ਕਿਸਾਨਾਂ ਵੱਲੋਂ ਸ਼ਾਹਜਹਾਂਪੁਰ ’ਚ ਜੈਪੁਰ-ਦਿੱਲੀ ਹਾਈਵੇਅ ਜਾਮ

December 14 2020

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੇ ਕੌਮੀ ਰਾਜਧਾਨੀ ਨੂੰ ਕਈ ਪਾਸਿਓਂ ਤੋਂ ਘੇਰੀ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿੱਚ ਅੱਜ ਅਲਵਰ ਜ਼ਿਲ੍ਹੇ ਦੇ ਸ਼ਾਹਜਹਾਂਪੁਰ ਵਿੱਚ ਜੈਪੁਰ-ਦਿੱਲੀ ਕੌਮੀ ਸ਼ਾਹਰਾਹ ਨੂੰ ਬੰਦ ਕੀਤਾ। ਐਲਾਨੇ ਪ੍ਰੋਗਰਾਮ ਮੁਤਾਬਕ ਹਰਿਆਣਾ-ਰਾਜਸਥਾਨ ਦੀ ਹੱਦ ’ਤੇ ਪੈਂਦੇ ਸ਼ਾਹਜਹਾਂਪੁਰ (ਅਲਵਰ) ਤੋਂ ਹਾਈਵੇਅ ਜਾਮ ਕਰਨ ਲਈ ਕਿਸਾਨ ਚੱਲੇ, ਪਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਕਿਸਾਨਾਂ ਨੇ ਉਥੇ ਹੀ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਸਮਾਜਿਕ ਕਾਰਕੁਨ ਅਰੁਣਾ ਰੌਏ, ਮੇਧਾ ਪਟਕਰ ਤੇ ਸੀਪੀਐੱਮ ਆਗੂ ਅਮਰਾ ਰਾਮ ਵੀ ਕਿਸਾਨਾਂ ਨਾਲ ਸ਼ਾਹਜਹਾਂਪੁਰ ਪੁੱਜ ਗਏ, ਪਰ ਪੁਲੀਸ ਨੇ ਉਨ੍ਹਾਂ ਨੂੰ ਵੀ ਅੱਗੇ ਜਾਣ ਤੋਂ ਡੱਕ ਦਿੱਤਾ। ਯੋਗੇਂਦਰ ਯਾਦਵ ਨੇ ਸੜਕ ਜਾਮ ਕੀਤੇ ਜਾਣ ਕਰਕੇ ਲੋਕਾਂ ਨੂੰ ਹੋਈ ਖੱਜਲ ਖੁਆਰੀ ਲਈ ਮੁਆਫ਼ੀ ਮੰਗਦਿਆਂ ਕਿਹਾ, ‘ਅਸੀਂ ਸਿੰਘੂ ਹੱਦ ’ਤੇ ਬੈਠੇ ਕਿਸਾਨਾਂ ਦੀ ਹਮਾਇਤ ’ਚ ਸੜਕਾਂ ’ਤੇ ਧਰਨੇ ਮਾਰ ਰਹੇ ਹਾਂ। ਜੇ ਸਾਨੂੰ ਦਿੱਲੀ ਵੱਲ ਮਾਰਚ ਕਰਨ ਦੀ ਖੁੱਲ੍ਹ ਦੇਣ ਤਾਂ ਅਸੀਂ ਸੜਕ ਤੋਂ ਧਰਨਾ ਚੁੱਕਣ ਲਈ ਤਿਆਰ ਹਾਂ।’ ਉਂਜ ਬਾਅਦ ਦੁਪਹਿਰ ਜੈਪੁਰ-ਦਿੱਲੀ ਮਾਰਗ ਦਾ ਇਕ ਹਿੱਸਾ ਕਿਤੋਂ-ਕਿਤੋਂ ਖੋਲ੍ਹ ਦਿੱਤਾ ਗਿਆ।

ਕਿਸਾਨ ਪੰਚਾਇਤ ਦੇ ਪ੍ਰਧਾਨ ਰਾਮਪਾਲ ਚੌਧਰੀ, ਜਿਨ੍ਹਾਂ ਹੋਰਨਾਂ ਕਿਸਾਨਾਂ ਨਾਲ ਮਿਲ ਕੇ ਸ਼ਨਿਚਰਵਾਰ ਨੂੰ ਹਰਿਆਣਾ-ਰਾਜਸਥਾਨ ਉੱਤੇ ਧਰਨਾ ਲਾ ਦਿੱਤਾ ਸੀ, ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨ ਇਕੱਠੇ ਹੋਏ ਹਨ। ਚੌਧਰੀ ਨੇ ਕਿਹਾ, ‘ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਕਿਸਾਨ ਸ਼ਾਹਜਹਾਂਪੁਰ ਹੱਦ ’ਤੇ ਪੁੱਜ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਅਸੀਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਾਂ।’ ਸੀਪੀਐੱਮ ਆਗੂ ਅਮਰਾ ਰਾਮ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰੇ।

ਜੈਪੁਰ-ਦਿੱਲੀ ਕੌਮੀ ਸ਼ਾਹਰਾਹ ’ਤੇ ਲੱਗੇ ਜਾਮ ਕਰਕੇ ਵਾਹਨਾਂ ਨੂੰ ਬਾਨਸੁਰ ਤੇ ਅਲਵਰ ਦੇ ਹੋਰਨਾਂ ਰੂਟਾਂ ਥਾਈਂ ਲੰਘਾਇਆ ਗਿਆ। ਪੁਲੀਸ ਨੇ ਹਾਲਾਂਕਿ ਦਿੱਲੀ ਤੋਂ ਜੈਪੁਰ ਲਈ ਇਕਪਾਸੜ ਟਰੈਫਿਕ ਨੂੰ ਖੋਲ੍ਹ ਦਿੱਤਾ, ਪਰ ਜੈਪੁਰ-ਦਿੱਲੀ ਸ਼ਾਹਰਾਹ ਜਾਮ ਕਰਕੇ ਬੰਦ ਰਿਹਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune