ਜਾਮ ਨਗਰ (ਗੁਜਰਾਤ) ਤੋਂ ਕੱਟੜਾ (ਜੰਮੂ) ਤੱਕ ਤਜਵੀਜ਼ਤ ਨੈਸ਼ਨਲ ਹਾਈਵੇਅ-754 ਲਈ ਜ਼ਮੀਨਾਂ ਐਕੁਆਇਰ ਕਰਨ ਦੇ ਰੋਸ ਵਜੋਂ ਅੱਜ ਜ਼ਿਲੇ ਦੇ ਕਿਸਾਨਾਂ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ।
ਇਸ ਸਬੰਧ ’ਚ ਬਣੀ ‘ਜ਼ਮੀਨ ਬਚਾਓ-ਸੜਕ ਰੋਕੋ ਸੰਘਰਸ਼ ਕਮੇਟੀ’ ਦੇ ਆਗੂਆਂ ਗੁਰਤੇਜ ਮਹਿਰਾਜ ਅਤੇ ਜਗਜੀਤ ਸਿੰਘ ਦੁੱਨੇਵਾਲਾ ਨੇ ਕਿਹਾ ਕਿ ਪੰਦਰਾਂ ਫੁੱਟ ਉੱਚੀ ਤੇ ਛੇ ਲੇਨ ਬਣਨ ਵਾਲੀ ਇਸ ਸੜਕ ਲਈ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ।
ਉਨ੍ਹਾਂ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸੜਕ ਕਾਰਪੋਰੇਟਾਂ ਦੀਆਂ ਸਹੂਲਤਾਂ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਕਿਸਾਨਾਂ ਦੇ ਖੇਤ ਟੋਟਿਆਂ ਵਿੱਚ ਤਕਸੀਮ ਹੋ ਜਾਣਗੇ ਅਤੇ ਲੜਾਈਆਂ-ਝਗੜਿਆਂ ਦਾ ਮੁੱਢ ਬੱਝੇਗਾ। ਉਨ੍ਹਾਂ ਜ਼ਮੀਨ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਮੰਗ-ਪੱਤਰ ਵੀ ਦਿੱਤਾ। ਆਗੂਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਬਰੀ ਜ਼ਮੀਨ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਦਾ ਘੇਰਾ ਵਿਆਪਕ ਕੀਤਾ ਜਾਵੇਗਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune