ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਜਾਰੀ

December 29 2020

ਵੇਰਕਾ ਦੇ ਲੋਕਾਂ ਨੇ ਸਿਆਸੀ ਮੰਚ ਤੋਂ ਉੱਪਰ ਉਠ ਕੇ ਖੇਤੀ ਕਾਨੂੰਨਾਂ ਖਿ਼ਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਹ ਭੁੱਖ ਹੜਤਾਲ 28 ਦਸੰਬਰ ਤੋਂ 3 ਜਨਵਰੀ ਤਕ ਚੱਲੇਗੀ। ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪਿਛਲੇ ਇਕ ਮਹੀਨੇ ਤੋਂ ਦਿੱਤੇ ਜਾ ਰਹੇ ਧਰਨੇ ਵਿਚ ਆਪਣਾ ਯੋਗਦਾਨ ਪਾਉਣ ਦੇ ਮੰਤਵ ਨਾਲ ਵੇਰਕਾ ਵਾਸੀਆਂ ਵਲੋਂ ਅੱਜ ਇੱਥੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।ਜਿਸ ਵਿਚ ਕਸਬੇ ਦੇ ਕਿਸਾਨ, ਮਜਦੂਰ, ਮੁਲਾਜ਼ਮ ਤੇ ਵਪਾਰੀ ਆਦਿ ਸਾਰੇ ਹੀ ਸਿਆਸਤ ਤੋਂ ਉਪਰ ਉੱਠ ਕੇ ਸ਼ਾਮਲ ਹੋਏ ਹਨ। ਭੁੱਖ ਹੜਤਾਲ ਦੌਰਾਨ ਰੋਜ਼ਾਨਾ ਪੰਜ ਮੈਂਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਭੁੱਖ ਹੜਤਾਲ ’ਤੇ ਬੈਠਣਗੇ। ਅੱਜ ਪਹਿਲੇ ਦਿਨ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿਚ ਪ੍ਰੋ. ਬਲਦੇਵ ਸਿੰਘ, ਪ੍ਰੋ. ਸਰਦਾਰਾ ਸਿੰਘ, ਪਰਮਿੰਦਰ ਸਿੰਘ, ਧਰਮਬੀਰ ਸਿੰਘ ਅਤੇ ਬੀਬੀ ਵਜਿੰਦਰ ਕੌਰ ਸ਼ਾਮਲ ਸਨ।

ਟੌਲ ਪਲਾਜ਼ਾ ਬੱਛੂਆਂ ਤੇ ਮਜਾਰੀ ਵਿੱਚ ਲੜੀਵਾਰ ਭੁੱਖ ਹੜਤਾਲ ਅੱਜ 6ਵੇਂ ਦਿਨ ਵੀ ਜਾਰੀ ਰਹੀ। ਟੌਲ ਪਲਾਜ਼ਾ ’ਤੇ ਚੱਲ ਰਹੇ ਅੰਦੋਲਨ ਦੇ 74ਵੇਂ ਦਿਨ ਵਿੱਚ ਦਾਖ਼ਲ ਹੋਣ ਉਪਰੰਤ ਵੀ ਲੋਕਾਂ ਦਾ ਜੋਸ਼ ਬਰਕਰਾਰ ਹੈ। ਅੱਜ ਸਵੇਰੇ ਪੰਜ ਸੰਘਰਸ਼ੀ ਯੋਧੇ ਪਿਆਰਾ ਸਿੰਘ ਛਦੌੜੀ, ਸੁੱਚਾ ਸਿੰਘ ਗੁੱਲਪੁਰ, ਗੁਰਭਜਨ ਸਿੰਘ ਦਿਆਲਾ, ਹਰਪ੍ਰੀਤ ਸਿੰਘ ਅਟਾਲ ਮਜਾਰਾ, ਰਵਿੰਦਰ ਸਿੰਘ ਐਮਾਂ ਭੁੱਖ ਹੜਤਾਲ ’ਤੇ ਬੈਠੇ ਅਤੇ ਉਨ੍ਹਾਂ ਕੋਲੀਆਂ ਤੇ ਥਾਲ਼ ਖੜਕਾ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸੰਘਰਸ਼ਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਜੈ ਰਾਮ ਕਲੋਨੀ ਦੇ ਵਸਨੀਕਾਂ ਵੱਲੋਂ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਦੀ ਅਗਵਾਈ ਹੇਠ ਥਾਲ. ਖੜਕਾ ਕੇ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਮਹਾਜਨ ਨੇ ਕਿਹਾ ਕਿ ਪੰਜਾਬ ਦਾ ਇਕ-ਇਕ ਵੈਟਰਨਰੀ ਇੰਸਪੈਕਟਰ ਕਿਸਾਨਾਂ ਦੇ ਨਾਲ ਹੈ।

ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਮਾਨਸਰ ਟੌਲ ਪਲਾਜ਼ਾ ’ਤੇ ਲਗਾਇਆ ਧਰਨਾ ਅੱਜ 79ਵੇਂ ਦਿਨ ਵੀ ਜਾਰੀ ਰਿਹਾ। ਆਸ਼ਾ ਵਰਕਰਜ਼ ਯੂਨੀਅਨ ਦੀਆਂ 11 ਬੀਬੀਆਂ ਭੁੱਖ ਹੜਤਾਲ ’ਤੇ ਬੈਠੀਆਂ ਅਤੇ ਭਾਈ ਹਰਪਾਲ ਸਿੰਘ ਬਟਾਲਾ ਦੇ ਕਵੀਸ਼ਰੀ ਜਥੇ ਨੇ ਵਾਰਾਂ ਸੁਣਾ ਕੇ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਚੇਤੇ ਕਰਵਾਇਆ।

ਕਿਰਤੀ ਕਿਸਾਨ ਯੂਨੀਅਨ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦੇ ਪ੍ਰੋਗਰਾਮ ਦੇ ਵਿਰੋਧ ਵਿਚ ਦਿੱਤੇ ਗਏ ਥਾਲੀਆਂ ਖੜਕਾਉਣ ਦੇ ਸੱਦੇ ’ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਦਰਜਨਾਂ ਥਾਵਾਂ ਉੱਤੇ ਥਾਲੀਆਂ ਖੜਕਾਈਆਂ ਗਈਆਂ। ਯੂਨੀਅਨ ਦੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪਹੁੰਚੀਆਂ ਖਬਰਾਂ ਅਨੁਸਾਰ ਕਿਸਾਨਾਂ ਅਤੇ ਹੋਰ ਸਹਾਇਕ ਜਥੇਬੰਦੀਆਂ ਦੀ ਅਗਵਾਈ ਵਿਚ ਥਾਲੀਆਂ ਖੜਕਾ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune