ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਚੱਲ ਰਹੇ 30 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਿਸਾਨ ਲਹਿਰ ਵਿੱਚ ਸ਼ਹੀਦੀਆਂ ਪਾ ਗਏ ਕਿਸਾਨਾਂ ਦੀ ਯਾਦ ਹਮੇਸ਼ਾ ਕਿਸਾਨ ਦਿਲਾਂ ਵਿੱਚ ਤਾਜ਼ੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਖੇਤੀ ਤੇ ਜ਼ਮੀਨਾਂ ਤੋਂ ਵਾਂਝੇ ਕਰਨ ਲਈ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜਿੰਨ੍ਹੀਆਂ ਵੀ ਹੋਰ ਸ਼ਹੀਦੀਆਂ ਦੇਣੀਆਂ ਪਈਆਂ ਕਿਸਾਨ ਸ਼ਹੀਦੀਆਂ ਦੇਣ ਤੋਂ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਾਵਾਂ ਦੇ ਜਿਗਰੇ ਵੀ ਪਹਾੜਾਂ ਜਿੱਡੇ-ਜਿੱਡੇ ਹਨ। ਜਿਨ੍ਹਾਂ ਨੇ ਆਪਣੇ ਕਿਸਾਨ ਪੁੱਤਰਾਂ ਨੂੰ ਦਿੱਲੀ ਦੇ ਬਾਡਰਾਂ ਤੇ ਬੈਠਣ ਲਈ ਲਾਡਲਾ ਆਸ਼ੀਰਵਾਦ ਦੇ ਕੇ ਭੇਜਿਆ ਹੈ। ਜਿਨ੍ਹਾਂ ਦੇ ਪੁੱਤ ਕਿਸੇ ਵੀ ਕੀਮਤ ’ਤੇ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨ ਆਗੂ ਸੁਖਦੇਵ ਸਿੰਘ ਬੋੜਾਵਾਲ, ਗੁਰਦੀਪ ਸਿੰਘ ਗੁਰਨੇ ਖੁਰਦ, ਗੁਲਜ਼ਾਰਾ ਸਿੰਘ, ਰਘਵੀਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਨਹੀਂ ਕੀਤਾ ਤੇ ਨਾ ਹੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਹੈ।
ਹਰ ਪਿੰਡ ਵਾਸੀ ਲਈ ਦਿੱਲੀ ਜਾਣਾ ਜ਼ਰੂਰੀ ਕੀਤਾ
ਪਿੰਡ ਭੁੱਚੋ ਕਲਾਂ ਵਿੱਚ ਪੰਚਾਇਤ ਵੱਲੋਂ ਅੱਜ ਇਕੱਠ ਕਰਕੇ ਹਰ ਪਿੰਡ ਵਾਸੀ ਦਾ ਦਿੱਲੀ ਮੋਰਚੇ ਵਿੱਚ ਲਾਜ਼ਮੀ ਜਾਣ ਦਾ ਫੈਸਲਾ ਲਿਆ। ਇਸ ਮੌਕੇ ਕਿਸਾਨ ਆਗੂ ਤੇਜਾ ਸਿੰਘ ਤੇ ਭੋਲਾ ਸਿੰਘ, ਪੰਚ ਹਰਭਜਨ ਸਿੰਘ, ਪੰਚ ਪੱਪਾ ਸਿੰਘ, ਕਰਮਜੀਤ ਢਿੱਲੋਂ, ਜੱਗਾ ਸਿੰਘ, ਵੀਰ ਸਿੰਘ ਅਤੇ ਸੱਤੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਲਖ਼ ਰਵੱਈਏ ਕਾਰਨ ਦਿੱਲੀ ਮੋਰਚੇ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਕਰਕੇ ਪਿੰਡ ਦੇ ਅੱਠ ਵਿਅਕਤੀਆਂ ਦਾ ਜੱਥਾ ਘੱਟੋ ਘੱਟ ਸੱਤ ਦਿਨ ਲਈ ਜਾਵੇ ਤੇ ਜਾਣ ਤੋਂ ਪਹਿਲਾਂ ਵਾਰਡ ਦੇ ਪੰਚ ਤੇ ਕਿਸਾਨ ਆਗੂ ਨੂੰ ਆਪਣੇ ਖੇਤੀ ਕੰਮਾਂ ਬਾਰੇ ਜ਼ਰੂਰ ਦੱਸ ਕੇ ਜਾਣ, ਤਾਂ ਜੋ ਪੰਚਾਇਤ ਤੇ ਕਿਸਾਨ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹ ਸਕਣ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune