀ ਕਲਾਂ ਸ਼ਾਮਲ ਹੋਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ, ਬਲਦੇਵ ਸਿੰਘ ਮੰਡੀ ਕਲਾਂ, ਸੁਖਜਿੰਦਰ ਸਿੰਘ ਰਾਮੁਪਰਾ, ਮੱਖਣ ਸਿੰਘ ਸੇਲਬਰਾਹ ਨੇ ਕਿਹਾ ਕਿ ਬੀਤੇ ਕੱਲ੍ਹ ਦਿੱਲੀ ਅੰੰਦਰ ਲੱਖਾਂ ਕਿਸਾਨਾਂ ਨੇ ਟਰੈਕਟਰ ਮਾਰਚ ਦੀ ਰਿਹਰਸਲ ਪ੍ਰੇਡ ਰਾਹੀਂ ਦਰਸਾ ਦਿੱਤਾ ਹੈ ਕਿ ਕਿਸਾਨ ਭਾਈਚਾਰਾ, ਸਰਕਾਰ ਦੀਆਂ ਹਰ ਕੋਸ਼ਿਸ਼ਾਂ ਦੇ ਬਾਵਜੂਦ, ਠੰਢ ਅੰਦਰ ਵੀ ਗਰਮਜੋਸ਼ੀ ਨਾਲ ਭਰਪੁੂਰ ਹੈ।
ਦਿੱਲੀ ਮੋਰਚੇ ਦੀ ਸਫ਼ਲਤਾ ਤੱਕ ਜੀਓ ਦਾ ਟਾਵਰ ਬੰਦ ਰੱਖਣ ਦਾ ਐਲਾਨ
ਪਿੰਡ ਬਾਠ ਵਿੱਚ ਜੀਓ ਕੰਪਨੀ ਦੇ ਲੱਗੇ ਟਾਵਰ ਅੱਗੇ ਪਿੰਡ ਵਾਸੀਆਂ, ਪੰਚਾਇਤ ਅਤੇ ਕਿਸਾਨਾਂ ਨੇ ਧਰਨਾ ਲਾ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੀ ਸਫ਼ਲਤਾ ਤੱਕ ਇਸ ਜੀਓ ਟਾਵਰ ਦੀ ਸਪਲਾਈ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਕਰਨ ਜਾਂ ਟਾਵਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੰਤਵ ਨਹੀਂ ਬਲਕਿ ਸ਼ਾਂਤਮਈ ਢੰਗ ਨਾਲ ਸਪਲਾਈ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਮੌਕੇ ਸਮਸੇਰ ਸਿੰਘ, ਸੁਰਜੀਤ ਸਿੰਘ, ਠਾਣਾ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਸਰਪੰਚ, ਕੁਲਵੀਰ ਸਿੰਘ, ਮਿੱਠੂ ਸਿੰਘ ਹਾਜ਼ਰ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune